ਸ੍ਰੀ ਅਨੰਦਪੁਰ ਸਾਹਿਬ : ਪੁੱਤ ਦੀ ਮੌਤ ਮਗਰੋਂ ਸੱਸ-ਸਹੁਰੇ ਨੇ ਨੂੰਹ ਦਾ ਦੂਜਾ ਵਿਆਹ ਕਰਵਾ ਕੇ ਪੇਸ਼ ਕੀਤੀ ਮਿਸਾਲ

0
3980

ਸ੍ਰੀ ਅਨੰਦਪੁਰ ਸਾਹਿਬ, 31 ਅਕਤੂਬਰ | ਪੁੱਤਰ ਦੀ ਮੌਤ ਤੋਂ ਬਾਅਦ ਸਹੁਰੇ ਅਤੇ ਸੱਸ ਨੇ ਆਪਣੀ ਨੂੰਹ ਨੂੰ ਧੀ ਵਾਂਗ ਪਾਲਿਆ। ਬੇਟੇ ਦੀ ਮੌਤ ਨੇ ਪਰਿਵਾਰ ਨੂੰ ਤੋੜ ਦਿੱਤਾ ਸੀ ਪਰ ਨੂੰਹ ਦੇ ਭਵਿੱਖ ਦੀ ਚਿੰਤਾ ਉਨ੍ਹਾਂ ਨੂੰ ਦਿਨ-ਰਾਤ ਪਰੇਸ਼ਾਨ ਕਰ ਰਹੀ ਸੀ। ਨੂੰਹ ਲਈ ਰਿਸ਼ਤਿਆਂ ਦੀ ਭਾਲ ਕੀਤੀ ਅਤੇ ਨੂੰਹ ਦਾ ਅਨੰਦ ਕਾਰਜ ਕਰਵਾ ਕੇ ਧੀ ਵਾਂਗ ਵਿਦਾ ਕੀਤਾ।

ਜਿਹੜੇ ਘਰ ਵਿਚ ਗੁਰਸ਼ਰਨ ਕੌਰ ਡੋਲੀ ਲੈ ਕੇ ਆਈ ਸੀ। ਉਸ ਘਰ ਤੋਂ ਕਰੀਬ 7 ਸਾਲ ਬਾਅਦ ਧੀ ਬਣ ਕੇ ਵਿਦਾ ਹੋਈ। ਅਨੰਦਪੁਰ ਸਾਹਿਬ ਵਪਾਰ ਮੰਡਲ ਦੇ ਪ੍ਰਧਾਨ ਅਤੇ ਸਮਾਜ ਸੇਵੀ ਪ੍ਰਿਤਪਾਲ ਸਿੰਘ ਗਾਂਧਾ ਅਤੇ ਉਨ੍ਹਾਂ ਦੀ ਪਤਨੀ ਤਰਨਜੀਤ ਕੌਰ ਨੇ ਆਪਣੀ ਨੂੰਹ ਦਾ ਧੀ ਵਾਂਗ ਵਿਆਹ ਕਰਕੇ ਮਿਸਾਲ ਪੈਦਾ ਕੀਤੀ।

ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਕਮਲਦੀਪ ਸਿੰਘ ਦੀ ਇਸੇ ਸਾਲ ਬੀਮਾਰੀ ਕਾਰਨ ਮੌਤ ਹੋ ਗਈ ਸੀ। ਕਮਲਦੀਪ ਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ। ਕਮਲਦੀਪ ਦਾ ਇਕ ਪੁੱਤਰ ਵੀ ਹੈ। ਕਮਲਦੀਪ ਦੀ ਮੌਤ ਤੋਂ ਬਾਅਦ ਉਸ ਦੀ ਨੂੰਹ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਗਈ ਸੀ। ਇਸ ਲਈ ਨੂੰਹ ਨੂੰ ਧੀਆਂ ਵਾਂਗ ਵਿਆਹ ਦੇ ਬੰਧਨ ਵਿਚ ਬੰਨ੍ਹਣ ਦਾ ਫੈਸਲਾ ਕੀਤਾ ਗਿਆ। ਨੂੰਹ ਦਾ ਰਿਸ਼ਤਾ ਲੁਧਿਆਣਾ ਦੇ ਵਕੀਲ ਤਰਨਬੀਰ ਸਿੰਘ ਨਾਲ ਹੋਇਆ ਅਤੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਅਨੰਦ ਕਾਰਜ ਕਰਵਾਇਆ।