ਗਾਇਕ ਗੁਰਦਾਸ ਮਾਨ ‘ਤੇ ਭੜਕੇ ਸਿੱਖ ਸੰਗਠਨ, ਬਾਬਾ ਮੁਰਾਦ ਸ਼ਾਹ ਮੇਲੇ ‘ਚ ਸਿੱਖ ਗੁਰੂਆਂ ‘ਤੇ ਟਿੱਪਣੀ ਕਰਨ ਦਾ ਦੋਸ਼, FIR ਦਰਜ ਕਰਨ ਨੂੰ ਲੈ ਕੇ SSP ਦਫਤਰ ਦਾ ਘਿਰਾਓ

0
998

ਜਲੰਧਰ | ਹਾਲ ਹੀ ‘ਚ ਡੇਰਾ ਬਾਬਾ ਮੁਰਾਦ ਸ਼ਾਹ ਦੇ ਨਕੋਦਰ ‘ਚ ਖ਼ਤਮ ਹੋਏ ਮੇਲੇ ਦੌਰਾਨ ਟਰੱਸਟ ਦੇ ਚੇਅਰਮੈਨ ਤੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਵੱਲੋਂ ਸਿੱਖ ਗੁਰੂਆਂ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੇ ਵਿਰੋਧ ‘ਚ ਅੱਜ ਸਿੱਖ ਸੰਗਠਨਾਂ ਨੇ SSP ਦਫਤਰ ਦਾ ਘਿਰਾਓ ਕੀਤਾ।

ਉਨ੍ਹਾਂ ਦਾ ਦੋਸ਼ ਹੈ ਕਿ ਗੁਰਦਾਸ ਮਾਨ ਨੇ ਮੰਚ ‘ਤੇ ਗੁਰੂਆਂ ਦੀ ਤੁਲਨਾ ਕਿਸੇ ਹੋਰ ਨਾਲ ਕੀਤੀ ਹੈ। ਅਜਿਹਾ ਕਰਨਾ ਸਿੱਖ ਮਰਿਆਦਾ ਦੇ ਉਲਟ ਹੈ। ਨਾਰਾਜ਼ ਸਿੱਖ ਸੰਗਠਨਾਂ ਨੇ ਪੁਲਿਸ ਕਪਤਾਨ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਜਿੰਨਾ ਚਿਰ ਗੁਰਦਾਸ ਮਾਨ ਖਿਲਾਫ FIR ਦਰਜ ਨਹੀਂ ਹੁੰਦੀ, ਤਦ ਤੱਕ SSP ਦਫਤਰ ਦੇ ਬਾਹਰ ਧਰਨਾ ਜਾਰੀ ਰਹੇਗਾ।

ਮਾਮਲੇ ਨੂੰ ਲੈ ਕੇ ਸਿੱਖਾਂ ਦੀ ਪ੍ਰਮੁੱਖ ਸੰਸਥਾ ਤਾਲਮੇਲ ਕਮੇਟੀ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਮਿਲ ਕੇ ਗੁਰਦਾਸ ਮਾਨ ਖ਼ਿਲਾਫ਼ ਸ਼ਿਕਾਇਤ ਦੇਵੇਗੀ। ਕਮੇਟੀ ਦੇ ਮੁਖੀ ਤੇਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ ਤੇ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਸਿੱਖ ਗੁਰੂਆਂ ਦੀ ਤੁਲਨਾ ਕਿਸੇ ਨਾਲ ਵੀ ਕਰਨਾ ਮਰਿਆਦਾ ਦੇ ਉਲਟ ਹੈ।

ਉਨ੍ਹਾਂ ਕਿਹਾ ਕਿ ਸਿੱਖਾਂ ਵੱਲੋਂ ਆਪਣੇ ਧਰਮ ਦੇ ਨਾਲ-ਨਾਲ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਹੈ ਪਰ ਸਿੱਖ ਧਰਮ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੀਤੀ ਗਈ ਟਿੱਪਣੀ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੂੰ ਇਸ ਘਟਨਾਕ੍ਰਮ ਨੂੰ ਲੈ ਕੇ ਮਾਫ਼ੀ ਮੰਗਣੀ ਚਾਹੀਦੀ ਹੈ। ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਇਸ ਸਬੰਧ ‘ਚ ਠੋਸ ਕਾਰਵਾਈ ਕਰਨ ਦੀ ਮੰਗ ਵੀ ਰੱਖੀ ਜਾਵੇਗੀ।