ਕੈਨੇਡਾ| ਸਤਿੰਦਰ ਸੱਤੀ ਆਪਣੀਆਂ ਪ੍ਰੇਰਣਾਦਾਇਕ ਵੀਡੀਓ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੁੰਦੇ ਰਹਿੰਦੇ ਹਨ। ਉਹ ਜਿੱਥੇ ਇੱਕ ਬਿਹਤਰੀਨ ਐਂਕਰ, ਅਦਾਕਾਰਾ ਅਤੇ ਵਧੀਆ ਗਾਇਕਾ ਦੇ ਤੌਰ ’ਤੇ ਜਾਣੇ ਜਾਂਦੇ ਹਨ ਪਰ ਹੁਣ ਉਨ੍ਹਾਂ ਨੇ ਇੱਕ ਹੋਰ ਉਪਲੱਬਧੀ ਆਪਣੇ ਨਾਮ ਕਰ ਲਈ ਹੈ ।
ਇੱਕ ਵਾਰ ਫਿਰ ਸਤਿੰਦਰ ਸੱਤੀ ਨੇ ਪੰਜਾਬੀ ਇੰਡਸਟਰੀ ਦਾ ਉਦੋਂ ਮਾਣ ਵਧਾਇਆ, ਜਦੋਂ ਉਨ੍ਹਾਂ ਨੇ ਕੈਨੇਡਾ ਦੇ ਅਲਬਰਟਾ ’ਚ ਬੈਰਿਸਟਰ ਸਾਲਿਸਟਰ ਯਾਨੀ ਕੈਨੇਡੀਅਨ ਵਕੀਲ ਦਾ ਲਾਇਸੈਂਸ ਹਾਸਲ ਕੀਤਾ।
ਐਲਬਰਟਾ ‘ਚ ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਨੂੰ ਵਕੀਲ ਦੀ ਸਹੁੰ ਚੁਕਾਈ ਗਈ। ਸਤਿੰਦਰ ਸੱਤੀ ਨੇ ਦੱਸਿਆ ਕਿ ਲੋਕ ਉਸ ਨੂੰ ਪੰਜਾਬੀ ਕਲਾਕਾਰ ਤੇ ਸਟੇਜ ਕਲਾਕਾਰ ਦੇ ਰੂਪ ’ਚ ਜਾਣਦੇ ਹੋਣਗੇ ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਉਸ ਨੇ ਵਕਾਲਤ (ਮਾਸਟਰਸ ਆਫ ਲਾਅ) ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੇ ਡੇਢ-ਪੌਣੇ ਸਾਲ ਦੇ ਸਮੇਂ ਦੌਰਾਨ ਜਦੋਂ ਬਾਕੀ ਲੋਕਾਂ ਵਾਂਗ ਉਹ ਵੀ ਕੈਨੇਡਾ ’ਚ ਸਟੱਕ ਹੋ ਗਈ ਸੀ ਤਾਂ ਇਸ ਸਮੇਂ ਦੀ ਸਹੀ ਵਰਤੋਂ ਕਰਨ ਲਈ ਉਸ ਨੇ ਆਪਣੀ ਲਾਅ ਦੀ ਡਿਗਰੀ ਨੂੰ ਅਪਗ੍ਰੇਡ ਕਰਨ ਦਾ ਫ਼ੈਸਲਾ ਕੀਤਾ।
ਇਸ ਦੌਰਾਨ ਬੈਰਿਸਟਰ ਸਾਲਿਸਟਰ ਗੁਲਵਿਰਕ ਮੈਡਮ, ਜਿਨ੍ਹਾਂ ਨੇ ਸੱਤੀ ਨੂੰ ਪੜ੍ਹਾਇਆ, ਉਨ੍ਹਾਂ ਨੇ ਦੱਸਿਆ ਕਿ ਸਤਿੰਦਰ ਬਹੁਤ ਹੀ ਮਿਹਨਤੀ ਕੁੜੀ ਹੈ। ਬੈਰਿਸਟਰ ਸਾਲਿਸਟਰ ਬਣ ਕੇ ਉਸ ਨੇ ਕੁੜੀਆਂ ਲਈ ਮਿਸਾਲ ਕਾਇਮ ਕੀਤੀ ਹੈ। ਕੈਲਗਰੀ ਤੋਂ ਵਕੀਲ ਗੁਰਪ੍ਰੀਤ ਔਲਖ ਨੇ ਉਨ੍ਹਾਂ ਨੂੰ ਲਾਅ ਦੀਆਂ ਬਾਰੀਕੀਆਂ ਬਾਰੇ ਦੱਸਿਆ।