ਜਲੰਧਰ, 11 ਅਕਤੂਬਰ | ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮੀਟਿੰਗ ਦੌਰਾਨ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਸੁਚਾਰੂ ਢੰਗ ਨਾਲ ਤੁਰੰਤ ਖਰੀਦ ਅਤੇ ਨਾਲੋ-ਨਾਲ ਲਿਫਟਿੰਗ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਝੋਨੇ ਦਾ ਇੱਕ ਇੱਕ ਦਾਣਾ ਖਰੀਦਣ ਲਈ ਪੰਜਾਬ ਸਰਕਾਰ ਵਚਨਬੱਧ ਹੈ, ਇਸ ਲਈ ਜਿੱਥੇ ਕਿਸਾਨਾਂ ਸਮੇਤ ਮਜ਼ਦੂਰਾਂ ਲਈ ਸਹੂਲਤਾਂ ਪੱਖੋਂ ਸਾਰੇ ਪ੍ਰਬੰਧਾਂ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ, ਉਥੇ ਖਰੀਦ ਅਤੇ ਲਿਫਟਿੰਗ ਵਿੱਚ ਢਿੱਲਮੱਠ ਦੀ ਨੀਤੀ ਸਹਿਣ ਨਹੀਂ ਕੀਤੀ ਜਾਵੇਗੀ।
ਡਾ. ਅਗਰਵਾਲ ਨੇ ਕਿਹਾ ਕਿ ਸਬ ਡਵੀਜ਼ਨ ਪੱਧਰ ਉਤੇ ਸਮੂਹ ਐਸ.ਡੀ.ਐਮਜ਼ ਵਲੋਂ ਵੀ ਕਿਸਾਨਾਂ, ਆੜ੍ਹਤੀਆਂ ਅਤੇ ਮਿੱਲਰਜ਼ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਤਾਂ ਕਿ ਸਾਰੀਆਂ ਧਿਰਾਂ ਦੇ ਮਸਲੇ ਸੁਣੇ ਜਾ ਸਕਣ। ਉਨ੍ਹਾਂ ਕਿਹਾ ਇਹਨਾਂ ਧਿਰਾਂ ਦੇ ਮਸਲੇ ਪੰਜਾਬ ਸਰਕਾਰ ਤੱਕ ਪਹੁੰਚਾ ਦਿੱਤੇ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਸਾਰੇ ਮਸਲੇ ਹੱਲ ਹੋ ਜਾਣਗੇ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਫੀਲਡ ਵਿੱਚ ਜਾ ਕੇ ਖ਼ੁਦ ਚੈਕਿੰਗ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਖਰੀਦੇ ਝੋਨੇ ਦੀ ਅਦਾਇਗੀ ਵੀ ਨਾਲੋ-ਨਾਲ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਗੱਲੋਂ ਵਚਨਬੱਧ ਹੈ ਕਿ ਕਿਸੇ ਵੀ ਕਿਸਾਨ ਨੂੰ ਆਪਣੀ ਜਿਣਸ ਵੇਚਣ ਲਈ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਆਦੇਸ਼ ਦਿੱਤੇ ਕਿ ਸਾਰੀਆਂ ਖਰੀਦ ਏਜੰਸੀਆਂ, ਮੰਡੀ ਬੋਰਡ, ਖੁਰਾਕ ਤੇ ਸਿਵਲ ਸਪਲਾਈਜ ਆਦਿ ਵਿਭਾਗ ਸਬੰਧਤ ਐਸ.ਡੀ.ਐਮਜ਼ ਤੇ ਡੀ.ਐਸ.ਪੀਜ਼ ਨਾਲ ਤਾਲਮੇਲ ਕਰਦੇ ਹੋਏ ਆਪਣਾ ਕੰਮ ਨਿਪਟਾਉਣ, ਤਾਂ ਕਿ ਸਾਡੇ ਕਿਸਾਨਾਂ ਨੂੰ ਮੰਡੀਆਂ ਵਿੱਚ ਘੱਟ ਤੋਂ ਘੱਟ ਸਮੇਂ ਲਈ ਰੁਕਣਾ ਪਵੇ।