ਨੂੰਹ ਪੁੱਤ ਤੋਂ ਅੱਕੇ ਬਜ਼ੁਰਗ ਨੇ ਸਰਕਾਰ ਨੂੰ ਦਾਨ ਕੀਤੀ ਕਰੋੜਾਂ ਦੀ ਜਾਇਦਾਦ, ਬੱਚਿਆਂ ਤੋਂ ਅੰਤਿਮ ਸੰਸਕਾਰ ਦਾ ਹੱਕ ਵੀ ਖੋਹਿਆ

0
298

ਮੁਜੱਫਰਨਗਰ| ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਇਕ 80 ਸਾਲਾ ਵਿਅਕਤੀ ਨੇ ਆਪਣੇ ਪੁੱਤਰ ਅਤੇ ਨੂੰਹ ਤੋਂ ਪ੍ਰੇਸ਼ਾਨ ਹੋ ਕੇ ਰਾਜਪਾਲ ਨੂੰ ਆਪਣੀ ਜਾਇਦਾਦ ਦਾਨ ਕਰ ਦਿੱਤੀ ਹੈ। ਇਹ ਹੈਰਾਨੀਜਨਕ ਮਾਮਲਾ ਖਤੌਲੀ ਤਹਿਸੀਲ ਦਾ ਹੈ। 85 ਸਾਲਾ ਨੱਥੂ ਸਿੰਘ ਨੇ ਦੱਸਿਆ ਕਿ ਬੱਚੇ ਉਨ੍ਹਾਂ  ਦੀ ਦੇਖਭਾਲ ਨਹੀਂ ਕਰਦੇ, ਜਿਸ ਕਾਰਨ ਨੱਥੂ ਸਿੰਘ ਆਸ਼ਰਮ ਵਿੱਚ ਰਹਿਣ ਲਈ ਮਜਬੂਰ ਹੋ ਗਏ। ਉਹ ਕਈ ਮਹੀਨਿਆਂ ਤੋਂ ਆਸ਼ਰਮ ਵਿੱਚ ਰਹਿ ਰਿਹਾ ਸੀ।

ਦੂਜੇ ਪਾਸੇ ਬੱਚਿਆਂ ਤੋਂ ਨਾਰਾਜ਼ ਹੋ ਕੇ ਨੱਥੂ ਸਿੰਘ ਨੇ ਹੁਣ ਉਨ੍ਹਾਂ ਨੂੰ ਆਪਣੀ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਸੰਪਤੀ ਉੱਤਰ ਪ੍ਰਦੇਸ਼ ਸਰਕਾਰ ਦੇ ਨਾਂ ਕਰ ਦਿੱਤੀ ਗਈ ਹੈ। ਨੱਥੂ ਸਿੰਘ ਦੀ ਜਾਇਦਾਦ ਦੀ ਕੀਮਤ ਡੇਢ ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।

ਆਪਣੀ ਵਸੀਅਤ ਵਿੱਚ ਨੱਥੂ ਰਾਮ ਨੇ ਲਿਖਿਆ ਹੈ ਕਿ ਸਰਕਾਰ ਉਸ ਦੀ ਜ਼ਮੀਨ ’ਤੇ ਸਕੂਲ ਜਾਂ ਹਸਪਤਾਲ ਬਣਾਵੇ। ਇੰਨਾ ਹੀ ਨਹੀਂ ਨੱਥੂ ਸਿੰਘ ਨੇ ਬੱਚਿਆਂ ਤੋਂ ਅੰਤਿਮ ਸੰਸਕਾਰ ਦਾ ਅਧਿਕਾਰ ਵੀ ਖੋਹ ਲਿਆ ਹੈ ਅਤੇ ਮਰਨ ਉਪਰੰਤ ਆਪਣੀ ਦੇਹ ਮੈਡੀਕਲ ਕਾਲਜ ਨੂੰ ਦਾਨ ਕਰਨ ਦੀ ਇੱਛਾ ਪ੍ਰਗਟਾਈ ਹੈ।

ਦੱਸ ਦਈਏ ਕਿ  ਨੱਥੂ ਸਿੰਘ ਦੇ ਪਰਿਵਾਰ ‘ਚ 4 ਬੇਟੀਆਂ ਅਤੇ ਇਕ ਬੇਟਾ ਹੈ। ਧੀਆਂ ਦੇ ਵਿਆਹ ਹੋ ਗਏ ਹਨ। ਜਦਕਿ ਬੇਟਾ ਵਿਆਹ ਤੋਂ ਬਾਅਦ ਸਹਾਰਨਪੁਰ ‘ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਇੱਥੇ ਉਹ ਸਰਕਾਰੀ ਅਧਿਆਪਕ ਵਜੋਂ ਕੰਮ ਕਰਦਾ ਹੈ। ਨੱਥੂ ਸਿੰਘ ਦੀ ਪਤਨੀ ਦੀ ਮੌਤ ਤੋਂ ਬਾਅਦ ਬੱਚੇ ਉਸ ਨੂੰ ਇਕੱਲੇ ਛੱਡ ਗਏ।

ਅਜਿਹੀ ਹਾਲਤ ਵਿੱਚ ਨੱਥੂ ਸਿੰਘ ਇੱਕ ਆਸ਼ਰਮ ਵਿੱਚ ਰਹਿਣ ਲੱਗ ਪਏ। ਉਹ ਪਿਛਲੇ ਸੱਤ-ਅੱਠ ਮਹੀਨਿਆਂ ਤੋਂ ਆਸ਼ਰਮ ਵਿੱਚ ਰਹਿ ਰਹੇ ਹਨ।  ਇਸ ਦੌਰਾਨ ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਨੂੰ ਮਿਲਣ ਨਹੀਂ ਆਇਆ। ਨੱਥੂ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੀਤੇ ਦਿਨੀਂ ਯੂਪੀ ਦੇ ਰਾਜਪਾਲ ਨੂੰ ਜਾਇਦਾਦ ਸੌਂਪਣ ਲਈ ਹਲਫ਼ਨਾਮਾ ਦਾਇਰ ਕੀਤਾ ਸੀ, ਜਿਸ ਵਿੱਚ ਬੇਨਤੀ ਕੀਤੀ ਗਈ ਸੀ ਕਿ ਸਰਕਾਰ ਮੇਰੀ ਮੌਤ ਤੋਂ ਬਾਅਦ ਜ਼ਮੀਨ ‘ਤੇ ਸਕੂਲ ਜਾਂ ਹਸਪਤਾਲ ਖੋਲ੍ਹੇ।