ਚੰਡੀਗਡ਼੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਤੇ ਉਨ੍ਹਾਂ ਦੇ ਕਤਲ ਦੇ ਇਨਸਾਫ਼ ਦੀ ਮੰਗ ਕਰਦਾ ਪੰਜਾਬੀ ਗਾਇਕਾ ਜੈਨੀ ਜੌਹਲ ਦਾ ਨਵਾਂ ਗੀਤ “ਲੈਟਰ ਟੂ CM” ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਸ ਗੀਤ ਦੇ ਯੂਟਿਊਬ ’ਤੇ 2 ਮਿਲੀਅਨ ਤੋਂ ਵੱਧ ਵਿਊਜ਼ ਹੋ ਗਏ ਸਨ।
ਦੱਸ ਦਈਏ ਕਿ 29 ਮਈ ਨੂੰ ਗੈਂਗਸਟਰਾਂ ਵੱਲੋਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬੀ ਗਾਇਕਾ ਜੈਨੀ ਜੌਹਲ ਨੇ ਨਵਾਂ ਗਾਣਾ “ਲੈਟਰ ਟੂ CM” ਯੂਟਿਊਬ ਤੇ ਅਪਲੋਡ ਕੀਤਾ, ਜਿਸ ਨੇ ਯੂਟਿਊਬ ‘ਤੇ ਤਹਿਲਕਾ ਮਚਾ ਦਿੱਤਾ ਹੈ। ਗੀਤ ਵਿੱਚ ਗਾਇਕਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਸੰਬੋਧਨ ਕਰਦਿਆਂ ਪੁੱਛਿਆ ਕਿ ਸਿੱਧੂ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ ਪਰ ਦੱਸੋ ਇਨਸਾਫ਼ ਕਿਥੇ ਹੈ। ਗੀਤ ਦੇ ਬੋਲ ਜੈਨੀ ਜੌਹਲ ਨੇ ਖੁਦ ਲਿਖੇ ਹਨ।
ਇਸ ਸਭ ਤੋਂ ਇਲਾਵਾ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਕਸਟੱਡੀ ਵਿੱਚੋਂ ਫਰਾਰ ਹੋਣ ਨੂੰ ਲੈ ਕੇ ਵੀ ਪ੍ਰਸ਼ਾਸਨ ਨੂੰ ਨਿਸ਼ਾਨੇ ‘ਤੇ ਲਿਆ ਹੈ। ਇਸ ਗੀਤ ਨੂੰ ਸਿੱਧੂ ਦੇ ਚਾਹੁਣ ਵਾਲਿਆਂ ਵੱਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਰਿਲੀਜ਼ ਹੋਣ ਦੇ ਮਹਿਜ਼ ਕੁਝ ਘੰਟਿਆਂ ਦੇ ਅੰਦਰ ਹੀ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਕੁਮੈਟਾਂ ਵਿੱਚ ਵੀ ਲੋਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।
ਸਿੱਧੂ ਮੂਸੇਵਾਲਾ ਦੀ ਮਾਤਾ ਨੇ ਜੈਨੀ ਜੌਹਲ ਦਾ ਨਵਾਂ ਗੀਤ “ਲੈਟਰ ਟੂ CM” ਯੂਟਿਊਬ ਤੋਂ ਹਟਾਉਣ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਗਾਣਾ ਯੂਟਿਊਬ ਤੋਂ ਕਿਉਂ ਹਟਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੈਨੀ ਜੌਹਲ ਨੂੰ ਫੋਨ ਕਰ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਤੇਰੇ ‘ਤੇ ਇਸ ਤਰ੍ਹਾਂ ਦਾ ਪਰਚਾ ਕੀਤਾ ਜਾਵੇਗਾ ਕਿ ਜ਼ਮਾਨਤ ਵੀ ਨਹੀਂ ਮਿਲੇਗੀ।ਉਨ੍ਹਾਂ ਕਿਹਾ ਕਿ ਜੈਨੀ ਜੌਹਲ ਖਿਲਾਫ ਨਾ ਹੋਵੇ ਕੋਈ ਕਾਰਵਾਈ।