-ਸੁਰਜੀਤ
ਦੋ ਦਿਨਾਂ ਤੋਂ ਬਾਰਿਸ਼ ਰੁਕ ਹੀ ਨਹੀਂ ਰਹੀ ! ਇਸ ਵੇਲੇ ਵੀ ਅਸਮਾਨ ‘ਤੇ ਕਾਲੇ ਘਨਘੋਰ ਬੱਦਲ ਛਾਏ ਹੋਏ ਨੇ ; ਚਾਰ-ਚੁਫੇਰੇ ਸੜਕਾਂ ’ਤੇ ਪਾਣੀ ਵਹਿ ਰਿਹੈ । ਆਫ਼ਿਸ ‘ਚ ਕੋਈ ਆ ਜਾ ਵੀ ਨਹੀਂ ਰਿਹਾ; ਸੋਚਿਆ ‘ਇਹੋ ਜਿਹੇ ਮੌਸਮ ’ਚ ਇੱਥੇ ਵਿਹਲੇ ਬੈਠ ਕੇ ਵੀ ਕੀ ਕਰਨੈ ਘਰ ਹੀ ਚੱਲਦੀ ਹਾਂ’।
ਮੈਂ ਕਾਰ ਸਟਾਰਟ ਕਰਕੇ ਘਰ ਵੱਲ ਤੁਰ ਪਈ ਹਾਂ ਪਰ ਕੈਲੇਫੋਰਨੀਆ ਦਾ ਮੀਂਹ, ਤੌਬਾ ਤੌਬਾ! ਇੰਝ ਲੱਗਦੈ ਜਿਵੇਂ ‘ਵਿੰਡ ਸ਼ੀਲਡ’ ‘ਤੇ ਵੱਟੇ ਪੈ ਰਹੇ ਹੋਣ। ਮੂਸਲੇਧਾਰ ਮੀਂਹ ਅਤੇ ਧੁੰਦਲੇ ਸ਼ੀਸ਼ੇ! ਗੱਡੀ ਚਲਾਉਣੀ ਵੀ ਇਕ ਆਫ਼ਤ ਹੀ ਤਾਂ ਹੈ ਇਸ ਵੇਲੇ! ਅੰਨ੍ਹੇ ਹੋਏ ਇਹ ਸ਼ੀਸ਼ੇ ਕਿਤੇ ਸਾਫ਼ ਹੁੰਦੇ ਨੇ ਵਾਇਪਰਾਂ ਨਾਲ ? ਉੱਪਰੋਂ ਠੰਢ ਵੀ ਏਨੀ ਵੱਧ ਗਈ ਕਿ ਮੈਂ ਕੰਬੀਂ ਜਾ ਰਹੀ ਹਾਂ ਪਰ ਮੈਨੂੰ ਇਹ ਪਤਾ ਨਹੀਂ ਲੱਗ ਰਿਹੈ ਕਿ ਮੇਰਾ ਕਾਂਬਾ ਸਿਰਫ਼ ਠੰਢ ਕਰਕੇ ਹੈ ਜਾਂ ਧੁੰਦਲੇ ਸ਼ੀਸ਼ਿਆਂ ਵਿਚੋਂ ਕੁਝ ਨਾ ਦਿੱਸਣ ਨਾਲ ਲੱਗਦੇ ਡਰ ਕਰਕੇ …!
‘ਲਉ ਜੀ ਆ ਗਿਐ ਘਰ ਵਾਲਾ ਪੁਲ਼ ! ਸ਼ੁਕਰ ਐ ! ਹੁਣ ਰਤਾ ਸੁੱਖ ਦਾ ਸਾਹ ਆਇਐੇ। ਇਸ ਪੁਲ਼ ਨੂੰ ਤਾਂ ਵੇਖਦਿਆਂ ਹੀ ਸਾਰੀ ਉਦਾਸੀ ਦੂਰ ਹੋ ਜਾਂਦੀ ਐ ਮੇਰੀ !’
ਸਾਡਾ ਇਹ ਪੁਲ਼, ਵਾਹ!
ਇਕ ਤਰ੍ਹਾਂ ਨਾਲ ਸਾਡੀ ਸਬਡਵੀਜ਼ਨ ਦੇ ਗੇਟਵੇਅ ਦਾ ਕੰਮ ਕਰ ਰਹੇ ਇਸ ਪੁਲ਼ ਤੋਂ ਦੂਰ-ਦੂਰ ਤੱਕ ਕਿੰਨਾ ਖੂਬਸੂਰਤ ਨਜ਼ਾਰਾ ਦਿਸਦੈ! ਲੱਗਦੈ ਰੋਜ਼ ਰਾਤ ਨੂੰ ਇੱਹਦੇ ਹੇਠੋਂ ਕੋਈ ਗੱਡੀ ਵੀ ਲੰਘਦੀ ਹੈ ; ਆਵਾਜ਼ ਸੁਣਦੀ ਹੁੰਦੀ ਹੈ ਉਸਦੀ ! ‘ਲੰਘਦੀ ਹੋਊ! ਪਰ ਮੈਂ ਕਦੇ ਦੇਖੀ ਤਾਂ ਨਹੀਂ ! ਮੇਰੇ ਲਈ ਤਾਂ ਇਹ ਖੂਬਸੂਰਤ ਲੈਂਡ ਸਕੇਪ ਦਾ ਕੰਮ ਹੀ ਕਰਦੈ। ਇਹ ਸਾਡੀ ਸਬਡਵੀਜ਼ਨ ਦੀ ਦਿੱਖ ਨੂੰ ਅਤਿਅੰਤ ਖੂਬਸੂਰਤ ਜੁ ਬਣਾ ਦਿੰਦੈ!
ਉਂਝ ਵੀ ਪੁਲ਼ ਦਾ ਤਾਂ ਕੰਮ ਹੀ ਜੋੜਨਾ ਹੁੰਦੈ। ਇਹ ਪੁਲ਼ ਸਾਡੇ ਘਰਾਂ ਨੂੰ ਰੇਲਵੇ ਲਾਈਨ ਤੋਂ ਪਾਰ ‘ਸਾਨਫਰਾਂਸਿਸਕੋ ਬੇਅ’ ਨੂੰ ਇਕ ਉੱਚੇਚੀ ਖੂਬਸੂਰਤੀ ਨਾਲ ਪੇਸ਼ ਕਰਦੈ। ਪੁਲ਼ ਤੋਂ ਲੰਘਦਿਆਂ ਦੂਰ ਤੱਕ ਫੈਲੀ ‘ਸਾਂਨਫਰਾਂਸਿਸਕੋ ਬੇਅ’ ਦੀ ਦਿੱਖ ਤਲਿੱਸਮੀ ਤਸਵੀਰਾਂ ਵਰਗੀ ਸੁੰਦਰ ਲੱਗਦੀ ਏ। ਸਾਰਾ ਆਲਾ- ਦੁਆਲਾ ਰੁਸ਼ਨਾਇਆ ਜਾਪਦੈ। ਜਦੋਂ ਆਪਣੇ ਘਰਾਂ ਦੀ ਹੱਦ ਤੋਂ ਬਾਹਰ ਵੱਲ ਨੂੰ ਜਾਣ ਲਈ ਪੁਲ਼ ਉੱਤੇ ਚੜ੍ਹੀਦੈ ਤਾਂ ਸਾਹਮਣੇ ਵਾਲੇ ‘ਮਿਸ਼ਨ ਹਿਲਜ਼’ ਭੂਰੀ ਸੁੰਦਰਤਾ ਦਾ ਪ੍ਰਦਰਸ਼ਨ ਕਰਦੇ, ਸ਼ਾਨ ਅਤੇ ਮਸਤੀ ਨਾਲ ਖੜੇ ਦਿੱਸਦੇ ਨੇ। ਸਾਰਾ ਨਜ਼ਾਰਾ ਹੀ ਅਲੌਕਿਕ ਹੈ। ਵਧੀਆ ਸਾਫ਼ ਤੇ ਧੁੱਪੀਲੇ ਦਿਨਾਂ ਵਿਚ ਤਾਂ ਇਹ ਪੁਲ਼ ਆਸ-ਪਾਸ ਲਾਏ ਹੋਏ ਫੁੱਲਾਂ-ਬੂਟਿਆਂ ਦੀ ਸਜਾਵਟ ਦੇ ਨਾਲ ਸਵਾਗਤੀ ਗੇਟ ਵਰਗਾ ਬਣ ਜਾਂਦੈ ਅਤੇ ਇੰਝ ਲੱਗਣ ਲੱਗਦੈ ਜਿਵੇਂ ਇਹ ਸੁੰਦਰਤਾ ਦਾ ਇਕ ਅਦਭੁੱਤ ਨਜ਼ਾਰਾ ਹੀ ਨਹੀਂ, ਬਲਕਿ ਇਕ ਕੁਦਰਤੀ ਅਜੂਬਾ ਵੀ ਹੋਵੇ। ਮੈਂ ਜਦੋਂ ਵੀ ਇੱਥੋਂ ਲੰਘਦੀ ਹਾਂ, ਹਰ ਵਾਰ ਇਵੇਂ ਹੀ ਮਹਿਸੂਸ ਕਰਦੀ ਹਾਂ।
ਸੜਕ ਦੀ ਤਿਲਕਣੱ ਤੋਂ ਬਚਣ ਲਈ ਮੈਂ ਪੁਲ਼ ਤੋਂ ਹੇਠਾਂ ਉਤਰਦਿਆਂ ‘ਰਾਊਂਡ ਅਬਾਊਟ’ ਤੋਂ ਬਹੁਤ ਹੌਲੀ ਸਪੀਡ ’ਚ ਨਿਕਲ ਰਹੀ ਹਾਂ। ਇਹੋ ਜਿਹੇ ਮੌਸਮ ਵਿਚ ਅਕਸਰ ਹਾਦਸੇ ਹੋ ਜਾਂਦੇ ਹਨ। ਇਸ ਲਈ ਮੈਂ ਹੌਲੀ ਹੌਲੀ ਕਾਰ ਚਲਾਉਂਣ ਵਿਚ ਹੀ ਭਲਾਈ ਸਮਝਦੀ ਹਾਂ। ਏਨੀ ਹੌਲੀ ਕਿ ਚੌਂਕ ਵਿੱਚਲੇ ਛੋਟੇ-ਛੋਟੇ ਫੁੱਲਾਂ ਦੇ ਬੂਟਿਆਂ ਵਿਚ ਹੋ ਰਹੀ ਹਿੱਲ-ਜੁੱਲ ਨੂੰ ਵੀ ਅੱਖੋਂ ਪਰੋਖੇਂ ਨਾ ਕਰ ਸਕੀ।
‘ਹਾਇ! ਇਹ ਤੇ ਕੋਈ ਜਾਨਵਰ ਲੱਗਦੈ।’ ਮੈਂ ਕਾਰ ਦਾ ਸ਼ੀਸ਼ਾ ਖੋਲ੍ਹ ਕੇ ਵੇਖਿਆ ਤਾਂ ਇਕ ਕਤੂਰਾ ਫੁੱਲਾਂ ਵਿਚ ਸਹਿਮਿਆ ਬੈਠਿਆ, ਚੂੰ ਚੂੰ ਕਰ ਰਿਹੈ। ਮੇਰੇ ਰੌਂਗਟੇ ਖੜੇ ਹੋ ਗਏ ਨੇ।ਸ਼ੀਸ਼ਾ ਖੋਲ੍ਹਣ ਕਰਕੇ ਹੋਰ ਵੀ ਤੇਜ਼ ਕਾਂਬਾ ਛਿੜ ਪਿਐ। ਮੈਂ ਇਕ ਲੰਮਾ ਸਾਹ ਲੈ ਕੇ ਸ਼ੀਸ਼ਾ ਬੰਦ ਕਰ ਕੇ ਘਰ ਵੱਲ ਤੁਰ ਪਈ ਹਾਂ ਪਰ ਦਿਲ ਵਿਚੋਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ: ‘ਮੈਨੂੰ ਇਸ ਦਾ ਕੁਛ ਕਰਨਾ ਚਾਹੀਦੈ, ਇਸ ਨੂੰ ਠੰਢ ਤੋਂ ਬਚਾਉਣਾ ਚਾਹੀਦੈ।’ ਅਗਲੇ ਹੀ ਪਲ ਸੋਚਦੀ ਹਾਂ ‘ਜਿਸ ਨੇ ਪੈਦਾ ਕੀਤੈ ਜੇ ਉਸਨੇ ਬਚਾਉਣਾ ਹੋਇਆ ਤਾਂ ਆਪੇ ਬਚਾ ਲਏਗਾ। ਮੈਂ ਕੌਣ ਹੁੰਦੀ ਹਾਂ ‘ਉਸ’ ਦੇ ਨਿਜ਼ਾਮ ਵਿਚ ਦਖਲ ਦੇਣ ਵਾਲੀ?’ਗੁਰਬਾਣੀ ਵੀ ਤਾਂ ਏਹੀ ਕਹਿੰਦੀ ਐ, ‘ਊਡੇ ਊਡ ਆਵੇ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ’… ਉਂਝ ਮੈਂ ਕਰ ਵੀ ਕੀ ਸਕਦੀ ਹਾਂ, ਜੇ ਇੱਥੋਂ ਚੁੱਕ ਵੀ ਲਵਾਂ ਤਾਂ ਰੱਖਾਂਗੀ ਕਿੱਥੇ? ਪਹਿਲੀ ਤਾਂ ਗੱਲ ਚੁੱਕਾਂਗੀ ਵੀ ਕਿਵੇਂ?’
ਹਜ਼ਾਰ ਸਵਾਲ ਮੇਰਾ ਪਿੱਛਾ ਕਰਦੇ ਰਹੇ ! ਪਤਾ ਹੀ ਨਹੀਂ ਲੱਗਿਆ ਕਦੋਂ ਘਰ ਆ ਗਿਐ। ਮੈਂ ਕਾਰ ਗੈਰਾਜ ਵਿਚ ਖੜੀ ਕਰ ਕੇ ਅੰਦਰ ਵੜਦਿਆਂ ਹੀ ‘ਹੀਟ’ ਚਾਲੂ ਕਰ ਦਿੱਤੀ ਤੇ ਚਾਹ ਬਣਾ ਕੇ ਸੋਫ਼ੇ ਤੇ ਬੈਠ ਕੇ ਕੋਸੇ ਕੋਸੇ ਘੁੱਟ ਭਰਦੀ ਸਹਿਜ ਹੋਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਦਿਲ ’ਚ ਅਜੇ ਤੱਕ ਕੁਛ ਧੁਖ਼ ਰਿਹੈ। ਦਿਲ ਦੇ ਖੋਰੇ ਤੋਂ ਨਿਜਾਤ ਪਾਉਣ ਲਈ ਮੈਂ ਟੀ ਵੀ ਲਾ ਲਿਐ ਪਰ ਅਪਰਾਧ-ਬੋਧ ਫਿਰ ਵੀ ਅੰਦਰੋਂ ਅੰਦਰੀਂ ਖਾਈ ਜਾ ਰਿਹੈ।
ਟੀ ਵੀ ਸਕਰੀਨ ਉਪਰ ਨਿਊ ਯਾਰਕ ਦੀ ਗਰਾਊਡ ਜ਼ੀਰੋ ਦੀਆਂ ਖੌਫ਼ਨਾਕ ਤਸਵੀਰਾਂ ਦਿਖਾਈਆਂ ਦੇਣ ਲੱਗ ਪਈਆਂ ; ਇੱਥੇ ਕੁਛ ਦਿਨ ਪਹਿਲਾਂ ਹੀ ਤਾਂ ਅੰਬਰ ਛੂੰਹਦੀਆਂ ਦੋ ਸ਼ਾਨਦਾਰ ਇਮਾਰਤਾਂ ਖੜੀਆਂ ਹੁੰਦੀਆਂ ਸਨ। ਹੁਣ ਢੱਠੀਆਂ ਇਮਾਰਤਾਂ ਦਾ ਮਲਬਾ ਚੁੱਕਿਆ ਜਾ ਰਿਹੈ ਅਤੇ ਇਮਾਰਤਾਂ ਦੀ ਥਾਂ ਤਾਂ ਹੁਣ ਬਹੁਤ ਡੂੰਘੇ ਡੂੰਘੇ ਟੋਇਆਂ ਨੇ ਮੱਲ ਲਈ ਹੈ। ਆਲ਼ੇ-ਦੁਆਲ਼ੇ ਇਸ ਆਤੰਕ ਦੀ ਮਾਰ ਹੇਠ ਆਏ ਅਨੇਕਾਂ ਬੰਦਿਆਂ ਦੀਆਂ ਤਸਵੀਰਾਂ ਲਟਕ ਰਹੀਆਂ ਨੇ ; ਹਜ਼ਾਰਾਂ ਲੋਕ ਤਸਵੀਰਾਂ ‘ਤੇ ਫੁੱਲ ਚੜ੍ਹਾਉਂਦੇ ਜ਼ਾਰ ਜ਼ਾਰ ਰੋਂਦੇ ਹੋਏ ਦਿਸਦੇ ਨੇ। ਕੋਈ ਇਨ੍ਹਾਂ ਬਲਡਿੰਗਾਂ ਵਿਚ ਮਰ ਗਏ ਆਪਣੇ ਰਿਸ਼ਤੇਦਾਰ ਦੀ ਤਸਵੀਰ ਨੂੰ ਬੇਸਬਰੀ ਨਾਲ ਲੱਭ ਰਿਹੈ। ਇਹ ਦਿ੍ਰਸ਼ ਦੇਖ ਕੇ ਮੇਰੀਆਂ ਅੱਖਾਂ ਨਮ ਹੋ ਗਈਆਂ ਅਤੇ ਕਤੂਰੇ ਨੂੰ ਭੁੱਲ ਕੇ ਮੇਰਾ ਪੂਰਾ ਧਿਆਨ ਸਿਰਫ਼ ਨੌਂ- ਗਿਆਰਾਂ ਦੇ ਹਮਲੇ ਵੱਲ ਚਲਾ ਗਿਐ।
‘ਹਾਇ ਐਡਾ ਵੱਡਾ ਹਾਦਸਾ ? ਕੀ ਹੋ ਗਿਐ ਮਨੁੱਖ ਨੂੰ ?’
ਹਰ ਪਾਸੇ ਹੀ ਇਸ ਹਮਲੇ ਦਾ ਖੌਫ ; ਹਰ ਕਿਸੇ ਦੀ ਜ਼ੁਬਾਨ ‘ਤੇ ਇਸੇ ਦੁਰਘਟਨਾ ਦਾ ਜ਼ਿਕਰ; ਹਰ ਕਿਸੇ ਦੇ ਮੂੰਹ ਵਿਚ ਬੱਸ ਇਕੋ ਹੀ ਗੱਲ -‘ਵਰਲਡ ਟਰੇਡ ਸੈਂਟਰ’ ਉਪਰ ਗਿਆਰਾਂ ਸਤੰਬਰ ਨੂੰ ਹੋਇਆ ਹਮਲਾ’! ਟੀ ਵੀ ਉਪਰ ਵੀ ਬਾਰ ਬਾਰ ਉਹੀ ਦਿ੍ਰਸ਼ ; ਇਮਾਰਤਾਂ ਨੂੰ ਟਕਰਾਉਂਦੇ ਹੋਏ ਜਹਾਜ਼ ; ਅੱਗ ਦੀਆਂ ਲਪਟਾਂ ਅਤੇ ਕਾਲੇ ਧੂੰਏਂ ਦੇ ਗੁਬਾਰ; ਢਹਿ ਢੇਰੀ ਹੋ ਰਹੀਆਂ ਗਗਨ-ਚੁੰਭੀ ਇਮਾਰਤਾਂ ; ਡਿਗ ਰਿਹਾ ਮਲਬਾ; ਜਾਨਾਂ ਬਚਾਉਣ ਲਈ ਅੰਬਰ ਜਿੰਨੀਆਂ ਉੱਚੀਆਂ ਇਮਾਰਤਾਂ ’ਤੋਂ ਹੇਠਾਂ ਛਾਲਾਂ ਮਾਰ ਰਹੇ ਲੋਕ ਅਤੇ ਪਾਗਲਾਂ ਵਾਂਗ ਇੱਧਰ-ਉੱਧਰ ਦੌੜ ਰਹੇ ਕੁਝ ਹੋਰ ! ‘ਮੇਰੀ ਤੌਬਾ ਇੰਨਾ ਭਿਆਨਕ ਤੇ ਹੌਲਨਾਕ ਦਿ੍ਰਸ਼ !’
ਅੱਜ ਫ਼ਿਰ ਟੀ ਵੀ ਉਪਰ ਉਹੀ ਚੀਕ-ਚਿਹਾੜਾ ਅਤੇ ਅੱਗ ’ਚ ਲਿਪਟੀਆਂ ਇਮਾਰਤਾਂ ਦੇ ਢਹਿ ਢੇਰੀ ਹੋ ਜਾਣ ਦੇ ਇਸ ਖ਼ੌਫ਼ਨਾਕ ਦਿ੍ਰਸ਼ ਨੂੰ ਦੇਖ ਕੇ ਮੇਰੀ ਰੂਹ ਕੰਬ ਗਈ । ਅੱਖਾਂ ’ਚੋਂ ਹੰਝੂ ਵਗ ਤੁਰਦੇ ਨੇ । ‘ਨਹੀਂ ਝੱਲਿਆ ਜਾਂਦਾ ਮੈਥੋਂ ਇਹ ਸਭ ਕੁਝ !’
ਆਪਣੀ ਦੋਸਤ ਚਿੰਤਨ ਨੂੰ ਫ਼ੋਨ ਲਗਾ ਲੈਨੀ ਆਂ,
“ਹੈਲੋ ਚਿੰਤਨ !”
“ਹੈਲੋ ! ਹਾਂ ਬੋਲ ਸ਼ੀਤਲ” ਇੰਨਾ ਹੀ ਕਹਿ ਉਹ ਚੁੱਪ ਕਰ ਗਈ। ਮੈਂਨੂੰ ਉਸਦੀ ਆਵਾਜ਼ ਵਿਚ ਉਦਾਸੀ ਮਹਿਸੂਸ ਹੋਈ।
“ਹੈਲੋ, ਹਾਂ ਕੀ ਹਾਲ ਹੈ ਤੇਰਾ ਚਿੰਤਨ, ਸਭ ਕੁਛ ਠੀਕ ਤਾਂ ਹੈ ਨਾ? ਤੇਰੀ ਆਵਾਜ਼ ਕੁਝ ਧੀਮੀ ਜਿਹੀ ਐ ਅੱਜ !” ਮੈਂ ਰਸਮੀ ਤੌਰ ‘ਤੇ ਪੁੱਛ ਲਿਐ।
“ਹਾਲ ਕਿਵੇਂ ਠੀਕ ਹੋਵੇ, ਆਹ ਜੋ ਟੀ ਵੀ ’ਤੇ ਬਾਰ-ਬਾਰ ਦਿਖਾਈ ਜਾ ਰਹੇ ਨੇ, ਇਹ ਵੇਖ ਕੇ ਮਨ ਈ ਨਹੀਂ ਠਹਿਰਦਾ!”
“ਮੇਰਾ ਵੀ, ਮੈਂ ਵੀ ਬੜੀ ਉਦਾਸ ਹਾਂ, ਪਰ ਆਪਾਂ ਕਰ ਵੀ ਕੀ ਸਕਦੇ ਹਾਂ?”
“ਮੇਰਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਰਿਹੈ।”
“ਪਰ ਤੈਨੂੰ ਹੌਸਲਾ ਕਰਨਾ ਚਾਹੀਦੈ ਨਾ, ਸਾਡੇ ਰੋਇਆਂ ਭਲਾ ਕੀ ਬਨਣੈ !”
“ਕੀ ਕਰਾਂ ਸ਼ੀਤਲ, ਮੇਰਾ ਦਿਲ ਕੰਬ ਰਿਹੈ। ਜਿੱਦਣ ਦਾ ਇਹ ਭਾਣਾ ਵਾਪਰਿਐ, ਬੱਸ ਇੱਕੋ ਕੁਰਸੀ ‘ਤੇ ਬੈਠੀ ਰਹਿੰਦੀ ਹਾਂ।” ਉਸ ਨੇ ਰੁਆਂਸੀ ਆਵਾਜ਼ ਵਿਚ ਕਿਹੈ।
“ਕੁਝ ਖਾਧਾ-ਪੀਤਾ ਵੀ ਕਿ ਨਹੀਂ, ਚਿੰਤਨ?”
“ਨਾ ਕਿੱਥੇ …ਨਾ ਕਿੱਥੇ… ਮੇਰੇ ਤਾਂ ਅੰਦਰ ਇਕ ਗਰਾਹੀ ਵੀ ਨਹੀਂ ਲੰਘਦੀ ਅਤੇ ਤੇ ਨਾ ਹੀ ਡੀਜ਼ਲ ਦੇ।”
‘ਡੀਜ਼ਲ’ ਚਿੰਤਨ ਦਾ ਕੁੱਤਾ ਉਸਦੀ ਇਕੱਲਤਾ ਦਾ ਸਹਾਰਾ; ਉਹ ਉਸ ਨੂੰ ਬੱਚਿਆਂ ਵਾਂਗ ਪਿਆਰ ਕਰਦੀ ਏ। ਹਰ ਗੱਲ ਨਾਲ ਉਸਦਾ ਜ਼ਿਕਰ ਜਰੂਰ ਕਰੇਗੀ। ‘ਭਲਾ ਕੁੱਤੇ ਦਾ ਇਸ ਹਾਦਸੇ ਨਾਲ ਕੀ ਸੰਬੰਧ?’ ਮੈਨੂੰ ਸਮਝ ਨਹੀਂ ਲੱਗ ਰਹੀ, ‘ਉਸ ਨੇ ਕਿਉਂ ਕੁਛ ਨਹੀਂ ਖਾਧਾ…?’ ਮੈਂ ਡੀਜ਼ਲ ਅਤੇ ਚਿੰਤਨ ਬਾਰੇ ਸੋਚਣ ਲੱਗਦੀ ਹਾਂ।
ਉਂਝ ਡੀਜ਼ਲ ਹੈ ਬੜਾ ਮਿਲਾਪੜਾ ; ਜਦੋਂ ਕਦੇ ਮੈਂ ਚਿੰਤਨ ਨੂੰ ਮਿਲਣ ਜਾਂਦੀ ਹਾਂ ਉਹ ਦੌੜ ਕੇ ਮੈਨੂੰ ਆ ਚਿੰਬੜਦੈ। ਮੈਂਨੂੰ ਕੁੱਤਿਆਂ ਤੋਂ ਹਮੇਸ਼ਾ ਹੀ ਬੜੀ ਕੱਚਿਆਣ ਜਿਹੀ ਆਉਂਦੀ ਐ। ਮੈਂ ਉਹਨੂੰ ਪਿੱਛੇ ਹਟਾਉਂਦੀ ਹਟਾਉਂਦੀ ਕਿੰਝ ਰੋਣਹਾਕੀ ਹੋ ਜਾਂਦੀ ਹਾਂ, ਇਹ ਯਾਦ ਕਰਕੇ ਮੈਨੂੰ ਹਾਸਾ ਆਉਂਦੈ। ਚਿੰਤਨ ਕਿੰਝ ਡੀਜ਼ਲ ਨੂੰ ਆਖਦੀ ਹੁੰਦੀ, “ਹਟ, ਡੀਜ਼ਲ ਮਾਸੀ ਡਰਦੀ ਆ। ਹੱਟ, ਨਹੀਂ ਤਾਂ ਮਾਮਾ ਮਾਰੇਗੀ ਤੈਨੂੰ।” ਉਸਦੀ ਗੱਲ ਮੰਨ ਕੇ ਕੁੱਤਾ ਪਰ੍ਹਾਂ ਚਲਾ ਤਾਂ ਜਾਂਦੈ ਪਰ ਦੂਰ ਬੈਠਾ ਵੀ ਮੇਰੇ ਵੱਲ ਇਕ ਟੱਕ ਝਾਕਦਾ ਰਹੇਗਾ।
ਕਈ ਵੇਰ ਚਿੰਤਨ ਉਸਨੂੰ ਅੰਗ੍ਰੇਜ਼ੀ ਵਿਚ ਆਖਦੀ ਹੁੰਦੀ,
“ਵ੍ਹਟ’ਸ ਅੱਪ ਡੀਜ਼ਲ! ਡੂ ਯੂ ਲਾਈਕ ਮਾਸੀ ਸੋ ਮਚ? ਸੀ, ਮਾਸੀ ਇਜ਼ ਸਕੇਅਰਡ ਆਫ ਯੂ, ਓ. ਕੇ.!”
ਮੈਂ ਹੱਸ ਦਿੰਦੀ ਹਾਂ, “ਪੰਜਾਬੀ ਨਹੀਂ ਸਮਝਦਾ, ਅਮਰੀਕਨ ਜਿਹਾ ਨਾ ਹੋਵੇ ਤਾਂ!” ਫਿਰ ਚਿੰਤਨ ਨੂੰ ਤਾੜ ਕੇ ਆਖਦੀ ਹਾਂ,
“ਮੈਂ ਨਹੀਂ ਬਨਣਾ ਕੁੱਤੇ ਦੀ ਮਾਸੀ ਮੂਸੀ …ਓ. ਕੇ.!” ਉਹ ਡੀਜ਼ਲ ਦੀ ਤਾਰੀਫ਼ ਕਰਨ ਲਗੇਗੀ, “ਲੈ, ਇਹ ਤਾਂ ਬੰਦਿਆਂ ਤੋਂ ਵੀ ਵੱਧ ਸਿਆਣੈ, ਬੜੀ ਵਧੀਆ ਰੂਹ ਐ ਇਸਦੀ ਤਾਂ, ਸਾਰੀ ਗੱਲ ਝੱਟ ਸਮਝ ਜਾਂਦੈ।”
ਉਹਦੀ ਹਰ ਗੱਲ-ਬਾਤ ਵਿਚ ਉਹ ਹਮੇਸ਼ਾ ਡੀਜ਼ਲ ਦੀ ਮਾਂ ਬਣਦੀ ਹੈ ਤੇ ਮੈਂ ਮਾਸੀ! ਜਦੋਂ ਵੀ ਕੋਈ ਗੱਲ ਕਰਦੀ, ਉਸ ਵਿਚ ਡੀਜ਼ਲ ਦੀ ਕੋਈ ਨਾ ਕੋਈ ਗੱਲ ਜ਼ਰੂਰ ਸ਼ਾਮਿਲ ਹੁੰਦੀ । ਜਦੋਂ ਤੋਂ ਉਹਦੇ ਬੱਚੇ ਦੂਜੇ ਸ਼ਹਿਰਾਂ ਵਿਚ ਜਾ ਵਸੇ ਨੇ; ਉਹ ਬਹੁਤ ਇਕੱਲੀ ਹੋ ਗਈ ਹੈ ਤੇ ਡੀਜ਼ਲ ਦੇ ਸਹਾਰੇ ਇਸ ਸੁੰਦਰ ਪਰ ਭੀੜ-ਭੜੱਕੇ ਵਾਲੇ ਮਹਾਂਨਗਰ ਸਾਨਫਰਾਂਸਿਸਕੋ ਦੀ ਇਕ ਪਹਾੜੀ ਤੇ ਬਣੇ ਖੁੱਲ੍ਹੇ ਡੁਲ੍ਹੇ ਘਰ ਵਿਚ ਪੂਰੀ ਸ਼ਾਨ ਅਤੇ ਹੌਸਲੇ ਨਾਲ ਰਹਿ ਰਹੀ ਹੈ।
ਪਰ ਅੱਜ ਉਹ ਫ਼ੋਨ ਤੇ ਨੌਂ ਗਿਆਰਾਂ ਦੇ ਹਾਦਸੇ ਬਾਰੇ ਗੱਲਾਂ ਕਰਕੇ ਰੋਈ ਜਾਵੇ, ਮੈਂ ਕਿਹਾ: “ਜ਼ਰਾ ਸੰਭਲ ਚਿੰਤਨ, ਇੰਜ ਕਿਵੇਂ ਗੁਜ਼ਾਰਾ ਹੋਵੇਗਾ!” ਭਾਂਵੇਂ ਆਪ ਵੀ ਉਦਾਸ ਹਾਂ ਪਰ ਸ਼ੀਤਲ ਇਕੱਲੀ ਹੋਣ ਕਰਕੇ ਮੈਂ ਉਸਨੂੰ ਦਿਲਾਸਾ ਦੇ ਰਹੀ ਹਾਂ।
“ਮੈਨੂੰ ਵੀ ਇਹ ਪਤੈ ਕਿ ਮੈਂ ਕੁਛ ਨਹੀਂ ਕਰ ਸਕਦੀ ਪਰ ਦਿਲ ਨਹੀਂ ਖੜਦਾ। ਦਿਨ ਭਰ ਇਕੋ ਕੁਰਸੀ ’ਤੇ ਬੈਠੀ ਰਹਿੰਦੀ ਹਾਂ ਤੇ ਸੋਚਦੀ ਰਹਿੰਦੀ ਹਾਂ, ‘ਆਖਰ ਇਹ ਭਾਣਾ ਵਰਤਿਆ ਕਿਉਂ?’ ਇੰਝ ਸੋਚਣ ਲੱਗਦੀ ਹਾਂ ਤਾਂ ਪਤਾ ਨਹੀਂ ਕਿੱਥੇ ਕਿੱਥੇ ਦਾ ਤੇ ਕਿਸ ਕਿਸ ਦਾ ਲਹੂ ਜ਼ਮੀਨ ਤੇ ਵਹਿੰਦਾ ਦਿਖਣ ਲੱਗ ਜਾਂਦੈ ਤੇ ਮਨ ਹੋਰ ਵੀ ਦੁਖੀ ਹੋ ਜਾਂਦੈ।”
“ਇਹ ਤਾਂ ਮੈਂ ਵੀ ਸੋਚਦੀ ਹਾਂ ਕਿ ਹਰ ਲੜਾਈ, ਹਰ ਫ਼ਸਾਦ ਦਾ ਸ਼ਿਕਾਰ ਆਮ ਲੋਕ ਹੀ ਕਿਉਂ ਹੁੰਦੇ ਨੇ? ਇਨ੍ਹਾਂ ਹਥਿਆਰ-ਬੰਦ ਦਹਿਸ਼ਤਗਰਦਾਂ ਦੇ ਅੰਨ੍ਹੇ ਭੇੜ ਵਿਚ ਨਿਹੱਥੇ ਲੋਕ ਕਿਉਂ ਮਾਰੇ ਜਾਂਦੇ ਨੇ?”
ਮੇਰਾ ਹਉਕਾ ਨਿਕਲ ਗਿਐ ਅਤੇ ਚਿੰਤਨ ਦੀ ਸੁਰ ਹੋਰ ਵੀ ਸੋਗੀ ਹੋ ਗਈ ਏ;
“ਹਾਂ ਸ਼ੀਤਲ, ਇਹ ਸਭ ਤੇ ਹੁਣ ਆਪਣੇ ਵਰਗਿਆਂ ਆਮ ਲੋਕਾਂ ਦੇ ਸੋਚਣ ਲਈ ਹੀ ਬਚਿਆ ਹੈ … ਤੇ ਇਹੀ ਸੋਚ ਸੋਚ ਕੇ ਮੇਰਾ ਮਨ ਰੋ ਰਿਹੈ ਤੇ ਡੀਜ਼ਲ ਵੀ ਮੇਰੇ ਨਾਲ ਬੜਾ ਈ ਦੁਖੀ ਹੋ ਰਿਹੈ। ਪਹਿਲੇ ਦੋ ਦਿਨ ਤਾਂ ਮੇਰੇ ਕੋਲ ਆ ਕੇ ਮੈਨੂੰ ਪੰਜਿਆਂ ਨਾਲ ਚੁੱਪ ਕਰਾਉਂਦਾ ਰਿਹਾ। ਕਦੇ ਮੇਰੇ ਪੈਰਾਂ ਵਿਚ ਲੇਟੇ, ਕਦੇ ਚੂੰ ਚੂੰ ਕਰਕੇ ਪੂਛ ਹਿਲਾਵੇ, ਕਦੇ ਛਾਲ ਮਾਰ ਕੇ ਮੇਰੀ ਗੋਦੀ ਵਿਚ ਆ ਚੜੇ੍ਹ … ਇਸ ਨੂੰ ਇਹ ਪਤਾ ਹੀ ਨਾ ਲੱਗੇ ਕਿ ਕੀ ਕਰੇ ਤੇ ਮੈਨੂੰ ਕਿਵੇਂ ਚੁੱਪ ਕਰਾਵੇ। ਹੁਣ ਅਚਾਨਕ ਇਹ ਆਪ ਵੀ ਚੁੱਪ ਜਿਹਾ ਹੋ ਗਿਐ। ਬੱਸ, ਟਿੱਕ-ਟਿਕੀ ਲਗਾ ਕੇ ਟੀ ਵੀ ਦੀ ਸਕਰੀਨ ਵੱਲ ਵੇਖੀ ਜਾਂਦੈ ਤੇ ਮੇਰੇ ਵਾਂਗ ਹੀ ਰੋਈ ਜਾਂਦੈ। ਜੇ ਤੂੰ ਇਥੇ ਹੁੰਦੀ ਤਾਂ ਦੇਖਦੀ, ਅਜੇ ਵੀ ਇਸਦੀਆਂ ਅੱਖਾਂ ਦੀਆਂ ਕੋਰਾਂ ਵਿਚ ਹੰਝੂ ਫ਼ਸੇ ਹੋਏ ਨੇ।”
ਚਿੰਤਨ ਬਹੁਤ ਉਦਾਸ ਰੌਂਅ ਵਿਚ ਬਿਨਾ ਹੁੰਗਾਰਾ ਉਡੀਕਿਆਂ ਬੋਲੀ ਜਾਵੇ। ਮੈਂ ਉਹਨੂੰ ਦਿਲਾਸਾ ਦੇ ਕੇ ਫੋਨ ਬੰਦ ਕਰ ਦਿੱਤੈ। ਮੈਨੂੰ ਲਗਦੈ ਕਿ ਚਿੰਤਨ ਕਿੰਨੀਆਂ ਬਚਕਾਨੀਆਂ ਗੱਲਾਂ ਕਰਦੀ ਏ। ਦੱਸੋ ਇਨ੍ਹਾਂ ਗੋਰਿਆਂ ਵਾਂਗ ਇਸਦੀ ਵੀ ਮੱਤ ਮਾਰੀ ਗਈ ! ਇਹ ਵੀ ਪੂਰੀ ਅਮਰੀਕਨ ਹੋ ਗਈ । ਇਹ ਗੋਰੇ- ਗੋਰੀਆਂ ਵੀ ਜਾਨਵਰਾਂ ਅਤੇ ਬੰਦਿਆਂ ਵਿਚ ਫ਼ਰਕ ਨਹੀਂ ਸਮਝਦੇ ਤੇ ਇਹ ਵੀ ਇਨ੍ਹਾਂ ਵਰਗੀ ਭਾਸ਼ਾ ਹੀ ਬੋਲਣ ਲੱਗੀ ਏ, ਅਖੇ, ‘ਕੁੱਤਾ ਟੀਵੀ ਵੇਖ ਕੇ ਰੋ ਰਿਹੈ, ਮੈਨੂੰ ਚੁੱਪ ਕਰਾ ਰਿਹੈ!’ ਮੰਨਿਆ ਉਹ ਇਕੱਲੀ ਆ, ਉਸ ਨੂੰ ਕੋਈ ਵਹਿਮ ਹੋ ਗਿਆ ਲਗਦੈ; ‘ਜਾਨਵਰ ਕਿਵੇਂ ਸਮਝ ਸਕਦਾ ਹੈ, ਕਿਸੇ ਬੰਦੇ ਦੇ ਦਰਦ ਨੂੰ ਏਨੀ ਸ਼ਿੱਦਤ ਦੇ ਨਾਲ … ਇੱਥੇ ਤਾਂ ਇਨਸਾਨ ਵੀ ਇਨਸਾਨ ਦੇ ਦੁੱਖ-ਦਰਦ ਨੂੰ ਨਹੀਂ ਮਹਿਸੂਸ ਕਰਦਾ। ਆਹ ਹਾਦਸੇ ਗਵਾਹ ਨੇ ਇਸ ਗੱਲ ਦੇ …’
ਮੈਂ ਇਹ ਸੋਚਦੀ ਸੋਚਦੀ, ਚਾਹ ਦਾ ਖਾਲੀ ਕੱਪ ਲਈ ਰਸੋਈ ਵੱਲ ਜਾ ਰਹੀ ਹਾਂ ਕਿ ਅਚਾਨਕ ਟੀ ਵੀ ‘ਚੋਂਂ ‘ਚੂੰ … ਚੂੰ’ ਦੀ ਆਵਾਜ਼ ਸੁਣਦੀ ਹਾਂ ! ਪਿੱਛੇ ਮੁੜ ਕੇ ਵੇਖਿਆ ਤਾਂ ਟੀ ਵੀ ਤੇਪੈੱਟ-ਫੂਡ ਦੀ ਐਡ ਚੱਲ ਰਹੀ ਹੈ ਅਤੇ ਦੋ ਬਿੱਲੀਆਂ ਲਿਫਾਫੇ ਨੂੰ ਖਿੱਚ ਰਹੀਆਂ ਹਨ ! ਮੈਂ ਤ੍ਰਬੱਕ ਗਈ ਹਾਂ ਤੇ ਧਿਆਨ ਫਿਰ ਚੌਰਾਹੇ ਵੱਲ ਚਲਾ ਗਿਐ, ‘ਉਹ ਵਿਚਾਰਾ ਉੱਥੇ ਇਕੱਲਾ ਬੈਠਾ ਰੋ ਰਿਹੈ; ਮੈਂ ਵੀ ਤਾਂ ਇਨਸਾਨ ਹਾਂ… ਹਾਇ! ਬਾਹਰ ਕਿੰਨੀ ਠੰਢ ਵਿਚ, ਉਹ ਕਿੰਨੀ ਬੁਰੀ ਤਰ੍ਹਾਂ ਕੰਬ ਰਿਹਾ ਸੀ, ਉਹ ਨਿੱਕਾ ਜਿਹਾ ਜਾਨਵਰ! ਮੈਂ ਉਸ ਦੀ ਤਕਲੀਫ਼ ਨੂੰ ਮਹਿਸੂਸ ਹੀ ਨਹੀਂ ਕਰ ਸਕੀ, ਉਹਨੂੰ ਚੁੱਕ ਕੇ ਲੈ ਹੀ ਆਉਂਦੀ ਤਾਂ ਕੀ ਸੀ?’
ਦੂਜੇ ਹੀ ਪਲ ਮੇਰਾ ਦਿਲ ਦਲੀਲਾਂ ਦਾ ਇਕ ਵੱਖਰਾ ਤਾਣਾ-ਬਾਣਾ ਬੁਨਣ ਲਗ ਪਿਐ, ‘ਪਰ ਮੈਂ ਉਹਨੂੰ ਰੱਖਦੀ ਕਿੱਥੇ? ਗੰਦਾ ਕਾਰਪੈੱਟ, ਸਾਰੇ ਘਰ ਵਿਚ ਬੋਅ ਤੇ ਥਾਂ ਥਾਂ ਤੇ ਵਾਲ … ਦਫ਼ਤਰ ਵੀ ਤਾਂ ਜਾਣਾ ਹੁੰਦੈ … ਕਿੰਨਾ ਕੰਮ ਹੋ ਜਾਂਦੈ ‘ਪੈਟ’ ਦਾ …ਮੇਰੇ ਕੋਲ ਵਿਹਲ ਹੀ ਕਿੱਥੇ, ਇਹ ਲੋਕ ਤਾਂ ਜਦੋਂ ਆਪਣੇ ਕੁੱਤਿਆਂ-ਬਿੱਲੀਆਂ ਨੂੰ ਸੈਰ ਕਰਵਾਉਣ ਲਿਜਾਂਦੇ ਨੇ, ਹੱਥਾਂ ਉਤੇ ਲਿਫ਼ਾਫ਼ੇ ਚੜ੍ਹਾ ਕੇ ਪਿੱਛੇ ਪਿੱਛੇ ਫ਼ਿਰਦੇ ਨੇ ਉਨ੍ਹਾਂ ਦੇ ! ਜਦੋਂ ਉਹ ਥਾਂ ਗੰਦੀ ਕਰ ਦਿੰਂਦੇ ਨੇ ਤਾਂ ਉਹ ਲਿਫਾਫੇ ਨਾਲ ਚੁੱਕ ਕੇ ਡਸਟ-ਬਿਨ ਵਿਚ ਸੁੱਟਣ ਜਾਂਦੇ ਨੇ … ਛੀ ਛੀ ਛੀ! ਮੈਥੋਂ ਕਿੱਥੇ ਹੋਣੈ ਇਹ ਸਭ…!’
‘ਪਤਾ ਨਹੀਂ ਕਿਵੇਂ ਰਖੱ ਲੈਂਦੇ ਨੇ ਇਹ ਲੋਕ ਜਾਨਵਰਾਂ ਨੂੰ ਆਪਣੇ ਘਰਾਂ ਵਿੱਚ! ਆਪਣੇ ਬਿਸਤਰਿਆਂ ਵਿਚ ਸੁਲ਼ਾਉਂਦੇ ਨੇ … ਕੁੱਤੇ ਇਨ੍ਹਾਂ ਦੇ ਮੂੰਹ ਚੱਟਦੇ ਨੇ … ਗੰਦੇ ਕਿਸੇ ਥਾਂ ਦੇ ਨਾ ਹੋਣ ਤਾਂ …!”
ਮੈਂ ਮਨ ਹੀ ਮਨ ਕੁੜ੍ਹ ਰਹੀ ਹਾਂ ; ਅਚਾਨਕ ਡੈਬੀ ਦੇ ਘਰ ਦੀ ਯਾਦ ਆ ਗਈ, ‘ਹਾਇ ਮੇਰੇ ਰੱਬਾ ਉਹ ਡੈਬੀ ਦਾ ਘਰ!’
ਮੇਰੇ ਨਾਲ ਦਫ਼ਤਰ ਵਿਚ ਕੰਮ ਕਰਦੀ ਐ ਡੈਬੀ ; ਹਰ ਵੇਲੇ ਆਪਣੀਆਂ ਨੌਂ ਬਿੱਲੀਆਂ, ਦੋ ਕੁੱਤਿਆਂ, ਦੋ ਬੱਤਖਾਂ, ਇਕ ਡੱਡੂ ਅਤੇ ਇਕ ਕੱਛੂਕੁੰਮੇ ਦੀਆਂ ਗੱਲਾਂ ਅੀ ਕਰੀ ਜਾਵੇਗੀ ! ਉਸਨੇ ਤਾਂ ਉਨ੍ਹਾਂ ਸਾਰਿਆਂ ਦੇ ਨਾਂ ਵੀ ਰੱਖੇ ਹੋਏ ਨੇ। ਪਤਾ ਨਹੀਂ ਇੰਨੇ ਨਾਂ ਯਾਦ ਕਿਵੇਂ ਰੱਖ ਲੈਂਦੀ ਏ! ਹਰ ਇਕ ਜਾਨਵਰ ਲਈ ਉਸਨੇ ਉਹੋ ਜਿਹਾ ਹੀ ਘਰ ਬਣਾਇਆ ਹੋਇਐ। ਇਕ ਦਿਨ ਉਸ ਦਾ ਡੱਡੂ ਆਪਣੇ ਪੌਂਡ ਵਿਚੋਂ ਨਿਕਲ ਕੇ ਕਿਤੇ ਭੱਜ ਗਿਆ ਤਾਂ ਦਫ਼ਤਰ ਆਉਂਦੀ ਹੀ ਕਹਿਣ ਲੱਗੀ, “ਮਿਸਿਜ਼ ਸਿੰਘ, ਆਈ ਐਮ ਵੈਰੀ ਸੈਡ ਟੁਡੇ!” ਮੈਂ ਹੈਰਾਨੀ ਨਾਲ ਪੁੱਛਿਆ, “ਵਟ ਹੈਪਨਡ?”
“ਵ੍ਹੀ ਹੈਵ ਲੌਸਟ ਆਵਰ ਨਿੰਜਾ!” ਉਹ ਬੜੀ ਉਦਾਸ ਹੋ ਕੇ ਬੋਲੀ। ਮੈਨੂੰ ਪਤਾ ਸੀ ਕਿ ਨਿੰਜਾ ਉਸ ਦਾ ਡੱਡੂ ਹੈ, ਇਸ ਲਈ ਮੈਂ ਹੱਸ ਕੇ ਕਿਹਾ, “ਜ਼ਰੂਰ ਉਹਨੂੰ ਕੋਈ ਡੱਡੀ ਭਜਾ ਕੇ ਲੈ ਗਈ ਹੋਣੀ ਐ!” ਉਹ ਵੀ ਥੋੜਾ ਹੱਸੀ ਪਰ ਫ਼ਿਰ ਉਦਾਸ ਹੋ ਗਈ ਤਾਂ ਮੈਂ ਸੰਜੀਦਾ ਹੋ ਕੇ ਹਮਦਰਦੀ ਭਰੇ ਲਹਿਜੇ ਵਿਚ ਆਖਿਆ, “ਡੋਂਟ ਵਰ੍ਹੀ ਡੈਬੀ, ਯੂਅਰ ਨਿੰਜਾ ਵਿਲ ਬੀ ਹੋਮ ਸੂਨ!”
ਉਂਝ ਕਹਿਣਾ ਤਾਂ ਮੈਂ ਇਹ ਚਾਹੁੰਦੀ ਸਾਂ ਕਿ ਡੱਡੂ ਹੀ ਤਾਂ ਹੈ, ਪਰ ਕਹਿ ਨਹੀਂ ਸਕੀ …ਉਸ ਦਿਨ ਪਤਾ ਨਹੀਂ ਕਿਉਂ ਪੂਰਾ ਦਿਨ ਮੈਂ ਗੁਣਗੁਣਾਉਂਦੀ ਰਹੀ, ‘ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ…!’
‘ਭਲਾ ਡੱਡੂ ਕਿਵੇਂ ਮਾਰ ਸਕਦੈ ਅੱਖ? ਹਾ ਹਾ ਹਾ…!’
ਇਕ ਦਿਨ ਉਸਨੇ ਮੈਨੂੰ ਆਪਣੇ ਘਰ ਲੰਚ ’ਤੇ ਬੁਲਾਇਆ । ਰਸਮੀ ‘ਹਾਇ ਹੈਲੋ’ ਤੋਂ ਬਾਅਦ ਕਹਿੰਦੀ, ‘ਆਜਾ ਤੈਨੂੰ ਆਪਣੇ ਪਰਿਵਾਰ ਨਾਲ ਮਿਲਾਵਾਂ ।’ ਮੈਂ ਸੋਚ ਰਹੀ ਸਾਂ ਕਿ ਹੁਣ ਇਹ ਮੈਨੂੰ ਆਪਣੇ ਘਰ ਦੇ ਬੰਦਿਆਂ ਨੂੰ ਮਿਲਾਏਗੀ ਪਰ ਉਸ ਦੇ ਘਰ ਦੇ ਦਿ੍ਰਸ਼ ਨੂੰ ਮੈਂ ਕਦੇ ਭੁੱਲ ਹੀ ਨਹੀਂ ਸਕੀ।
ੳੱਗੇ ਅੱਗੇ ਡੈਬੀ ਤੇ ਪਿੱਛੇ ਪਿੱਛੇ ਮੈਂ ; ਇਕ ਕਮਰੇ ਵਿਚੋਂ ਲੰਘ ਰਹੇ ਸਾਂ ; ਵੱਡੇ ਦਰਵਾਜੇ ਵਿਚ ਇਕ ਮੋਟੀ ਤਾਜ਼ੀ ਬਿੱਲੀ ਧੱੁਪ ਸੇਕੀ ਜਾਵੇ। ਡੈਬੀ ਉਸ ਵੱਲ ਇਸ਼ਾਰਾ ਕਰ ਕੇ ਮੈਨੂੰ ਕਹਿੰਦੀ, “ਇਹ ਹੈ ਸਾਡੀ ਕਿਟੀ, ਇਹ ਹੁਣ ਬੁੱਢੀ ਹੋ ਗਈ, ਜ਼ਿਆਦਾ ਹਿੱਲਣਾ ਜੁੱਲਣਾ ਪਸੰਦ ਨਹੀਂ ਕਰਦੀ। ਇਹਨੂੰ ਧੁੱਪ ਸੇਕਣੀ ਬਹੁਤ ਚੰਗੀ ਲਗਦੀ ਏ। ਜ਼ਿਆਦਾਤਰ ਇੱਥੇ ਹੀ ਬੈਠੀ ਰਹਿੰਦੀ ਏ।”
ਇਕ ਹੋਰ ਬਿੱਲੀ ਬਾਹਰ ਘੁੰਮ ਰਹੀ ਸੀ। ਉਸ ਬਾਰੇ ਵੀ ਡੈਬੀ ਦਾ ਤਬਸਰਾ ਸ਼ੁਰੂ ਹੋ ਗਿਆ, “ਇਹ ਟੈਮੀ ਹੈ ਤੇ ਇਹ ਬਾਹਰ ਘੁੰਮਣਾ ਬਹੁਤ ਪਸੰਦ ਕਰਦੀ ਏ, ਪੂਰੀ ਘੁਮਕੱੜ ਹੈ।”
‘ਲਉ ਆਹ ਕੀ!’ ਟੈਮੀ ਨੇ ਸਾਡੇ ਵੱਲ ਸਰਸਰੀ ਜਿਹੀ ਨਜ਼ਰ ਮਾਰੀ ਅਤੇ ਬੜੀ ਮਿਜਾਜ਼ ਨਾਲ ਦੂਜੇ ਪਾਸੇ ਚਲੀ ਗਈ । ਮੈਂ ਸੋਚਦੀ ਰਹੀ, ‘ਲਉ, ਮਹਾਰਾਣੀ ਦੇ ਮਿਜਾਜ਼ ਤਾਂ ਦੇਖੋ! ਹੁੰਦੀ ਨਾ ਸਾਡੇ ਪਿੰਡ…ਰੋਟੀ ਦੇ ਲਾਲੇ ਪਏ ਹੁੰਦੇ’; ਹੁਣ ਅਸੀਂ ਡੈਬੀ ਦੇੇ ਬੈੱਡਰੂਮ ਵਿਚ ਸਾਂ। ਦੁੱਧ ਚਿੱਟਾ ਸਾਫ਼ ਸੁਥਰਾ ਬੈੱਡ ਵਿਛਿਆ ਹੋਇਆ। ‘ਆਹ ਗੁੱਛਾ ਜਿਹਾ ਪਤਾ ਨਹੀਂ ਕੀ ਪਿਐ’ ਮੈਂ ਹੈਰਾਨ ਹੋਈ, ‘ਬੈੱਡ ਕਵਰ ਦੇ ਹੇਠਾਂ ਕੀ ਏ?’ ਡੈਬੀ ਨੇ ਬੈੱਡ ਕਵਰ ਚੁੱਕਿਆ ਤਾਂ ਕੀ ਵੇਖਦੀ ਹਾਂ ਕਿ ਉਹਦੇ ਹੇਠਾਂ ਇਕ ਦੁੱਧ ਚਿੱਟੀ ਬਿੱਲੀ ਸੁੱਤੀ ਪਈ । ਡੈਬੀ ਉਹਦੇ ਪਿੰਡੇ ’ਤੇ ਪਿਆਰ ਨਾਲ ਹੱਥ ਫੇਰੇ ਤੇ ਮੈਨੂੰ ਦੱਸੇ ਕਿ ਇਹ ਹੈ ਸਾਡੀ ‘ਸਨੋਅ-ਵ੍ਹਾਈਟ’, ਹੈ ਇਹ ਬਹੁਤ ਸ਼ਰਮਾਕਲ, ਇੱਥੇ ਲੁਕ ਕੇ ਸੌਣਾ ਇਸਨੂੰ ਬਹੁਤ ਪਸੰਦ ਹੈ।
ਡੈਬੀ ਮੈਨੂੰ ਆਪਣੇ ਸਾਰੇ ‘ਪੈਟੱਸ ਨਾਲ ਇਕ ਇਕ ਕਰਕੇ ਬੜੇ ਚਾਅ ਨਾਲ ਮਿਲਾ ਰਹੀ ਸੀ । ਉਹਨਾਂ ਦੇ ਨਾਂ ਵੀ ਦੱਸਦੀ ਜਾਂਦੀ । ਇਹ ਸਭ ਕੁਛ ਮੇਰੇ ਲਈ ਤਾਂ ਅਚੰਭੇ ਤੋਂ ਘੱਟ ਨਹੀਂ ਸੀ। ਇਨ੍ਹਾਂ ਗੱਲਾਂ ਵਿਚ ਮੇਰੀ ਕੋਈ ਦਿਲਚਸਪੀ ਵੀ ਨਹੀਂ ਸੀ, ਫਿਰ ਵੀ ਮੈਂ ਮੁਸਕਰਾ ਕੇ ਸਿਰ ਹਿਲਾਈ ਜਾ ਰਹੀ ਸਾਂ।
ਲਉ ਜੀ, ਹੁਣ ਡੈਬੀ ਇਹ ਦੱਸਣ ਲੱਗ ਪਈ, ਕਿਹੜੇ ਜਾਨਵਰ ਨੂੰ ਕਿਹੜੇ ਬਿਸਕੁੱਟ ਅਤੇ ਕਿਹੜੀ ‘ਪੈਟੱ ਫੀਡ’ ਪਸੰਦ ਸੀ, ਫਿਰ ਮੈਨੂੰ ਗੈਰਾਜ ਵਿਚ ਲੈ ਗਈ। ਉੱਥੇ ਉਸ ਦੇ ਕੁੱਤੇ ਦਾ ਘਰ ਬਣਿਆ ਹੋਇਆ ਵੇਖ ਮੈਂ ਅਚੰਭਿਤ ਹੋਈ । ਇਕ ਬੈੱਡ ’ਤੇ ਇਕ ਕੁੱਤਾ ਲੰਮਾ ਪਿਆ ਹੋਇਆ ਤੇ ਡੈਬੀ ਉਦਾਸ ਸੁਰ ਵਿਚ ਦੱਸਣ ਲੱਗੀ, “ਬੁੱਲੇਟ ਚੌਦ੍ਹਾਂ ਸਾਲਾਂ ਦਾ ਹੋ ਗਿਐੇ, ਹੁਣ ਵਿਚਾਰੇ ਨੂੰ ਜੋੜਾਂ ਦੀ ਬਿਮਾਰੀ ਹੋ ਗਈ ਏ। ਵੇਖ ਇਸਦੀਆਂ ਲੱਤਾਂ ਵਿੰਗੀਆਂ ਹੋ ਗਈਆਂ, ਇਸ ਤੋਂ ਤੁਰ ਵੀ ਨਹੀਂ ਹੁੰਦਾ, ਬਹੁਤ ਦਰਦ ਰਹਿੰਦਾ ਏ ਇਸਦੀਆਂ ਲੱਤਾਂ ਵਿਚ ! ਅਸੀਂ ਤਿੰਨ ਵੇਲੇ ਜੋੜਾਂ ਦੇ ਦਰਦ ਦੀ ਦੁਆਈ ਖੁਆਉਂਦੇ ਹਾਂ ਇਸਨੂੰ। ਉਂਝ, ਦੁਆਈ ਇਹ ਬਹੁਤ ਸੁਆਦ ਨਾਲ ਖਾਂਦੈ।” ਇਸ ਤਰ੍ਹਾਂ ਇਕ ਇਕ ਕਰਕੇ ਉਸਨੇ ਮੈਂਨੂੰ ਆਪਣੇ ਸਾਰੇ ਜਾਨਵਰ ਦਿਖਾਏ।
“ਵਾਓ! ਯੂਅਰ ਫੇਮਿਲੀ ਇਜ਼ ਸੋ ਬੀਊਟੀਫੁੱਲ ! ਨਾਈਸ ਮੀਟਿੰਗ ਸੱਚ ਏ ਲਵਲੀ ਫੈਮਿਲੀ!” ਮੈਂ ਕਿਹਾ ਤਾਂ ਉਸੇ ਵੇਲੇ ਇਕ ਬਿੱਲੀ ਮੇਰੇ ਪੈਰਾਂ ’ਚ ਆ ਕੇ ਬੈਠ ਗਈ।‘ਏਂਜਲ ਏਂਜਲ’ ਡੈਬੀ ਉਸਨੂੰ ਮੇਰੇ ਪੈਰਾਂ ਵਿਚੋਂ ਚੁੱਕ ਗੋਦੀ ਵਿਚ ਲੈ ਕੇ ਪਲੋਸਣ ਲੱਗ ਪਈ ਅਤੇ ਮੇਰੇ ਵੱਲ ਇਸ਼ਾਰਾ ਕਰਕੇ ਉਸਨੂੰ ਕਹਿਣ ਲੱਗੀ, “ਸ਼ੀ ਇਜ਼ ਮਿਸਿਜ਼ ਸਿੰਘ, ਮਾਈ ਫਰੈਂਡ, ਸੇ ਹੈਲੋ ਟੂ ਹਰ, ਏਂਜਲ!”
“ਹਾਇ ਏਂਜਲ!” ਮੈਂ ਉਸ ਵੱਲ ਹੱਥ ਕਰ ਕੇ ਕਿਹਾ, ਬਿੱਲੀ ਦੇ ਸਪਰਸ਼ ਨਾਲ ਆਪਣੇ ਪੈਰਾਂ ਵਿਚ ਮੈਨੂੰ ਸਰਸਰਾਹਟ ਮਹਿਸੂਸ ਹੋਈ… ਅਚਾਨਕ ਮੇਰਾ ਧਿਆਨ ਪਰਤ ਆਇਆ ਹੈ ; ਉਸ ਕਤੂਰੇ ਬਾਰੇ ਮੁੜ ਸੋਚਣ ਲੱਗ ਪਈ,‘ਹਾਇ ਵਿਚਾਰਾ, ਰੱਬ ਦਾ ਜੀਅ … ਜਾਵਾਂ ਚੁੱਕ ਲਿਆਵਾਂ … ਪਰ… ਪਰ … ਵਾਲ … ਬੋਅ … ਗੰਦਗੀ! ਨਹੀਂ ਮੈਂ ਨਹੀਂ … ਮੈਂ ਡੈਬੀ ਨਹੀਂ … ਮੈਂ ਚਿੰਤਨ ਨਹੀਂ! ਮੇਰੇ ਕੋਲੋਂ ਤਾਂ ਨਹੀਂ ਹੋ ਸਕਣਾ ਇਹ ਸਭ ਕੁਛ।’
‘ਪਰ ਕੀ ਬਣਿਆ ਹੋਊ ਉਸ ਦਾ? ਲੈ, ਉਹ ਹੁਣ ਤੱਕ ਕਿਤੇ ਉੱਥੇ ਹੀ ਪਿਆ ਹੋਣੈ! ਲੈ ਗਏ ਹੋਣੇ ਆ ‘ਐਨੀਮਲ ਸ਼ੈਲਟਰ’ ਵਾਲੇ ਚੁੱਕ ਕੇ ਕਿਸੇ ਨਿੱਘੇ ਸ਼ੈਲਟਰ ਵਿਚ …!’ ਮੈਂ ਆਪਣੇ ਆਪ ਨੂੰ ਤਸੱਲੀ ਦਿੰਦੀ ਹਾਂ।
‘ਐਨੀਮਲ ਸ਼ੈਲਟਰ?’ ਸ਼ਬਦ ਜ਼ਿਹਨ ’ਚ ਉੱਭਰਦੇ ਹੀ ਇਸ ਬਾਰੇ ਕੁਝ ਹੋਰ ਯਾਦ ਆ ਰਿਹੈ! ਕੀ ਸੀ ਉਹ ? ਹਾਂ, ਇਕ ਦਿਨ ਸਾਡੀ ਗੁਆਂਢਣ, ਮਿਸਿਜ਼ ਰੰਧਾਵਾ ਕੁਛ ਕਹਿ ਰਹੀ ਸੀ ‘ਐਨੀਮਲ ਸ਼ੈਲਟਰ’ ਬਾਰੇ … ਹਾਂ, ਹਾਂ ਸੱਚ, ਯਾਦ ਆ ਗਿਆ, ਕਹਿੰਦੀ ਸੀ, “ਸ਼ੇਰੂ ਨੂੰ ‘ਐਨੀਮਲ ਸ਼ੈਲਟਰ’ ਛੱਡਣ ਜਾਣੈ …।”
“ਕਿਉਂ?” ਮੈਂ ਪੁੱਛਿਆ ਤਾਂ ਬੋਲੀ, “ਤੈਨੂੰ ਪਤੈ ਨਾ ਪਿਛਲੇ ਮਹੀਨੇ ਸਾਡਾ ਦੂਜਾ ਕੁੱਤਾ ਜੈਕੀ ਕਿਤੇ ਭੱਜ ਗਿਆ ਸੀ ਤੇ ਸ਼ੇਰੂ ਇਕੱਲਾ ਰਹਿ ਗਿਐ, ਇਸ ਲਈ ਡਿਪਰੈਸ਼ਨ ਵਿਚ ਚਲਾ ਗਿਐ।”
“ਯੂ ਮੀਨ ਕੁੱਤਾ ਡਿਪਰੈਸ਼ਨ ਵਿਚ ਚਲਾ ਗਿਐ? ਮੇਰਾ ਮਤਲਬ ਸ਼ੇਰੂ!” ਮੈਂ ਹੈਰਾਨੀ ਪ੍ਰਗਟ ਕੀਤੀ ਤਾਂ ਕਹਿਣ ਲੱਗੀ, “ਹਾਂ ਸ਼ੀਤਲ, ਸ਼ੇਰੂ! ਇਹ ਜਾਨਵਰ ਵੀ ਤਾਂ ਆਪਣੇ ਵਰਗੇ ਹੀ ਹੁੰਦੇ ਨੇ। ਸ਼ੇਰੂ ਤਾਂ ਉਸ ਦਿਨ ਦਾ ਨਾ ਕੁਛ ਖਾਂਦੈ ਨਾ ਪੀਂਦੈ, ਬਸ ਰੋਈ ਜਾਂਦੈ।”
ਪਹਿਲਾਂ ਮਿਸਿਜ਼ ਰੰਧਾਵਾ ਨੇ ਤੇ ਅੱਜ ਚਿੰਤਨ ਨੇ ਕੁੱਤਿਆਂ ਦੇ ਰੋਣ ਅਤੇ ਭੁੱਖੇ ਰਹਿਣ ਦੀ ਬੜੀ ਅਜੀਬ ਜਿਹੀ ਗੱਲ ਕੀਤੀ ।
ਕੁਛ ਦਿਨਾਂ ਬਾਅਦ ਮੈਂ ਮਿਸਿਜ਼ ਰੰਧਾਵਾ ਨੂੰ ਫ਼ੋਨ ਕੀਤਾ ਤਾਂ ਪੁੱਛ ਹੀ ਲਿਆ, “ਭਾਬੀ ਜੀ ਫ਼ਿਰ ਛੱਡ ਆਏ ਸੀ, ਉਸ ਦਿਨ ਸ਼ੇਰੂ ਨੂੰ ਐਨੀਮਲ ਸ਼ੈਲਟਰ?” ਤੇ ਉਹ ਦੱਸਣ ਲੱਗ ਪਈ, “ਨਾ ਕਿੱਥੇ, ਸ਼ੀਤਲ! ਸ਼ੇਰੂ ਤਾਂ ਜਾਵੇ ਈ ਨਾ, ਬੜਾ ਈ ਰੋਵੇ। ਫ਼ਿਰ ਮੇਰਾ ਜੀਅ ਹੀ ਨਹੀਂ ਕੀਤਾ ਛੱਡਣ ਜਾਣ ਨੂੰ …।”
“ਫਿਰ ਅੱਜ ਸੈਰ ਤੇ ਜਾਣੈ, ਬੜੇ ਦਿਨਾਂ ਤੋਂ ਗਏ ਨ੍ਹੀਂ।” ਮੈਂ ਮੁੱਦਾ ਬਦਲ ਦਿੱਤਾ ਤਾਂ ਉਹ ਰੁਆਂਸੀ ਜਿਹੀ ਫਿਰ ਬੋਲੀ, “ਨਹੀਂ! ਅੱਜ ਮੈਂ ਸ਼ੇਰੂ ਦੇ ਕੋਲ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨੈ … ਬੜਾ ਬਿਮਾਰ ਹੈ ਵਿਚਾਰਾ … ਪਾਠ ਸੁਣ ਕੇ ਉਸਨੂੰ ਕੁਛ ਰਾਹਤ ਮਿਲਦੀ ਹੈ।”
“ਅੱਛਾ ਜੀ!” ਮੈਂ ਫ਼ੋਨ ਰੱਖ ਦਿਤਾ ਤੇ ਸੋਚੀਂ ਪੈ ਗਈ, “ਕੀ ਕੁੱਤਾ ਵੀ ਪਾਠ ਸਮਝ ਸਕਦੈ?”
ਉਸ ਤੋਂ ਕਈ ਦਿਨਾਂ ਬਾਅਦ ਮੈਂ ਉਹਨਾਂ ਮਿਸਿਜ਼ ਰੰਧਾਵਾ ਨੂੰ ਮੈਂ ਸ਼ੇਰੂ ਦੀ ਟਹਿਲ-ਸੇਵਾ ਵਿਚ ਜੁੱਟੇ ਹੋਏ ਵੇਖਿਆ। ਉਹ ਗੈਰਾਜ ਵਿਚ ਕੁਰਸੀ ਤੇ ਬੈਠੇ ਕਦੇ ਉਸਦਾ ਮੂੰਹ ਪਲੋਸਣ ਤੇ ਕਦੇ ਤੌਲੀਏ ਨਾਲ ਅੱਖਾਂ ਸਾਫ਼ ਕਰਨ ਅਤੇ ‘ਵਾਹਿਗੁਰੂ! ਵਾਹਿਗੁਰੂ!’ ਕਰੀ ਜਾਣ।
ਮੈਂ ਚੱੁਪ-ਚਾਪ ਵੇਖ ਰਹੀ ਸਾਂ ਕਿ ਮਿਸਿਜ਼ ਰੰਧਾਵਾ ਦੱਸਣ ਲੱਗ ਪਏ, “ਇਹ ਭੋਰਾ ਕੁ ਸੀ, ਜਦੋਂ ਕਿਤੋਂ ਚਊਂ ਚਊਂ ਕਰਦੇ ਨੂੰ ਚੁੱਕ ਲਿਆਇਆ ਸੀ ਆਪਣਾ ਸ਼ੌਨ! ਹੁੁਣ ਸੋਲ੍ਹਾਂ ਸਾਲਾਂ ਦਾ ਹੋ ਗਿਐ, ਪਰ ਬੜਾ ਸੁਹਣਾ ਸੀ ਅਜੇ, ਰੋਜ ਸਵੇਰੇ ਇਕ ਪਰੌਂਠਾ ਮੱਖਣ ਨਾਲ ਖਾਂਦਾ ਸੀ! ਜੈਕੀ ਦੇ ਜਾਣ ਦਾ ਗ਼ਮ ਲਾ ਲਿਆ ਵਿਚਾਰੇ ਨੇ।”
“ਆਹ ਬਿਸਕੁੱਟ ਇਹਨੂੰ ਬੜੇ ਪਸੰਦ ਨੇ ਪਰ ਮਜਾਲ ਕੀ ਜੇ ਅੱਜ ਇਹਨਾਂ ਨੂੰ ਮੂੰਹ ਵੀ ਲਾਇਆ ਹੋਵੇ। ਕਦੇ ਇਸ ਨੇ ਕਮਰਾ ਗੰਦਾ ਨਹੀਂ ਕੀਤਾ ਸੀ, ਪਰ ਅੱਜ ‘ਐਕਸੀਡੈਂਟ’ ਹੋ ਗਿਆ ਤਾਂ ਮੇਰੇ ਵੱਲ ਇੰਝ ਵੇਖੀ ਜਾਵੇ ਜਿਵੇਂ ‘ਸੌਰੀ’ ਕਹਿੰਦਾ ਹੋਵੇ। ਮੈਂ ਕਿਹਾ, ‘ਸ਼ੇਰੂ ਬੇਬੀ ਕੋਈ ਗੱਲ ਨਹੀਂ, ਮੈਂ ਸਾਫ਼ ਕਰ ਦਿਆਂਗੀ।’ ਸ਼ਰਮਿੰਦਾ ਜਿਹਾ ਹੋ ਕੇ ਰੋਣ ਲੱਗ ਪਿਆ ਤੇ ਫਿਰ ਰੋਈ ਜਾਵੇ …।”
ਸ਼ੇਰੂ ਨੂੰ ਮੁਖਾਤਿਬ ਹੋ ਕੇ ਉਹ ਕਹਿਣ ਲੱਗੀ, “ਸ਼ੇਰੂ ਬੇਬੀ! ਹੁਣ ਤੂੰ ਸਾਨੂੰ ਛੱਡ ਕੇ ਜਾਣਾ ਚਾਹੁੰਦੈਂ … ਤਾਂ ਜਾਹ ਬੇਟਾ, ਚਲਾ ਜਾਹ … ਮੈਨੂੰ ਪਤੈ ਤੂੰ ਤਕਲੀਫ਼ ’ਚ ਆਂ … ਮੇਰੇ ਕੋਲੋਂ ਤੇਰੀ ਤਕਲੀਫ਼ ਨਹੀਂ ਝੱਲੀ ਜਾਂਦੀ … ਜਾਹ ਤੂੰ, ਚਲੇ ਜਾਹ ਬੇਟਾ …!” ਉਨ੍ਹਾਂ, ਉਸ ਦੀ ਪਿਠ ’ਤੇ ਹੱਥ ਰੱਖ ਲਿਆ ਤੇ ਪਾਠ ਕਰਣ ਲੱਗ ਪਏ ਤੇ ਮੈਂ ਉੱਠ ਕੇ ਆਪਣੇ ਘਰ ਆ ਗਈ।
ਇਕ ਦਿਨ ਜਦੋਂ ਉਨ੍ਹਾਂ ਦਾ ਫ਼ੋਨ ਆਇਆ ਤਾਂ ਬੜੀ ਉਦਾਸ ਆਵਾਜ਼ ਵਿਚ ਕਹਿ ਰਹੇ ਸਨ, “ਸ਼ੇਰੂ ਪੂਰਾ ਹੋ ਗਿਆ ਸੀ, ਸ਼ੀਤਲ ! ਬੱਚੇ ਕਹਿੰਦੇ ਅਸੀਂ ਉਸਨੂੰ ‘ਬਰੀ’ ਨਹੀਂ, ‘ਕਰੀਮੇਟ’ ਕਰਨੈ। ਉਸ ਦਾ ਸਸਕਾਰ ਕਰਨ ਤੋਂ ਬਾਅਦ, ਕੱਲ ਅਸੀਂ ਉਸਦੀਆਂ ਅਸਥੀਆਂ ਜਲ-ਪ੍ਰਵਾਹ ਕਰ ਕੇ ਆਏ ਹਾਂ। ਘਰ ਪਾਠ ਵੀ ਕਰਵਾਇਆ ਸੀ ਤੇ ਉਸਨੂੰ ਜੋ ਵੀ ਖਾਣਾ ਚੰਗਾ ਲਗਦਾ ਸੀ ਅੁਹ ਵੀ ਦਾਨ ਕੀਤਾ, ਗੁਰਦਵਾਰੇ ਵੀ ਰਾਸ਼ਨ ਦੇ ਆਏ … ਬੜੀ ਚੰਗੀ ਰੂਹ ਸੀ ਵਿਚਾਰਾ, ਸ਼ੇਰੂ! ਸੋਚਿਆ, ਤੁਹਾਨੂੰ ਵੀ ਦੱਸ ਈ ਦੇਵਾਂ।”
“ਵੈਰੀ ਸੌਰੀ ਭਾਬੀ ਜੀ, ਸਾਹਮਣੇ ਰਹਿੰਦਿਆਂ ਵੀ ਸਾਨੂੰ ਪਤਾ ਹੀ ਨ੍ਹੀਂ ਲੱਗਿਆ।” ਮੈਂ ਇੰਨਾ ਕੁ ਹੀ ਕਹਿ ਸਕੀ, “ਨਹੀਂ ਤਾਂ ਅਸੀਂ ਵੀ ਉਹਦੀ ਕਰੀਮੇਸ਼ਨ ਵਿਚ ਜਰੂਰ ਸ਼ਾਮਿਲ ਹੁੰਦੇ!”
… ਤੇ ਇਨ੍ਹਾਂ ਸਾਰੀਆਂ ਯਾਦਾਂ ਦੀ ਇਸ ਫਲੈਸ਼-ਬੈਕ ਨਾਲ, ਇਕ ਬਾਰ ਫਿਰ ਮੇਰੇ ਸਾਹਮਣੇ ਉਹ ਸਾਰੇ ਆ ਖੜੋਏ ਹਨ – ਚਿੰਤਨ, ਡੈਬੀ ਤੇ ਮਿਸਿਜ਼ ਰੰਧਾਵਾ ਅਤੇ ਉਨ੍ਹਾਂ ਦੇ ਸਾਰੇ ਦੇ ਸਾਰੇ ਪੈਟੱਸ ਤੇ ਉਹ ਸਾਰੇ ਮੈਨੂੰ ਘੂਰ ਘੂਰ ਕੇ ਕਹਿ ਰਹੇ ਨੇ, “ਉਠੱ! ਜਾ ਕੇ ਉਸ ਕਤੂਰੇ ਨੂੰ ਚੁੱਕ ਲਿਆ ਆਪਣੇ ਘਰ!” ਮੈਂ ਘੜੀ ਵੱਲ ਵੇਖਿਐ, ਮੈਨੂੰ ਘਰ ਆਇਆਂ ਦੋ ਘੰਟੇ ਹੋ ਗਏ ਨੇ। ਬਲਬੀਰ ਵੀ ਕੰਮ ਤੋਂ ਘਰ ਆਉਣ ਹੀ ਵਾਲੇ ਨੇ, ਇਸ ਲਈ ਮੈਂ ਜਾਨਵਰਾਂ ਵਾਲੇ ਇਸ ਸੰਸਾਰ ਦੀ ਚੀਖ਼-ਪੁਕਾਰ ਨੂੰ ਅਣਸੁਣੀ ਕਰਕੇ ਰੋਟੀ ਪਕਾਉਣ ਦੇ ਆਹਰ ਵਿਚ ਜੁੱਟ ਗਈ ਹਾਂ।
ਉਹ ਘਰ ਆਏ ਤਾਂ ਠੰਢ ਤੇ ਥਕਾਵਟ ਨਾਲ ਨਿਢਾਲ ਜਿਹੇ ਲੱਗੇ ! ਸਵੇਰ ਦੇ ਤਾਂ ਗਏ ਹੋਏ ਨੇ ਆਪਣੇ ਦਫਤਰ ਤੇ ਹੁਣ ਆਏ ਨੇ ਪੂਰੇ ਬਾਰ੍ਹਾਂ ਘੰਟਿਆਂ ਬਾਅਦ … ਕੀ ਕਰਨ, ਇਨ੍ਹਾਂ ਬੇਗਾਨੇ ਦੇਸਾਂ ਵਿਚ ਸਰਵਾਈਵ ਕਰਨਾ ਵੀ ਕਿਹੜਾ ਸੌਖੈ ?
‘ਗਰਮ-ਗਰਮ ਪਾਣੀ ਨਾਲ ਸ਼ਾਵਰ ਲੈ ਲਉ’, ਮੈਂ ਸਗੈਸਟ ਕੀਤਾ ਹੈ । ਫਰੈੱਸ਼ ਹੋ ਕੇ ਕਹਿਣ ਲੱਗੇ “ਚੱਲ ਫੇਰ ਸ਼ੀਤਲ ਖਾਣ ਪੀਣ ਦਾ ਸਾਮਾਨ ਅੱਜ ਇੱਥੇ ਹੀ ਚੱੁਕ ਲਿਆ ਸੋਫੇ ‘ਤੇ… ਅੱਜ ਬੜੀ ਭੁੱਖ ਲੱਗੀ ਹੋਈ ਆ ਤੇ ਥੱਕ ਵੀ ਬਹੁਤ ਗਿਆਂ ।”
“ਲਉ ਜੀ, ਲਉ!”
ਅਸੀਂ ਖਾਣਾ ਖਾਣ ਬੈਠੇ ਤਾਂ ਹਰ ਰੋਜ਼ ਵਾਂਗ ਸਰਸਰੀ ਗੱਲਾਂ ਚੱਲ ਪਈਆਂ। ਮੇਰੇ ਢਿੱਡ ਵਿਚ ਉਸ ਕਤੂਰੇ ਦੀ ਕਹਾਣੀ ਹਜ਼ਮ ਨਹੀਂ ਹੋ ਰਹੀ ਤੇ ਮੈਂ ਉਸ ਨੂੰ ਦੁਖਾਂਤਿਕ ਦੀ ਬਜਾਇ ਰੌਚਕ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਲੱਗੀ ਹਾਂ,
“ਪਤੈ ਅੱਜ ਤਾਂ ਦਫ਼ਤਰ ਤੋਂ ਆ ਕੇ ਮੈਂ ਹੁਣ ਤੱਕ ਕੁੱਤਿਆਂ-ਬਿੱਲੀਆਂ ਦੇ ਨਾਲ ਹੀ ਕਲੋਲ ਕਰਦੀ ਰਹੀ, ਇਸ ਲਈ ਸੂਪ ਬਨਾਉਣਾ ਮਿੱਸ ਹੋ ਗਿਐ !”
“ਅੱਛਾ! ਉਹ ਕਿੱਦਾ ?”
“ ਜਦੋਂ ਘਰ ਆ ਰਹੀ ਸਾਂ ਤਾਂ ਆਹ ਆਪਣੇ ਘਰ ਵਾਲੇ ਪੁਲ਼ ‘ਤੇ ਇਕ ਕਤੂਰਾ ਠੰਢ ਨਾਲ ਕੁਕੜੂੰ ਹੋਇਆ ਪਿਆ ; ਚਊਂ ਚਊਂ ਕਰੀ ਜਾਵੇ; ਪਹਿਲਾਂ ਤਾਂ ਮੇਰਾ ਮਨ ਕੀਤਾ ਚੁੱਕ ਲਿਆਵਾਂ ਵਿਚਾਰੇ ਨੂੰ ਆਪਣੇ ਘਰ… ਫੇਰ ਸੋਚਿਆ ਛੱਡੋ ਪਰੇ …ਜੇਰਾ ਨਹੀਂ ਪਿਆ; ਸੋਚਿਆ, ਉਹਦੇ ਨਾਲ ਕਿੰਨਾ ਕੰਮ ਹੋਰ ਵੱਧ ਜਾਣੈ ਮੇਰਾ ! ਹੈ ਨਾ ਜਾਨਾ…।”
“ਇਹ ਚੋਹਲ-ਮੋਹਲ ਤਾਂ ਵਿਹਲੇ ਬੰਦਿਆਂ ਲਈ ਹੁੰਦੇ ਆ…ਆਪਾਂ ਹੋਏ ਪਰਦੇਸੀ ਮਜ਼ਦੂਰ …ਆਪਣੇ ਕੋਲ ਵਕਤ ਹੀ ਕਿੱਥੇ ਏ ਇਨ੍ਹਾਂ ਖੇਡਾਂ ਲਈ? ਆਪਾਂ ਉਦੋਂ ਨਹੀਂ ਰੱਖਿਆ ਕੁੱਤਾ, ਜਦੋਂ ਬੱਚੇ ਛੋਟੇ ਸੀ ਤੇ ਜ਼ਿੱਦ ਕਰਦੇ ਰਹੇ। ਇਹੀ ਸੋਚ ਕੇ ਨਹੀਂ ਸੀ ਰੱਖਿਆ ਕਿ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋਣੈ ਤੇ ਆਪਣਾ ਵਕਤ ਬਰਬਾਦ ਹੋਣੈ!”
“ਪਤੈ ਅੱਜ ਚਿੰਤਨ ਨਾਲ ਫ਼ੋਨ ‘ਤੇ ਗੱਲ ਹੋਈ ; ਬੜਾ ਰੋ ਰਹੀ ਸੀ ; ਕਹਿੰਦੀ ਟੀ ਵੀ ਦੇਖ ਦੇਖ ਕੇ ਮਨ ਹੀ ਨਹੀਂ ਖਲੋਂਦਾ … ਉਹ ਤੇ ਉਸਦਾ ਕੁੱਤਾ ਬੱਸ ਰੋਈ ਜਾਂਦੇ ਨੇ… ਟਾਵਰਾਂ ’ਚੋਂ ਅੱਗ ਦੀਆਂ ਲਪਟਾਂ ਦੇਖ ਦੇਖ ਕੇ…ਸੱਚੀਂ ਸੋਚ ਕੇ ਮੇਰੇ ਦਿਲ ਨੂੰ ਵੀ ਘੇਰ ਪੈਣ ਲੱਗ ਜਾਂਦੀ ਏ!”
“ਉਸ ਵਿਚਾਰੀ ਦੇ ਪੱਲੇ ਤਾਂ ਹੁਣ ਇਕੱਲਤਾ ਤੇ ਉਦਾਸੀ ਈ ਰਹਿ ਗਈ ਨਾ ! ਕਿੰਨੇ ਲਾਡ- ਪਿਆਰ ਤੇ ਮਿਹਨਤ-ਮੁਸ਼ੱਕਤ ਨਾਲ ਪਾਲੀਦਾ ਬੱਚਿਆਂ ਨੂੰ … ਤੇ ਉਹ ਜਦੋਂ ਬਾਤ ਵੀ ਨਹੀਂ ਪੁੱਛਦੇ ਤਾਂ ਰੋਣ ਤੋਂ ਸਿਵਾਏ ਹੋਰ ਬਚਦਾ ਵੀ ਕੀ ਏ ਬੰਦੇ ਕੋਲ ! ਫਿਰ ਉਸ ਵਿਚਾਰੀ ਦਾ ਬੰਦਾ ਵੀ ਤਾਂ ਬਹੁਤ ਛੇਤੀ ਤੁਰ ਗਿਆ, ਇਸ ਲਈ ਉਹਦੇ ਰੋਣ ਦੇ ਹੋਰ ਵੀ ਕਈ ਕਾਰਣ ਹੋਣੇ … ਸਿਰਫ਼ ਅੱਗ ਦੀਆਂ ਲਪਟਾਂ ਕਰ ਕੇ ਨਹੀਂ ਰੋ ਰਹੀ ਉਹ!”
“ਪਰ ਮੈਨੂੰ ਵੀ ਤਾਂ ਇਸ ਹਾਦਸੇ ਤੋਂ ਮਗਰੋਂ ਟੀ ਵੀ ਦੇਖਦਿਆਂ ਅਕਸਰ ਰੋਣ ਆ ਹੀ ਜਾਂਦੈ ਨਾ ! ਅਣਭੋਲ ਵਿਚਾਰੇ…ਅਣਆਈ ਮੌਤ ਮਾਰੇ ਗਏ ! ਕੀ ਵਿਗਾੜਿਆ ਸੀ ਉਨ੍ਹਾਂ ਕਿਸੇ ਦਾ…ਅਤੇ ਉਨ੍ਹਾਂ ਦੇ ਪਿੱਛੇ ਰਹਿ ਗਏ ਰਿਸ਼ਤੇਦਾਰ ? ਉਨ੍ਹਾਂ ਦਾ ਕੀ ?? ”
“ਦੇਖ ਸ਼ੀਤਲ! ਮੈਨੂੰ ਵੀ ਹਮਦਰਦੀ ਐ ਅੁਨ੍ਹਾਂ ਪਰਵਿਾਰਾਂ ਨਾਲ ਵੀ ! ਮੈਂ ਤੈਨੂੰ ਇਕ ਗੱਲ ਦੱਸਾਂ, ਇਹ ਸਾਰਾ ਅਮਰੀਕਨ ਮੀਡੀਆ ਇਸ ਹਾਦਸੇ ਨੂੰ ਇੰਜ ਪੇਸ਼ ਕਰ ਰਿਹੈ ਜਿਵੇਂ ਇਹ ਦੁਨੀਆ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਆਤੰਕਵਾਦੀ ਹਮਲਾ ਹੋਵੇ … ਪਰ ਤੂੰ ਦੱਸ, ਨਾਗਾਸਾਕੀ ਤੇ ਹੀਰੋਸ਼ੀਮਾ ਦੇ ਮੁਕਾਬਲੇ ਇਹ ਕੀ ਹੈ? ਵੀਅਤਨਾਮ ਅਤੇ ਈਰਾਕ ‘ਤੇ ਇਨ੍ਹਾਂ ਅਮਰੀਕਨਾਂ ਦੁਆਰਾ ਕੀਤੇ ਹਮਲੇ ਦੇ ਸਾਹਮਣੇ ਇਹ ਕੀ ਹੈ? ਦਰਅਸਲ, ਇਹ ਮੀਡੀਆ ਲੋਕਾਂ ਦੀਆਂ ਭਾਵਨਾਵਾਂ ਭੜਕਾ ਰਿਹੈ ਤੇ ਉਨ੍ਹਾਂ ਨੂੰ ਅਫ਼ਗਾਨਿਸਤਾਨ ‘ਤੇ ਹਮਲੇ ਲਈ ਮਾਨਸਿਕ ਤੌਰ ਤੇ ਤਿਆਰ ਕਰ ਰਿਹੈ।”
ਮੈਂਨੂੰ ਪਤਾ ਸੀ ਬਲਬੀਰ ਇਹੀ ਕੁਝ ਕਹਿਣਗੇ, ਪਹਿਲਾਂ ਵੀ ਕਈ ਵਾਰ ਇਹੋ ਜਿਹੀਆਂ ਗੱਲਾਂ ਮੈਂ ਸੁਣ ਚੁੱਕੀ ਹਾਂ, ਇਸ ਲਈ ਮੈਂ ਚੁੱਪ ਕਰ ਗਈ ਹਾਂ ਤੇ ਉਹ ਮੈਨੂੰ ਸਮਝਾਉਣ ਲੱਗ ਪਏ ਨੇ, “ਇਹ ਜੋ ਮੀਡੀਆ ਭੜਕਾ ਰਿਹਾ, ਇਹ ਆਪਣੇ ਗਲ਼ ਵੀ ਪੈ ਸਕਦਾ, ਕਈ ਗੋਰੇ ਅੱਜ ਮੇਰੀ ਪੱਗ ਨੂੰ ਹੋਰ ਤਰ੍ਹਾਂ ਘੂਰ ਰਹੇ ਸੀ, ਇਸ ਲਈ ਰੋਣ-ਧੋਣ ਦੀ ਬਜਾਇ, ਸੁਚੇਤ ਤੇ ਸਾਵਧਾਨ ਰਹਿਣ ਦੀ ਲੋੜ ਐ ਆਪਾਂ ਸਾਰਿਆਂ ਨੂੰ । ਇਹ ਸਾਨੂੰ ਪੱਗ ਵਾਲਿਆਂ ਨੂੰ ਉਸਾਮਾ ਬਿਨ ਲਾਦੇਨ ਦੇ ਕਜ਼ਨਜ਼ ਸਮਝਦੇ ਆ …ਸੱਚ, ਤੂੰ ਵੀ ਤਾਂ ਉਸ ਦਿਨ ਦੱਸ ਹੀ ਰਹੀ ਸੀ ਕਿ ਤੈਨੂੰ ਤੁਰੀ ਜਾਂਦੀ ਨੂੰ ਕੁਝ ਗੋਰੇ ਚੀਕ ਚੀਕ ਕੇ ਕਿਵੇਂ ਕਹਿ ਰਹੇ ਸਨ, “ਗੋ ਹੋਮ ਪਾਕੀ ! ਗੋਅ ਹੋਮ !” ਭੁੱਲ ਗਈ ?”
ਉਹ ਮੈਨੂੰ ਕਿੰਨਾ ਕੁਝ ਦੱਸਦੇ ਰਹੇ, “ਕਿੰਨੇ ਪੱਗਾਂ ਵਾਲਿਆਂ ਨੂੰ ਇਨ੍ਹਾਂ ਨੇ ਗੈੱਸ ਸਟੇਸ਼ਨਾਂ ਤੇ ਕੰਮ ਕਰਦਿਆਂ ਨੂੰ ਮੁਸਲਮਾਨ ਸਮਝ ਕੇ ਗੋਲੀ ਮਾਰ ਕੇ ਮਾਰ ਦਿੱਤਾ ; ਉਹ ਬੇਕਸੂਰ ਨਹੀਂ ਸਨ ?” ਮੈਂ ਸੁਣਦੀ ਰਹੀ…ਉਹ ਬੋਲਦੇ ਰਹੇ।
ਰਾਤ ਭਰ ਉਸ ਕਤੂਰੇ ਅਤੇ ਸੜ੍ਹਦੇ ਟਾਵਰਾਂ ਦੇ ਖਿਆਲ ਆਉਂਦੇ ਰਹੇ । ਅੱਜ ਸਵੇਰੇ ਦਫ਼ਤਰ ਜਾਣ ਲੱਗੀ ਨੇ ਕਾਰ ਬਾਹਰ ਕੱਢਣ ਲਈ ਆਪਣਾ ਗੈਰਾਜ ਖੋਲਿ੍ਹਆ ਤਾਂ ਸਾਹਮਣੇ ਮਿਸਿਜ਼ ਰੰਧਾਵਾ ਦਾ ਗੈਰਾਜ ਵੀ ਖੁੱਲ੍ਹਾ ਹੋਇਆ। ਗੌਰ ਨਾਲ ਉਧੱਰ ਦੇਖਿਆ ਤਾਂ ਉਹ ਤੇ ਉਹਨਾਂ ਦਾ ਬੇਟਾ ਸ਼ੌਨ ਕੁਛ ਕਰਦੇ ਦਿਸੇ ਤੇ ਮੈਂ ਥੋੜੀ ਦੂਰ ਤੋਂ ਹੀ ਆਵਾਜ਼ ਮਾਰ ਕੇ ਪੁੱਛਿਆ, “ਭਾਬੀ ਜੀ, ਅੱਜ ਸਵੇਰੇ ਸਵੇਰੇ ਕਿਹੜੇ ਆਹਰ ‘ਚ ਲੱਗੇ ਹੋਏ ਓ ?”
“ਆ ਜਾ ਸ਼ੀਤਲ, ਆਜਾ ! ਆ ਤੈਨੂੰ ਕੁਛ ਦਿਖਾਵਾਂ, ਆਹ ਵੇਖ ਸ਼ੌਨ ਕੱਲ੍ਹ ਇਕ ਹੋਰ ਸ਼ੇਰੂ ਨੂੰ ਚੱੁਕ ਲਿਆਇਐ!” ਉਹ ਹੱਸਦੇ ਹੱਸਦੇ ਉਸੇ ਕਤੂਰੇ ਨੂੰ ਤੌਲੀਏ ਨਾਲ ਪੂੰਝੀ ਜਾਣ ਨਾਲੇ ਦੱਸੀ ਜਾਣ, “ਵਿਚਾਰਾ, ਕੱਲ੍ਹ ਆਪਣੇ ਘਰਾਂ ਵਾਲੇ ਪੁਲ਼ ਹੇਠਾਂ ਠੰਢ ਦਾ ਮਾਰਿਆ ਅਧਮੋਇਆ ਹੋਇਆ ਪਿਆ ਸੀ। ਕੰਮ ਤੋਂ ਘਰ ਆਉਂਦੇ ਹੋਏ ਸ਼ੌਨ ਦੀ ਨਜ਼ਰੇ ਪੈ ਗਿਆ ਤਾਂ ਇਹ ਇਸਨੂੰ ਘਰ ਚੁੱਕ ਲਿਆਇਆ!”
“ਦੈਟ’ਸ ਸੋ ਗੁੱਡ!” ਮੈਂ ਹੈਰਾਨ ਹੋਈ ਵੇਖੀ ਜਾਵਾਂ ਤੇ ਸੋਚੀ ਜਾਵਾਂ ਕਿ ਚਿੰਤਨ, ਡੈਬੀ, ਸ਼ੌਨ ਅਤੇ ਮਿਸਿਜ਼ ਰੰਧਾਵਾ- ਇਹ ਸਾਰੇ ਬਾਹਰ ਵਾਲੇ਼ ਪੁਲ਼ ਜਿੰਨੇ ਹੀ ਖੂਬਸੂਰਤ ਲੋਕ ਨੇ; ਉੱਚੇ ਕਿਰਦਾਰਾਂ ਵਾਲੇ ; ਹਰ ਜੀਵ ਦਾ ਦਰਦ ਸਮਝਣ ਵਾਲੇ ; ਉਸਦੀ ਕਦਰ ਕਰਣ ਵਾਲੇ! ਖ਼ੈਰ, ਚਲੋ ! ਇਕ ਜੀਵ ਦੀ ਜਾਨ ਬਚ ਗਈ।
ਐਵੇਂ ਝੂਠਾ ਜਿਹਾ ਮੁਸਕਰਾ ਕੇ ਮੈਂ ਆਖਿਆ, “ਬਹੁਤ ਨੇਕ ਕੰਮ ਕੀਤੈ ਸ਼ੌਨ ਨੇ ਬਈ।”
ਉਹ ਕਹਿਣ ਲੱਗੇ, “ਸ਼ੁਕਰ ਹੈ ਰੱਬ ਦਾ, ਉਸਨੇ ਸਾਡਾ ਸ਼ੇਰੂ ਫਿਰ ਮੋੜ ਦਿੱਤਾ, ਪਤੈ ਆਪਣਾ ਸ਼ੌਨ ਤਾਂ ਉਹਨੂੰ ਬਹੁਤ ਹੀ ਮਿੱਸ ਕਰਦਾ ਸੀ!”
ਭਾਬੀ ਜੀ ਖੁਸ਼ ਹਨ, ਬੇਟਾ ਸ਼ੌਨ ਵੀ ਖੁਸ਼ ਹੈ ਅਤੇ ਉਨ੍ਹਾਂ ਵੱਲ ਵੇਖ ਕੇ ਮੈਂ ਆਪਣੇ ਅਪਰਾਧ ਬੋਧ ਤੋਂ ਮੁਕਤ ਹੋ ਗਈ ਹਾਂ। ਉਹ ਕਤੂਰਾ ਪੂਰੇ ਮਜ਼ੇ ਨਾਲ ਉਹੀ ਬਿਸਕੁੱਟ ਖਾ ਰਿਹੈ ਜੋ ਸ਼ੇਰੂ ਨੂੰ ਬਹੁਤ ਪਸੰਦ ਸਨ! ਅੱਜ
ਮੀਂਹ ਰੁਕ ਗਿਆ ਹੈ, ਬੱਦਲ ਛਟ ਗਏ ਨੇ ਅਤੇ ਮੈਂ ਹੌਲੀ ਫੁੱਲ ਹੋਈ ਨੇ ਪੁਲ਼ ਪਾਰ ਕਰਕੇ ਕਾਰ ਦਫ਼ਤਰ ਦੇ ਰਾਹੇ ਪਾ ਲਈ ਹੈ।
(ਲੇੇਖਿਕਾ ਕਵਿਤਾ ਅਤੇ ਕਹਾਣੀ ਲਿਖਦੇ ਹਨ, ਉਹਨਾਂ ਦੇ ਕਵਿਤਾ ਸੰਗ੍ਰਹਿ ਵਿਸਮਾਦ, ਹੇ ਸਖੀ ਤੇ ਕਹਾਣੀ ਦੀਆਂ ਕਿਤਾਬ ਪਾਰਲੇ ਪੁਲ਼ ਸਾਹਿਤ ਜਗਤ ਵਿਚ ਆ ਚੁੱਕੀਆਂ ਹਨ। ਉਹ ਅੱਜਕੱਲ੍ਹ ਕੈਨੇਡਾ ਵਿਚ ਰਹਿ ਰਹੇ ਹਨ।)