ਕਹਾਣੀ – ਹੜੰਬਾ

0
6550

-ਬਲਵੀਰ ਕੌਰ ਰੀਹਲ
ਗੋਲਾ ਜਦੋਂ ਢੋਲਕੀ ਵਜਾਉਂਦਾ, ਉਹਦੇ ਕਾਲੇ ਸ਼ਾਹ ਚਿਹਰੇ ’ਤੇ ਪਸੀਨਾ ਆ ਜਾਂਦਾ।ਅੱਖਾਂ ਵਿਚ ਪਾਇਆ ਸੁਰਮਾ ਹੋਰ ਉੱਘੜ ਜਾਂਦਾ।ਰੱਬ ਨੇ ਉਹਦਾ ਰੰਗ ਵੀ ਕਾੜਨ ਵੇਲੇ ਕਸਰ ਨਹੀਂ ਛੱਡੀ।ਮਾਤਾ ਦੇ ਜਗਰਾਤੇ ਕਰਦਾ,ਆਲੇ ਦੁਆਲੇ ਪਿੰਡਾਂ ’ਚ ਚਾਹੇ ਗੁੱਗੇ ਦੀ ਪੂਜਾ ਹੁੰਦੀ ਜਾਂ ਫਿਰ ਅਖਾੜਾ,ਉਹ ਢੋਲਕੀ ਵਜਾਉਂਦਾ।ਉਹਦੇ ਦੁਆਰਾ ਵਜਾਈ ਜਾ ਰਹੀ ਢੋਲਕੀ ਦੀ ਅਵਾਜ਼ ਉੱਚੀ ਹੁੰਦੀ ਜਾਂਦੀ।ਉਹ ਭੇਟਾਂ ਗਾਅ ਰਹੀ ਟੋਲੀ ਦੇ ਨਾਲ ਹੀ ਟੋਲੀ ਦੇ ਮੁਖੀ ਦੇ ਪਿੱਛੇ ਮੌੜਵਾ ਉੱਤਰ ਵੀ ਸਾਥੀਆਂ ਸਮੇਤ ਦੇਈ ਜਾਂਦਾ ।
ਮਾਂ ਹੋ ਰਹੀ ਹੈ ਜੈ ਜੈ ਕਾਰ ਤੇਰੀ ਮੰਦਰਾਂ ’ਚ।
ਕਦੇ ਉਹ ਪੌਣਾਹਾਰੀ ਦੇ ਉੱਚੀ-ਉੱਚੀ ਲੋਰ ਵਿਚ ਆਇਆ ਜੈਕਾਰੇ ਲਾਉਂਦਾ।
ਜੈਕਾਰਾ ਪੌਣਾਹਾਰੀ ਦਾ। ਬੋਲੋ ਸੱਚੇ ਦਰਬਾਰ ਦੀ ਜੈ।
ਜੈਕਾਰਾ ਜਾਹਰ ਪੀਰ ਦਾ। ਜੈਕਾਰਾ ਜੋਤਾਂ ਵਾਲੀ ਦਾ।
ਜਦੋਂ ਪਿੰਡ ਥਾਨ ਦੀ ਜਗ੍ਹਾਂ ਤੇ ਮੇਲਾ ਲੱਗਦਾ, ਮੈਨੂੰ ਉਹਦਾ ਢੋਲਕੀ ਵਜਾਉਂਦੇ ਦਾ ਮੁੜਕੇ ਨਾਲ ਭਿੱਜਿਆ ਚਿਹਰਾ ਘਰ ਆ ਕੇ ਵੀ ਨਾ ਭੁੱਲਦਾ।
ਜਗਰਾਤਾ ਮੰਡਲੀ ਨੂੰ ਤਾਂ ਕਿਸੇ-ਕਿਸੇ ਦਿਨ ਕਈ–ਕਈ ਪੈਸੇ ਬਣ ਜਾਂਦੇ।ਗੋਲਾ ਕਿੰਨੇ-ਕਿੰਨੇ ਦਿਨ ਗਲੀਆਂ ਵਿਚ ਸ਼ਰਾਬ ਨਾਲ ਰੱਜਿਆ ਘੁੰਮਦਾ ਰਹਿੰਦਾ।
ਹੌਲੀ-ਹੌਲੀ ਇਕ ਦੋ ਗਾਉਣ ਵਾਲੀਆਂ ਨਵੀਆਂ ਪਾਰਟੀਆਂ ਹੋਰ ਉੱਠ ਖੜੀਆਂ।ਗੋਲੇ ਦਾ ਕੰਮ ਥੋੜ੍ਹਾ ਮੱਠਾ ਪੈ ਗਿਆ।ਉਹ ਵਿਹਲੇ ਦਿਨਾਂ ’ਚ ਦਿਹਾੜੀਆਂ ਕਰਦਾ ਜਾਂ ਫਿਰ ਲੋਕਾਂ ਦੇ ਮੰਜੇ ਬੁਣਦਾ ਜਾਂ ਸਰਦੀਆਂ ਦੇ ਦਿਨਾਂ ਵਿਚ ਤੂਤ ਦੇ ਟੋਕਰੇ ਬਣਾਉਣ ਦਾ ਕੰਮ ਕਰਦਾ।
ਹੌਲੀ-ਹੌਲੀ ਸਮੇਂ ਦੀ ਤੋਰ ਨਾਲ ਮੰਜਿਆਂ ਤੇ ਤੂਤ ਦੇ ਟੋਕਰਿਆਂ ਦਾ ਕੰਮ ਵੀ ਮੱਠਾ ਪੈਣ ਲੱਗ ਪਿਆ।ਹੁਣ ਉਹਦਾ ਹੁਨਰ ਹੱਥੋਂ ਖੁੱਸਦਾ ਜਾਂ ਰਿਹਾ ਸੀ।
ਮੰਜੇ ਬਣਾਉਂਦਾ ਉਹ ਆਪਣੀਆਂ ਹੀ ਸਿਫ਼ਤਾਂ ਕਰੀ ਜਾਂਦਾ, “ਮੇਰੇ ਵਰਗੇ ਅੱਠਕਲੀਏ ਮੰਜੇ ਕੋਈ ਮਾਈ ਦਾ ਲਾਲ ਨਹੀਂ ਬੁਣ ਸਕਦਾ” ਫਿਰ ਉਹ ਉਦਾਸ ਜਿਹਾ ਹੋ ਜਾਂਦਾ।
ਗੋਲਾ ਮਿੰਦਰੋ ਦੇ ਘਰ ਉਸ ਦਿਨ ਗੇੜਾ ਮਾਰਦਾ, ਜਿਸ ਦਿਨ ਉਸ ਦੀ ਜੇਬ ਗਰਮ ਹੁੰਦੀ।“ਮਰ ਜਣਿਆ ਮੇਰਾ ਟੋਕਰਾ ਤਾਂ ਬਣਾ ਦੇਵੀ, ਸਾਰੇ ਟੋਕਰੇ ਟੁੱਟੇ ਪਏ ਆ, ਪਸ਼ੂਆਂ ਨੂੰ ਪੱਠੇ ਪਾਉਣ ਲਈ ਵੀ ਕੋਈ ਟੋਕਰਾ ਨਹੀਂ ਘਰੇ।” ਮਿੰਦਰੋ ਉਹਨੂੰ ਨਿਹੋਰੇ ਮਾਰਦੀ, ਨਾਲੇ ਅੱਖ ਦੇ ਇਸ਼ਾਰੇ ਨਾਲ ਅੰਦਰ ਸੱਦ ਲੈਂਦੀ।“ਭਾਬੀ ਆਹ ਕੀ ਗੱਲ ਕੀਤੀ ਤੂੰ ਨਿਕੰਮੇ ਟੋਕਰੇ ਦੀ” ਮਿੰਦਰੋ ਕਦੇ–ਕਦੇ ਆਪ ਵੀ ਗਲਾਸੀ ਲਾ ਲੈਂਦੀ, ਗੋਲਾ ਵੀ ਉਹਦੇ ਕੋਲ ਗਲਾਸੀ ਲਾਉਣ ਆਉਂਦਾ ਤੇ ਨਾਲੇ…
ਕਈ-ਕਈ ਦਿਨ ਗੋਲਾ ਪਿੰਡ ਨਾ ਵੜਦਾ, ਉਹ ਆਪਣੀ ਮੰਡਲੀ ਨਾਲ ਦੂਰ ਚਲਾ ਜਾਂਦਾ ਢੋਲਕੀ ਵਜਾਉਣ, ਮਿੰਦਰੋ ਉਹਦੀ ਕਈ-ਕਈ ਦਿਨ ਉਡੀਕ ਕਰਦੀ…
ਗੋਲੇ ਦਾ ਰੰਗ ਤਾਂ ਪੁੱਠੇ ਤਵੇ ਵਰਗਾ ਕਾਲਾ ਸ਼ਾਹ ਸੀ, ਵਿਆਹ ਦੀ ਉਮਰੋਂ ਵੀ ਟੱਪ ਗਿਆ, ਸਿਆੜ ਵੀ ਕੋਈ ਹਿੱਸੇ ਨਹੀਂ ਸੀ ਆਉਂਦਾ।ਉੱਪਰੋਂ ਜਿੰਨੇ ਪੈਸੇ ਕਮਾਉਂਦਾ ਇਕ ਦੋ ਦਿਨਾਂ ਵਿਚ ਹੀ ਡਕਾਰ ਜਾਂਦਾ, ਜਾਂ ਮਿੰਦਰੋ…
ਹੜੰਬਾ ਦਾ ਨਾਂ ਤਾਂ ਕੁੱਝ ਹੋਰ ਹੀ ਸੀ, ਪਰ ਸਾਰਾ ਪਿੰਡ ਉਹਨੂੰ ਹੜੰਬਾ ਕਹਿ ਕੇ ਹੀ ਸੰਬੋਧਨ ਕਰਦਾ।ਉਹਦਾ ਸਰੀਰ ਛੇ ਫੁੱਟਾ ਸੀ, ਗੋਲਾ ਤਾਂ ਉਹਦੇ ਮੋਢੇ ਤੱਕ ਮਸੀਂ ਆਉਂਦਾ ਸੀ।ਉੱਦਾਂ ਵੀ ਉਹਦੀ ਉਮਰ ਪੱਕੀ ਹੋਈ ਸੀ,ਗੋਲੇ ਤੋਂ ਉਹ ਹਰ ਪੱਖੋਂ ਵੱਡੀ ਸੀ।ਹੜੰਬਾ ਦੀ ਮਤਰੇਈ ਮਾਂ ਨੇ ਜ਼ੁਲਮ ਕਰਨ ਵਿਚ ਕੋਈ ਕਸਰ ਨਾ ਛੱਡੀ।ਉਹਦਾ ਇਕ-ਇਕ ਡੇਲਾ ਪਾਈਏ-ਪਾਈਏ ਦਾ ਸੀ।
ਹੜੰਬਾ ਦਾ ਵਿਆਹ ਗੋਲੇ ਨਾਲ ਹੋ ਗਿਆ।ਉਹ ਇੰਨੀ ਉੱਚੀ ਬੋਲਦੀ ਉਹਦੀ ਅਵਾਜ਼ ਦਸਾਂ ਘਰਾਂ ਨੂੰ ਸੁਣਾਈ ਦਿੰਦੀ।“ਵੇ ਜਲ ਜਾਣਿਓ ਆ ਜਾਓ ਫੂਕ ਲਓ ਰੋਟੀਆਂ” ਉਹ ਨਿਆਣਿਆਂ ਨੂੰ ਉੱਚੀ-ਉੱਚੀ ਆਵਾਜ਼ਾਂ ਮਾਰਦੀ।ਉਪਰੋਥਲੀ ਹੀ ਤਿੰਨ ਸਾਲਾਂ ਵਿਚ ਦੋ ਮੁੰਡੇ ਹੋ ਗਏ।
ਰੱਬ ਨੇ ਬਣਾਈ ਜੋੜੀ ਇਕ ਅੰਨਾ ਇਕ ਕੋਹੜੀ ਵਾਲੀ ਕਹਾਵਤ ਦੋਹਾਂ ਤੇ ਢੁੱਕਦੀ ਸੀ।ਦੋਵਾਂ ਦਾ ਕੋਈ ਮੇਲ ਨਹੀਂ ਸੀ ਪਰ ਫਿਰ ਵੀ ਦਿਨ ਲੰਘੀ ਜਾ ਰਹੇ ਸਨ।
“ਮਰ ਜਣੇ ਨੂੰ ਪੁੱਛੇ ਕੋਈ ਮੈਂ ਚੁੱਲੇ ’ਚ ਆਪਣੀਆਂ ਲੱਤਾਂ ਢਾਹ ਲਵਾ।” ਉਹ ਰੋਟੀਆਂ ਪਕਾਉਂਦੀ ਗਿੱਲੇ ਬਾਲਣ ਤੋਂ ਦੁਖੀ ਹੁੰਦੀ।ਫਿਰ ਆਖਦੀ, “ਨਿਆਣਿਆਂ ਦਾ ਤਾਂ ਢਿੱਡ ਝੁਕਲਣਾ ਹੀ ਹੋਇਆ” ਫਿਰ ਦਿਨੇ ਉਹ ਚੌਂਅ ਵਿਚੋਂ ਨੜੇ ਵੱਢ ਕੇ ਲਿਆਉਂਦੀ।ਨੜੇ ਸਕਾਉਂਦੀ ਬਾਲਣ ਜਾਲਦੀ।ਹੁਣ ਤਾਂ ਉਹ ਇਕ ਦੋ ਘਰਾਂ ਦਾ ਕੰਮ ਵੀ ਕਰਨ ਲੱਗ ਪਈ, ਆਉਂਦੀ ਹੋਈ ਦਾਲ ਸਬਜੀ ਲੈ ਆਉਂਦੀ।ਕਿੱਧਰੇ ਫੋਨ ਘੁਮਾਉਣਾ ਹੁੰਦਾ ਕਹਿ ਕੇ ਫੋਨ ਘੁਮਾ ਲੈਂਦੀ।
ਗੋਲਾ ਜੇ ਕਿਸੇ ਦੇ ਘਰ ਮੰਜਾ ਬੁਣਨ ਜਾਂਦਾ, ਰੱਸੀ ਫੜ ਕੇ ਹੀ ਬੈਠਾ ਰਹਿੰਦਾ, ਉਹਦੀ ਝੋਕ ਲੱਗ ਜਾਂਦੀ।ਚਾਹ ਤੇ ਚਾਹ ਦਾ ਕੱਪ ਪੀਈ ਜਾਂਦਾ, ਫਿਰ ਆਖਦਾ, “ਆਹ ਪੁੜੀ ਪਾ ਕੇ ਭਾਬੀ ਚਾਹ ਬਣਾ ਦੇਈ।” ਹੌਲੀ-ਹੌਲੀ ਲੋਕਾਂ ਨੇ ਉਹਦੇ ਕੋਲੋਂ ਮੰਜੇ ਬਣਾਉਣੇ ਬੰਦ ਕਰ ਦਿੱਤੇ।
ਘਰ ਰੋਜ਼ ਰਾਤ ਨੂੰ ਲੜਾਈ ਝਗੜਾ ਵਧੀ ਗਿਆ।ਕਿਸੇ-ਕਿਸੇ ਦਿਨ ਤਾਂ ਹੜੰਬਾ ਗੋਲੇ ਨੂੰ ਭੁੰਜੇ ਸੁੱਟ ਲੈਂਦੀ ।ਉਹਦੇ ਢਿੱਡ ਤੇ ਗੋਡਾ ਰੱਖ ਕੇ ਜਿੱਧਰ ਦਿਲ ਕਰਦਾ ਉਹਦੇ ਮੁੱਕੇ ਥੱਪੜ ਜੜਦੀ, ਸਵੇਰ ਨੂੰ ਗੋਲੇ ਕੋਲੋਂ ਉੱਠਿਆ ਨਾ ਜਾਂਦਾ।ਇਕ ਤਾਂ ਨਸ਼ਾ ਉੱਤਰ ਜਾਂਦਾ, ਦੂਜਾ ਹੜੰਬਾ ਦੁਆਰਾ ਭੰਨੇ ਹੋਏ ਹੱਡ ਪੈਰ ਦੁੱਖਦੇ।
ਹੜੰਬਾ ਪਹਿਲਾਂ ਤਾਂ ਲੋਕਾਂ ਦੇ ਘਰਾਂ ਦਾ ਹੀ ਕੰਮ–ਕਾਰ ਕਰਦੀ ਸੀ।ਹੌਲੀ-ਹੌਲੀ ਖਬਰਾਂ ਉੱਡਣ ਲੱਗੀਆਂ, ਅੱਜ ਉਹ ਫਲਾਣੇ ਮੁੰਡੇ ਨਾਲ ਚੌਂਅ ’ਚ ਸੀ, ਕੱਲ ਫਲਾਣੇ ਨਾਲ।ਪਹਿਲਾਂ ਤਾਂ ਉਹਨੂੰ ਚੌਂਅ ਦੀ ਝਿੜੀ ਵਿਚੋਂ ਬਹੁਤ ਡਰ ਲੱਗਦਾ ਸੀ।
ਹੁਣ ਉਹਨੂੰ ਨਾ ਤਾਂ ਕਿਸੇ ਪਿੰਡ ਦੇ ਬੰਦੇ ਦਾ ਡਰ ਸੀ ਨਾ ਹੀ ਗੋਲੇ ਦਾ।ਗੋਲਾ ਘਰ ਹੁੰਦਾ ਵੀ ਘਰ ਨਾ ਹੋਇਆ ਨਾਲ ਦਾ ਹੀ ਸੀ।ਜੇ ਉਹਨੂੰ ਕੋਈ ਅੱਧੀ ਰਾਤ ਨੂੰ ਵੀ ਆਪਣੇ ਘਰ ਬੁਲਾ ਲੈਂਦਾ ਤਾਂ ਉਹ ਉਹਦੇ ਘਰ ਹੀ ਚਲੀ ਜਾਂਦੀ ਨਹੀਂ ਤਾਂ ਲੋਕ ਆਪ ਉਹਦੇ ਘਰ ਆ ਜਾਂਦੇ।
ਟੈਪੂਆਂ ਵਾਲੇ ਡਰਾਈਵਰ ਵੀ ਉਹਨੂੰ ਮੁਫ਼ਤ ਹੀ ਮਾਹਿਲਪੁਰ ਲੈ ਜਾਂਦੇ, “ਆ ਭਾਬੀ ਚੱਲੀਏ, ਗੇੜਾ ਮਾਰ ਆਈਏ।”ਉਹਦੇ ਲਈ ਤਾਂ ਸਾਰਾ ਪਿੰਡ ਹੀ ਮਿੱਤਰਾਂ ਦਾ ਸੀ ।
ਹੁਣ ਤਾਂ ਨਾਲ ਦੇ ਪਿੰਡਾਂ ਦੇ ਬੰਦੇ ਵੀ ਸ਼ਰੇਆਮ ਹੀ …ਇਕ ਦਿਨ ਰੌਲਾ ਪੈ ਗਿਆ, “ ਚੋਰ ਆ ਗਿਆ, ਚੋਰ ਆ ਗਿਆ।” ਚੋਰ ਹਨੇਰੇ ਦਾ ਫਾਇਦਾ ਉਠਾਉਂਦਾ ਮੱਕੀ ਦੇ ਖੇਤਾਂ ’ਚ ਜਾ ਵੜਿਆ।ਦਿਆਲਾ ਪੁਲਸੀਆ ਮੁਸਕੜੀਆ ਹਾਸਾ ਹੱਸਦਿਆ ਬੋਲਿਆ, “ ਜਾਣ ਦਿਓ, ਇਹ ਕੋਈ ਚੋਰ ਨਹੀਂ ਸੀ, ਇਹ ਤਾਂ ਚੰਮ ਚੋਰ ਸੀ…।” ਸਾਰੇ ਮੁੰਡੇ ਡਾਂਗਾਂ ਸੁੱਟਦੇ ਹੋਏ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਪੰਚਾਇਤ ਨੂੰ ਮੂੰਹ ਦਿਖਾਉਣਾ ਔਖਾ ਹੋ ਗਿਆ ਸੀ, ਜਦੋਂ ਕੋਈ ਨਾਲ ਦੇ ਪਿੰਡ ਦਾ ਬੰਦਾ ਆ ਕੇ ਪੁੱਛਦਾ , “ਕਾਲੇ ਗੋਲੇ ਦਾ ਘਰ ਕਿਹੜਾ…?”
ਪਿੰਡ ਨੇ ਇਕੱਠੇ ਹੋ ਕੇ ਪੰਚਾਇਤ ਬੁਲਾਈ, ਹੜੰਬਾ ਸੱਦੀ ਗਈ, ਗੋਲਾ ਸੱਦਿਆ ਗਆ।
“ਜੇ ਤੈ ਆਹ ਕੰਮ ਨਹੀਂ ਛੱਡਣਾ ਤਾਂ ਪਿੰਡ ਛੱਡ ਕੇ ਚਲੀ ਜਾ।”
ਇਕ ਪੰਚ ਹੜੰਬਾ ਵੱਲ ਉੱਲਰ ਕੇ ਆਇਆ, “ਵੇ ਪੰਚਾ ਮੇਰੇ ਤੇ ਕਾਹਨੂੰ ਉੱਲਰਦਾ ਆਪਣੀ ਪੀੜੀ ਹੇਠ ਸੋਟਾ ਫੇਰ, ਜੇ ਫਿਰ ਵੀ ਉੱਲਰਨਾ ਤਾਂ ਆਹ ਗੋਲੇ ਵੱਲ ਉੱਲਰ।ਨਿਆਣਿਆਂ ਨੂੰ ਮੈਂ ਕੀ ਖਿਲਾਵਾਂ, ਕੁੱਤਿਆਂ ਦਾ…।” ਆਖਿਰ, ਗੋਲੇ ਨੂੰ ਸਭਾ ਨੇ ਘਰ ਸਾਰੇ ਪੈਸੇ ਲਿਆ ਕੇ ਦੇਣ ਲਈ ਆਖਿਆ।ਤੇ ਪੰਚਾਇਤ ਉੱਠ ਗਈ।
ਪੰਚਾ ਦਾ ਕਿਹਾ ਸਿਰ ਮੱਥੇ, ਪਰਨਾਲਾ ੳੇੁੱਥੇ ਦਾ ਉੱਥੇ..ਇਕ ਦੋ ਦਿਨਾਂ ਮਗਰੋਂ ਫਿਰ ਗੱਡੀ ਉਸੇ ਲੀਹੇ ਤੁਰ ਪਈ।
ਹੜੰਬਾ ਨੇ ਹੁਣ ਪਿੰਡ ਛੱਡ ਦਿੱਤਾ ਉਹ ਕਈ-ਕਈ ਦਿਨ ਪਿੰਡ ਨਾ ਮੁੜਦੀ।ਲੋਕ ਆ ਕੇ ਗੱਲਾਂ ਕਰਦੇ, “ਉਹ ਹੁਸ਼ਿਆਰਪੁਰ ਫਲਾਣੇ ਹੋਟਲ ’ਚ ਸੀ।”ਕਿਸੇ ਦਿਨ ਖ਼ਬਰਾਂ ’ਚ ਵੀ ਉਹਦੀਆਂ ਹੀ ਧੁੰਮਾਂ ਹੁੰਦੀਆਂ “ਫਲਾਣੇ ਪਿੰਡ ਦੀ ਜਨਾਨੀ ਪੰਜ ਬੰਦਿਆਂ ਨਾਲ ਨਗਨ ਹਾਲਤ ਵਿਚ ਹੋਟਲ ’ਚੋਂ ਮਿਲੀ…।”
ਹੁਣ ਉਹਦਾ ਆਪਣੇ ਨਿਆਣਿਆਂ ਨਾਲੋਂ ਵੀ ਮੋਹ ਟੁੱਟਦਾ ਜਾਂ ਰਿਹਾ ਸੀ।ਨੀਤਪੁਰੀਆਂ ਚਰਨਾ ਪਹਿਲਾਂ ਤਾਂ ਸ਼ਰੇਆਮ ਘਰ ਆਉਂਦਾ ਸੀ, ਫਿਰ ਭਜਾ ਕੇ ਲੈ ਗਿਆ ਬੰਬੇ।ਦੋ ਕੁ ਸਾਲ ਉਹਨਾਂ ਦੀਆਂ ਗੱਲਾਂ ਲੋਕਾਂ ਨੇ ਚਟਕਾਰੇ ਲੈ-ਲੈ ਕੀਤੀਆਂ।ਹੌਲੀ-ਹੌਲੀ ਹੜੰਬਾ ਦਾ ਲੋਕ ਜ਼ਿਕਰ ਕਰਨੋਂ ਹਟ ਗਏ।
ਦੋ ਕੁ ਸਾਲਾਂ ਮਗਰੋਂ “ਚਰਨਾਂ ਤਾਂ ਬੜਾ ਚਤਰ ਨਿਕਲਿਆ, ਉਹ ਤਾਂ ਹੜੰਬਾ ਨੂੰ ਭਜਾ ਕੇ ਲੈ ਗਿਆ, ਮੈਂ ਸੁਣਿਆ ਉਹਦੀ ਤਾਂ ਕਾਮਈ ਵੱਧ ਗਈ” ,ਠਾਕਰੁ ਹੀਂ-ਹੀਂ ਕਰਦਾ ਗੱਲਾਂ ਨੂੰ ਵਧਾ ਚੜਾ ਕੇ ਦੱਸਦਾ, ਨਾਲ ਹੀ ਨਾਹਰੀ ਉੱਤਰ ਦਿੰਦਾ, “ਉਸ ਕੰਜਰ ਨੇ ਤਾਂ ਆਪਣੀ ਗੱਡੀ ਵੀ ਵੇਚ ਦਿੱਤੀ, ਸਾਰੀ ਕਮਾਈ ਹੜੰਬਾ ਦੇ ਸਿਰੋਂ ਹੀ ਕਰਦਾ, ਪਿੱਛੇ ਆਪਣੀ ਤੀਵੀਂ ਨੂੰ ਖਰਚ ਪਾਣੀ ਵੀ ਹੜੰਬਾ ਦੇ ਸਿਰੋਂ ਹੀ ਭੇਜ ਰਿਹਾ।”
ਲੋਕਾਂ ਨੂੰ ਰੋਜ ਚਰਚਾ ਕਰਨ ਦਾ ਮੌਕਾ ਮਿਿਲਆ ਰਹਿੰਦਾ।ਉਹ ਜਦੋਂ ਪੰਜਾਬ ਆਉਂਦੀ ਤਾਂ ਦੱਸਣ ਵਾਲੇ ਆਖਦੇ, “ਹੜੰਬਾ ਦੀ ਤਾਂ ਟੌਹਰ ਹੀ ਬੜੀ ਸੀ।ਉਹ ਤਾਂ ਪਛਾਣੀ ਹੀ ਨਹੀਂ ਗਈ।”
ਦੋਵੇਂ ਮੁੰਡੇ ਰੁਲ-ਖੁਲ ਕੇ ਵੱਡੇ ਹੋ ਰਹੇ ਸਨ।ਹੜੰਬਾ ਦੇ ਪੇਕਿਆਂ ਨੇ ਵੀ ਉਹਦੇ ਨਾਲੋਂ ਨਾਤਾ ਤੋੜ ਲਿਆ।ਮੁੰਡਿਆਂ ਦਾ ਪਿੰਡ ਵਿਚ ਰਹਿਣਾ ਦੁੱਭਰ ਹੋਇਆ ਪਿਆ।ਵੱਡੇ ਮੁੰਡੇ ਨੇ ਕੱਚੀਆਂ ਪਿੱਲੀਆਂ ਰੋਟੀਆਂ ਰਾੜਨੀਆਂ ਸਿੱਖ ਲਈਆਂ।ਮੁੰਡੇ ਦਾ ਪੜ੍ਹਨ ਵਿਚ ਮਨ ਨਾ ਲੱਗਿਆ।ਦਿਹਾੜੀਆਂ ਕਰਨ ਲੱਗ ਪਿਆ ਤੇ ਨਾਲ ਹੀ ਚੋਰੀਆਂ ਕਰਦਾ, ਨਸ਼ੇ ਕਰਦਾ, ਪਿੰਡ ਦੇ ਲੋਕਾਂ ਦਾ ਗੁੱਸਾ ਗੋਲੇ ਨੂੰ ਕੁੱਟ ਕੇ ਕੱਢਦਾ।ਹੜੰਬਾ ਦਾ ਭਰਾ ਤਾਂ ਹੜੰਬਾ ਨੂੰ ਕਈ ਵਾਰੀ ਵੱਢਣ ਦੀ ਵਿਊਂਤ ਬਣਾ ਚੁੱਕਾ ਸੀ।ਪਰ
ਚਰਨਾ ਹੁਣ ਆਪ ਤਾਂ ਬੰਬੇ ਤੋਂ ਨੱਠ ਆਇਆ, ਹੜੰਬਾ ਪਿੋੱਛੇ ਰਹਿ ਗਈ ਇਕੱਲੀ।ਉਹਦਾ ਸਰੀਰ ਵੀ ਢਲ ਰਿਹਾ ਸੀ, ਚਾਲੀਆਂ ਤੋਂ ਟੱਪ ਗਈ।ਫਿਰ ਇਕ ਵਾਰ ਪਿੰਡ ਵਿਚ ਖ਼ਬਰ ਫੈਲ ਗਈ, “ਹੜੰਬਾ ਤਾਂ ਹੁਸ਼ਿਆਰਪੁਰ ਆ ਕੇ ਰਹਿਣ ਲੱਗ ਪਈ।”
ਉਹ ਹੁਣ ਇਕੱਲੀ ਨਹੀਂ ਸੀ ਰਹਿੰਦੀ, ਉਸ ਨੇ ਆਪਣੇ ਨਾਲ ਪੰਜ-ਸੱਤ ਅੱਲੜ ਜਿਹੀਆਂ ਗਰੀਬ ਘਰਾਂ ਦੀਆਂ ਕੁੜੀਆਂ ਵੀ ਰੱਖ ਲਈਆਂ ਸਨ।
ਹੁਣ ਉਹ ਪਿੰਡ ਵਾਲੀ ਹੜੰਬਾ ਨਹੀਂ ਸੀ ਉਹਨੂੰ ਲੋਕਾਂ ਨਾਲ ਮਿੱਠੀਆਂ ਪਿਆਰੀਆਂ ਗੱਲਾਂ ਕਰਨੀਆਂ ਆ ਗਈਆਂ ਸਨ।ਲੋਕਾਂ ਦੀ ਗਰੀਬੀ ਦਾ ਫਾਇਦਾ ਉਠਾਉਂਦੀ ਤੇ ਗਰੀਬ ਘਰਾਂ ਦੀਆਂ ਕੁੜੀਆਂ ਉਹਦੇ ਚੁੰਗਲ ਵਿਚ ਫਸਦੀਆਂ ਜਾਂਦੀਆਂ।ਉਹ ਅਜਿਹੀ ਦਲਦਲ ਵਿਚ ਫਸ ਗਈ ਜਿੱਥੋ ਬਾਹਰ ਨਿਕਲਣਾ ਮੁਸ਼ਕਿਲ ਸੀ।
ਪਹਿਲਾਂ ਤਾਂ ਨਿਆਣਿਆ ਨੂੰ ਇਹ ਹੀ ਦੱਸਿਆ ਗਿਆ ਕਿ ਉਹ ਧਾਰਮਿਕ ਸਥਾਨ ਦੇ ਤਲਾਅ ਵਿਚ ਡੁੱਬ ਕੇ ਮਰ ਚੁੱਕੀ ਹੈ, ਪਰ ਵੱਡਾ ਮੰੁਡਾ ਜਦੋਂ ਪਿੰਡ ਵੜਦਾ ਤਾਂ ਲੋਕ ਉਹਨੂੰ ਤਾਹਨੇ-ਮਿਹਣੇ ਮਾਰਦੇ।ਉਹਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ।ਉਹ ਵੱਧ ਤੋਂ ਵੱਧ ਨਸ਼ੇ ਕਰਨ ਲੱਗ ਪਿਆ।
ਟੀ. ਵੀ ਚੈਨਲ ਤੇ ਵਾਰ-ਵਾਰ ਇਕੋ ਖ਼ਬਰ ਦਿਖਾਈ ਜਾ ਰਹੀ ਸੀ।ਪੁੱਤਰ ਦੇ ਹੱਥ ਮਾਂ ਦੇ ਖੂਨ ਨਾਲ ਰੰਗੇ ਗਏ, ‘ਦੁੱਧ ਦਾ ਕਰਜ਼’ ਮਾਂ ਦਾ ਕਤਲ ਕਰਕੇ ਚੁਕਾਇਆ।
ਹੜੰਬਾ ਦੇ ਮੁੰਡੇ ਦੇ ਚਿਹਰੇ ਤੇ ਕੋਈ ਗਮ ਨਹੀਂ ਸੀ, ਉਹ ਛਾਤੀ ਤਾਣ ਕੇ ਪੁਲਸੀਏ ਦੀਆਂ ਕੜੀਆਂ ਵਿਚ ਬੱਝਿਆ ਜਾ ਰਿਹਾ ਸੀ।
ਮੈਨੂੰ ਹੜੰਬਾ ਦੀਆਂ ਅਸਮਾਨ ਵਿਚ ਚੀਕਾਂ ਸੁਣਾਈ ਦੇ ਰਹੀਆਂ ਸਨ, “ਵੇ ਕਾਤਿਲੋਂ ਪਹਿਲਾਂ ਗੋਲੇ ਦਾ ਗਲ ਵੱਢਦੇ, ਜਿਸ ਨੇ ਮੈਨੂੰ ਇਸ ਰਾਹੇ…”
(ਲੇਖਕ ਨਾਲ ਇਸ 9464330803 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)