ਉਹ ਜਾਤ ਦੇ ਓਹਲੇ ਨਹੀਂ ਬੈਠਦਾ!

0
15232

-ਦੇਸ ਰਾਜ ਕਾਲੀ

ਸਰੂਪ ਸਿਆਲਵੀ ਸਿਆਸੀ ਗਲਪਕਾਰ ਹੈ। ਭਾਰਤੀ ਮਿੱਥ ‘ਚ ਮਿੱਧ ਦਿੱਤੀਆਂ ਸੱਭਿਆਤਾਵਾਂ ਤੱਕ ਉਸਦੀ ਰਸਾਈ ਹੈ। ਫਕੀਰ ਤਬੀਅਤ ਦੇ ਸੰਘਰਸ਼ੀਲ ਇਸ ਲੇਖਕ ਦੀ ਆਤਮ ਕਥਾ ‘ਜ਼ਲਾਲਤ’ ਪੰਜਾਬੀ ਸਾਹਿਤ ਦੇ ਇਤਿਹਾਸ ‘ਚ ਇੱਕ ਪ੍ਰਾਪਤੀ ਗਿਣੀ ਜਾਵੇਗੀ। ਪਰ ਸਾਜ਼ਿਸ਼ੀ ਚੁੱਪ ਨੇ ਸਿਆਲਵੀ ਸਾਹਮਣੇ ਆਉਣ ਹੀ ਨਹੀਂ ਦਿੱਤਾ। ਬਾਕੀਆਂ ਵਾਂਗ ਉਹ ਵੀ ਮਿੱਧਿਆ ਗਿਆ। ਅਸੀਂ ‘ਪੰਜਾਬੀ ਬੁਲੇਟਿਨ’ ‘ਚ ਨਵੀਆਂ ਕਿਤਾਬਾਂ ਦੀ ਦੱਸ ਪਾ ਰਹੇ ਹਾਂ, ਲਗਾਤਾਰ। ਪਰ ਕੁੱਝ ਉਹ ਕਿਤਾਬਾਂ ਦੀ ਅਣਕਹੀ ਕਥਾ ਵੀ ਛੇੜਦੇ ਰਹਾਂਗੇ, ਜਿਹਨਾਂ ਨੇ ਰਾਹ ਦਸੇਰੇ ਬਨਣਾ ਹੁੰਦਾ ਹੈ। ‘ਜ਼ਲਾਲਤ’ ਅਜਿਹੀ ਆਤਮ ਕਥਾ ਹੈ, ਜੋ ਆਤਮ ਮਾਇਆ ਦੀ ਗੁਲਾਮ ਨਹੀਂ, ਪਰ ਉਹ ਬਹੁਤ ਸਾਰੇ ਐਸੇ ਇਤਿਹਾਸਕ ਹਵਾਲਿਆਂ ਨਾਲ ਭਰੀ ਪਈ ਹੈ, ਜਿਹਨਾਂ ਦੀ ਲੋਅ ਨਾਲ ਇਤਿਹਾਸ ਬਦਲਦੇ ਲੱਭਦੇ ਹਨ। ਉਹ ਇਤਿਹਾਸ ਦੀ ਇੱਕ ਖਾਸ ਧਿਰ ਪ੍ਰਤੀ ਚੁੱਪ ਤੋੜਦਾ ਹੈ। ਉਹ ਜਾਤ ਦੇ ਓਹਲੇ ਬੈਠ ਕੇ ਨਹੀਂ ਲਿਖਦਾ, ਜਾਤ ਦੀ ਹਿੱਕ ‘ਚ ਨਿੱਭ ਚੋਭਦਾ ਹੈ।