ਪੂਰੇ ਪੰਜਾਬ ‘ਚ ਹੜਤਾਲੀ ਸਰਕਾਰੀ ਡਾਕਟਰਾਂ ਨੇ ਸਿਵਲ ਸਰਜਨ ਦਫਤਰਾਂ ‘ਤੇ ਜੜੇ ਤਾਲੇ, ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ

0
5277

ਜਲੰਧਰ | ਸੂਬੇ ਭਰ ‘ਚ ਸਰਕਾਰੀ ਡਾਕਟਰਾਂ ਵੱਲੋਂ 6ਵੇਂ ਪੇ ਕਮਿਸ਼ਨ ਰਾਹੀਂ NPA ਸਬੰਧੀ ਦਿੱਤੀਆਂ ਗਈਆਂ ਸਿਫਾਰਸ਼ਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਈ ਦਿਨਾਂ ਤੋਂ ਹੜਤਾਲ ਜਾਰੀ ਹੈ। ਇਸੇ ਵਿਰੋਧ ਨੂੰ ਲੈ ਕੇ ਅੱਜ ਸਰਕਾਰੀ ਡਾਕਟਰਾਂ ਨੇ ਆਉਣ ਵਾਲੇ 3 ਦਿਨਾਂ ਲਈ ਸਿਵਲ ਸਰਜਨ ਦਫਤਰ ਜਲੰਧਰ ‘ਤੇ ਤਾਲਾ ਜੜ ਦਿੱਤਾ ਤੇ ਕੰਮ ਠੱਪ ਕਰ ਦਿੱਤਾ।

ਇਸ ਦੇ ਨਾਲ ਹੀ ਡਾਕਟਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਹੈਲਥ ਵਿਭਾਗ ਦੇ ਸੂਬਾ ਡਿਪਟੀ ਡਾਇਰੈਕਟਰ ਦਫਤਰ ਦੀ ਤਾਲਾਬੰਦੀ ਕਰ ਦਿੱਤੀ ਜਾਏਗੀ।

ਹੁਸ਼ਿਆਰਪੁਰ (ਅਮਰੀਕ ਕੁਮਾਰ) | ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਸਿਵਲ ਸਰਜਨ ਦਫਤਰ ‘ਚ ਸਥਿਤੀ ਉਸ ਸਮੇਂ ਅਜੀਬੋ-ਗਰੀਬ ਬਣ ਗਈ, ਜਦੋਂ ਡਾਕਟਰਾਂ ਨੇ ਸਿਵਲ ਸਰਜਨ ਦੇ ਦਫਤਰ ਨੂੰ ਜਿੰਦਾ ਲਾ ਕੇ ਕੰਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ।

ਇੰਨਾ ਹੀ ਨਹੀਂ, ਡਾਕਟਰਾਂ ਨੇ ਐਲਾਨ ਕੀਤਾ ਕਿ ਉਹ ਸਿਵਲ ਸਰਜਨ ਦੇ ਦਫਤਰ ਨੂੰ 3 ਦਿਨਾਂ ਤੱਕ ਇਸੇ ਤਰ੍ਹਾਂ ਹੀ ਬੰਦ ਰੱਖਣਗੇ। ਡਾਕਟਰਾਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਜਦੋਂ ਪੱਤਰਕਾਰਾਂ ਵੱਲੋਂ ਡਾਕਟਰਾਂ ਨੂੰ ਸਿਵਲ ਸਰਜਨ ਦੇ ਦਫਤਰ ਨੂੰ ਜਿੰਦਾ ਲਾਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 45 ਦਿਨਾਂ ਤੋਂ ਸੰਘਰਸ਼ ਕਰ ਰਹੇ ਹਾਂ ਪਰ ਇਸ ਸਭ ਦੇ ਬਾਜਵੂਦ ਸਰਕਾਰ ਵੱਲੋਂ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਿਵਲ ਸਰਜਨ ਦਫਤਰ ‘ਚ 3 ਦਿਨਾਂ ਤੱਕ ਕੋਈ ਵੀ ਕਾਗਜ਼ੀ ਕਾਰਵਾਈ ਨਹੀਂ ਕਰਨ ਦਿੱਤੀ ਜਾਏਗੀ ਤੇ ਨਾ ਹੀ ਕਿਸੇ ਵੀ ਐੱਸਐੱਮ ਵੱਲੋਂ ਕੋਈ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਾ ਤਾ ਕਿਸੇ ਦਾ ਮੈਡੀਕਲ ਹੋਵੇਗਾ ਤੇ ਨਾ ਹੀ ਡੋਪ ਟੈਸਟ ਕੀਤੇ ਜਾਣਗੇ, ਸਿਰਫ ਐਮਰਜੈਂਸੀ ਸੇਵਾਵਾਂ ਨੂੰ ਹੀ ਬਹਾਲ ਰੱਖਿਆ ਜਾਵੇਗਾ।

ਡਾਕਟਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ 3 ਦਿਨਾਂ ਦੌਰਾਨ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਵੀਰਵਾਰ ਨੂੰ ਡਾਇਰੈਕਟੋਰੇਟ ਦਫਤਰ ਨੂੰ ਪੂਰਨ ਤੌਰ ‘ਤੇ ਬੰਦ ਕਰ ਦਿੱਤਾ ਜਾਵੇਗਾ।

ਡਾਕਟਰਾਂ ਨੇ ਐਮਰਜੈਂਸੀ ਛੱਡ ਬਾਕੀ ਸੇਵਾਵਾਂ ਕੀਤੀਆਂ ਬੰਦ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਸਥਾਨਕ ਸਿਵਲ ਸਰਜਨ ਦਫਤਰ ਵਿਖੇ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਕਾਮਿਆਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਪੰਜਾਬ ਸਰਕਾਰ ਵਿਰੁੱਧ ਸਰਕਾਰੀ ਡਾਕਟਰਾਂ ਨੇ ਫਿਰ ਤੋਂ ਹੜਤਾਲ ਕਰਦਿਆਂ ਇਕੱਲੀਆਂ ਐਮਰਜੈਂਸੀ ਸੇਵਾਵਾਂ ਤੋਂ ਬਿਨਾਂ ਸਭ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਛੇਵੇਂ ਤਨਖਾਹ ਕਮਿਸ਼ਨ ‘ਚ ਐੱਨਪੀਏ ‘ਤੇ ਲਾਏ ਕੱਟ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਡਾਕਟਰ ਲਗਾਤਾਰ ਸੰਘਰਸ਼ ਕਰ ਰਹੇ ਹਨ।

ਅੱਜ ਸਿਵਲ ਸਰਜਨ ਦਫਤਰ ਵਿਖੇ ਸਰਕਾਰੀ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀਆਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਿਵਲ ਸਰਜਨ ਦਫਤਰ ਵਿਖੇ ਕਮਰਿਆਂ ਨੂੰ ਜਿੰਦਰੇ ਲਾ ਕੇ ਬਾਹਰ ਦਰੀ ਵਿਛਾ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)