ਮੋਗਾ. ਪੰਜਾਬ ਦੇ ਮੋਗਾ ‘ਚ 24 ਘੰਟਿਆਂ ਵਿਚ ਦੂਜੀ ਵੱਡੀ ਵਾਰਦਾਤ ਹੋਈ ਹੈ। ਜਿੱਥੇ ਮੰਗਲਵਾਰ ਦੇਰ ਸ਼ਾਮ ਇਕ ਕਪੜਾ ਵਪਾਰੀ ਦਾ ਕਤਲ ਕਰਨ ਦੀ ਖਬਰ ਸਾਹਮਣੇ ਆਈ, ਉੱਥੇ ਹੁਣ ਮੋਗਾ ਦੇ ਪਿੰਡ ਬੁੱਘੀਪੁਰਾ ‘ਚ ਵਿਆਹੁਤਾ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ ਕੀਤੇ ਜਾਣ ਦੀ ਖਬਰ ਹੈ। ਮ੍ਰਿਤਕਾ ਦੀ ਪਛਾਣ ਸੀਤਾ ਰਾਣੀ ਉਰਫ਼ ਪੂਜਾ (26) ਵਜੋਂ ਹੋਈ ਹੈ। ਉਹ 2 ਬੱਚਿਆਂ ਦੀ ਮਾਂ ਸੀ, ਉਸਦੀ ਲਾਸ਼ ਉਸ ਦੇ ਘਰ ‘ਚੋਂ ਹੀ ਬਰਾਮਦ ਕੀਤੀ ਗਈ।
ਡੀ. ਐੱਸ. ਪੀ. ਧਰਮਕੋਟ ਸੁਬੈਗ ਸਿੰਘ ਅਤੇ ਥਾਣਾ ਮਹਿਣਾ ਦੇ ਮੁੱਖ ਅਫਸਰ ਸੰਦੀਪ ਸਿੰਘ ਸਿੱਧੂ ਪੁਲਸ ਮੁਲਾਜ਼ਮਾਂ ਸਮੇਤ ਮੌਕੇ ‘ਤੇ ਪੁੱਜੇ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ ਹੈ। ਡੀ. ਐੱਸ. ਪੀ. ਸੁਬੈਗ ਸਿੰਘ ਅਤੇ ਥਾਣਾ ਮੁਖੀ ਸੰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀਤਾ ਰਾਣੀ ਨਿਵਾਸੀ ਮਾਛੀਵਾੜਾ ਸਾਹਿਬ ਦਾ ਪਹਿਲਾ ਵਿਆਹ ਕਰੀਬ 6-7 ਸਾਲ ਪਹਿਲਾਂ ਮਹਿਣਾ ਨਿਵਾਸੀ ਰਾਜੂ ਨਾਲ ਹੋਇਆ ਸੀ, ਜਿਸ ਦਾ ਇਕ 9 ਸਾਲ ਦਾ ਬੱਚਾ ਹੈ। ਘਰੇਲੂ ਵਿਵਾਦ ਕਾਰਣ ਦੋਵਾਂ ਦਾ ਪੰਚਾਇਤੀ ਤੌਰ ‘ਤੇ ਤਲਾਕ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਉਸ ਦਾ ਦੂਜਾ ਵਿਆਹ ਪਿੰਡ ਬੁੱਘੀਪੁਰਾ ਨਿਵਾਸੀ ਜਗਜੀਵਨ ਸਿੰਘ ਨਾਲ ਕਰ ਦਿੱਤਾ।
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਅਤੇ ਪਰਿਵਾਰਕ ਮੈਂਬਰ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਕੁੜੀ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਵੀ ਕੀਤੀ ਜਾਂਦੀ ਸੀ। ਕੁੱਟ-ਮਾਰ ਕਾਰਣ ਹੀ ਉਸ ਦੀ ਮੌਤ ਹੋਈ ਹੈ, ਜਿਸ ਦੀ ਲਾਸ਼ ਅੱਜ ਉਸ ਦੇ ਘਰੋਂ ਮਿਲੀ। ਮ੍ਰਿਤਕਾ ਦੇ ਦਿਓਰ ਗੁਰਮੀਤ ਸਿੰਘ ਉਰਫ ਸੋਨਾ ਨੇ ਉਸ ਦੇ ਪੇਕੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ, ਜਿਸ ‘ਤੇ ਉਹ ਪਿੰਡ ਬੁੱਘੀਪੁਰਾ ਪੁੱਜੇ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਘਰ ਪੁੱਜੇ ਤਾਂ ਉਨ੍ਹਾਂ ਦੀ ਕੁੜੀ ਦੇ ਚਿਹਰੇ ਅਤੇ ਧੌਣ ‘ਤੇ ਜ਼ਖਮਾਂ ਦੇ ਨਿਸ਼ਾਨ ਸਨ, ਜਿਸ ਤੋਂ ਜ਼ਾਹਿਰ ਹੈ ਕਿ ਸਾਡੀ ਲੜਕੀ ਦੀ ਹੱਤਿਆ ਕੀਤੀ ਗਈ ਹੈ। ਉਨ੍ਹਾਂ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ‘ਤੇ ਦਿਓਰ ਗੁਰਮੀਤ ਸਿੰਘ ਉਰਫ ਸੋਨਾ ਨਿਵਾਸੀ ਬੁੱਘੀਪੁਰਾ ਖ਼ਿਲਾਫ ਥਾਣਾ ਮਹਿਣਾ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਜਾਂਚ ਕਰ ਕੇ ਸੱਚਾਈ ਜਾਣਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲਾਸ਼ ਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ।