ਬਰਨਾਲਾ ‘ਚ ਜਲਦ ਬਣੇਗਾ ਡਾ. ਬੀ. ਆਰ. ਅੰਬੇਡਕਰ ਭਵਨ – ਮੰਤਰੀ ਡਾ. ਬਲਜੀਤ ਕੌਰ

0
2123

ਚੰਡੀਗੜ੍ਹ | ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਵਿਧਾਨ ਸਭਾ ਦੇ ਪ੍ਰਸ਼ਨਕਾਲ ਦੌਰਾਨ ਬੋਲਦਿਆਂ ਕਿਹਾ ਕਿ ਬਰਨਾਲਾ ਵਿਖੇ ਡਾ. ਬੀ.ਆਰ. ਅੰਬੇਡਕਰ ਭਵਨ ਦੀ ਉਸਾਰੀ ਕੀਤੀ ਜਾਵੇਗੀ। ਅੱਜ ਪ੍ਰਸ਼ਨ ਕਾਲ ਵਿਚ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਬਰਨਾਲਾ ਵਿਖੇ ਡਾ. ਬੀ.ਆਰ. ਅੰਬੇਡਕਰ ਭਵਨ ਦੀ ਉਸਾਰੀ ਕਰਨ ਦੇ ਕੀਤੇ ਸਵਾਲ ਦੇ ਜਵਾਬ ਵਿੱਚ ਕਿਹਾ ਗਿਆ ਕਿ ਜੇ ਬਰਨਾਲਾ ਵਿਖੇ ਜਗ੍ਹਾ ਦਾ ਪ੍ਰਬੰਧ ਕਰ ਦਿੱਤਾ ਜਾਵੇ ਤਾਂ ਇਸ ਨੂੰ ਬਣਾ ਦਿੱਤਾ ਜਾਵੇਗਾ।

ਇਸ ਸਵਾਲ ਦੀ ਪ੍ਰੋੜ੍ਹਤਾ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੋ ਬਰਨਾਲਾ ਤੋਂ ਵਿਧਾਇਕ ਵੀ ਹਨ, ਨੇ ਕਿਹਾ ਕਿ ਜ਼ਿਲੇ ਦੇ ਸਾਰੇ ਤਿੰਨੋ ਵਿਧਾਇਕਾਂ ਦੀ ਇਹ ਸਾਂਝੀ ਮੰਗ ਹੈ। ਮੀਤ ਹੇਅਰ ਨੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਬਰਨਾਲਾ ਸ਼ਹਿਰ ਉਨ੍ਹਾਂ ਦੇ ਹਲਕੇ ਵਿਚ ਪੈਂਦਾ ਹੈ ਅਤੇ ਸ਼ਹਿਰ ਵਿਚ ਜਗ੍ਹਾ ਦਾ ਜਲਦ ਹੀ ਪ੍ਰਬੰਧ ਕਰ ਦਿੱਤਾ ਜਾਵੇਗਾ। ਇਸ ਦੇ ਜਵਾਬ ਵਿਚ ਡਾ. ਬਲਜੀਤ ਕੌਰ ਨੇ ਕਿਹਾ ਕਿ ਜਗ੍ਹਾ ਮਿਲਣ ਉਤੇ ਵਿੱਤ ਵਿਭਾਗ ਤੋਂ ਫੰਡਾਂ ਦਾ ਪ੍ਰਬੰਧ ਕਰਕੇ ਡਾ. ਬੀ. ਆਰ. ਅੰਬੇਡਕਰ ਭਵਨ ਜਲਦ ਬਣਾ ਦਿੱਤਾ ਜਾਵੇਗਾ।