ਲੁਧਿਆਣਾ ‘ਚ ਸਨੈਚਰ ਗਿਰੋਹ ਸਰਗਰਮ, ਸਬਜ਼ੀ ਖਰੀਦ ਕੇ ਘਰ ਜਾ ਰਹੀ ਔਰਤ ਦੀਆਂ ਝਪਟੀਆਂ ਵਾਲੀਆਂ

0
417

ਲੁਧਿਆਣਾ| ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਔਰਤ ਸਬਜ਼ੀ ਖਰੀਦ ਕੇ ਵਾਪਸ ਘਰ ਜਾ ਰਹੀ ਸੀ। ਇਸ ਦੌਰਾਨ ਬਦਮਾਸ਼ ਉਸ ਦਾ ਪਿੱਛਾ ਕਰਦੇ ਰਹੇ ਅਤੇ ਮੌਕਾ ਦੇਖ ਕੇ ਉਸ ਦੀਆਂ ਅੱਖਾਂ ‘ਤੇ ਹੱਥ ਰੱਖ ਲਿਆ। ਔਰਤ ਨੂੰ ਲੱਗਾ ਕਿ ਸ਼ਾਇਦ ਕੋਈ ਉਸ ਦੀ ਪਛਾਣ ਵਾਲਾ ਹੋਵੇਗਾ।

ਕੁਝ ਸਕਿੰਟਾਂ ਬਾਅਦ ਜਦੋਂ ਉਸ ਦੇ ਕੰਨ ‘ਚ ਦਰਦ ਹੋਣ ਲੱਗਾ ਤਾਂ ਔਰਤ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਉਦੋਂ ਤੱਕ ਬਦਮਾਸ਼ ਬਾਈਕ ਸਟਾਰਟ ਕਰ ਕੇ ਕੁਝ ਦੂਰੀ ‘ਤੇ ਖੜ੍ਹੇ ਆਪਣੇ ਸਾਥੀ ਨਾਲ ਬੈਠ ਕੇ ਭੱਜ ਗਿਆ। ਔਰਤ ਨੇ ਬਦਮਾਸ਼ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਫੜਿਆ ਨਹੀਂ ਗਿਆ। ਬਦਮਾਸ਼ ਨੇ ਗਲੀ ‘ਚ ਖੜ੍ਹੇ ਆਟੋ ਦੀ ਆੜ ‘ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਜੋ ਘਟਨਾ ਸੀਸੀਟੀਵੀ ‘ਚ ਕੈਦ ਨਾ ਹੋ ਸਕੇ।

ਔਰਤ ਦੀ ਪਛਾਣ ਕਮਲਜੀਤ ਕੌਰ (52) ਵਜੋਂ ਹੋਈ ਹੈ। ਕਮਲਜੀਤ ਨੇ ਦੱਸਿਆ ਕਿ ਉਹ ਸਬਜ਼ੀ ਖਰੀਦਣ ਲਈ ਕੈਲਾਸ਼ ਨਗਰ ਗਈ ਸੀ। ਜਿਵੇਂ ਹੀ ਉਹ ਸਬਜ਼ੀ ਖਰੀਦ ਕੇ ਘਰ ਵਾਪਸ ਜਾਣ ਲੱਗੀ ਤਾਂ ਕੁਝ ਦੂਰੀ ‘ਤੇ ਇਕ ਨੌਜਵਾਨ ਨੇ ਉਸ ਦੀਆਂ ਅੱਖਾਂ ‘ਤੇ ਹੱਥ ਰੱਖ ਲਿਆ। ਕੁਝ ਹੀ ਪਲਾਂ ਵਿਚ ਜਦੋਂ ਕੰਨ ਵਿਚ ਦਰਦ ਹੋਣ ਲੱਗਾ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਕਿਸੇ ਨੇ ਉਸ ਦੇ ਕੰਨਾਂ ਦੀਆਂ ਵਾਲੀਆਂ ਲਾਹ ਦਿੱਤੀਆਂ ਹਨ। ਔਰਤ ਮੁਤਾਬਕ ਉਸ ਦੀਆਂ ਵਾਲੀਆਂ ਦੀ ਕੀਮਤ 60 ਹਜ਼ਾਰ ਦੇ ਕਰੀਬ ਹੈ। ਉਹ 18 ਸਾਲਾਂ ਤੋਂ ਇਹ ਪਹਿਨ ਰਹੀ ਸੀ।

ਮਹਿਲਾ ਕਮਲਜੀਤ ਕੌਰ ਨੇ ਥਾਣਾ ਬਸਤੀ ਜੋਧੇਵਾਲ ਵਿੱਚ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਬਦਮਾਸ਼ਾਂ ਦੀ ਸੀਸੀਟੀਵੀ ਫੁਟੇਜ ਪੁਲਿਸ ਕੋਲ ਹੈ ਪਰ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ। ਇਲਾਕੇ ਵਿੱਚ ਸ਼ਰਾਰਤੀ ਅਨਸਰ ਸ਼ਰੇਆਮ ਔਰਤਾਂ ਦੇ ਕੰਨਾਂ ਦੀਆਂ ਵਾਲੀਆਂ ਖੋਹ ਰਹੇ ਹਨ।