ਸੰਗਰੂਰ : ਸਹੁਰੇ ਪਰਿਵਾਰ ਵੱਲੋਂ ਬੇਰਹਿਮੀ ਨਾਲ ਲੜਕੀ ਦੇ ਪਿਤਾ ਦਾ ਕਤਲ, ਵਿਆਹ ਪ੍ਰੋਗਰਾਮ ਦੌਰਾਨ ਜਵਾਈਆਂ ‘ਚ ਹੋਇਆ ਸੀ ਝਗੜਾ

0
2111

ਸੰਗਰੂਰ/ਸ਼ੇਰਪੁਰ, 27 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਘਨੌਰ ਖੁਰਦ ਵਿਖੇ ਸਹੁਰੇ ਪਰਿਵਾਰ ਵੱਲੋਂ ਲੜਕੀ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਲੜਕੀ ਦੇ ਭਰਾ ਤੇ ਭਰਜਾਈ ਨੂੰ ਗੰਭੀਰ ਸੱਟਾਂ ਮਾਰੀਆਂ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖ਼ਲ ਕਰਵਾਇਆ ਗਿਆ।

ਥਾਣਾ ਸਦਰ ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੋਹਣ ਖਾਂ ਵਾਸੀ ਭਲਵਾਨ ਦੇ ਪੁੱਤਰ ਜਰਨੈਲ ਖਾਂ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਸ ਦੀਆਂ 2 ਭੈਣਾਂ ਹਨ। ਉਸਦੀ ਭੈਣ ਰੀਨਾ ਅਤੇ ਰਾਜ ਦਾ ਵਿਆਹ ਕਰੀਬ 17-18 ਸਾਲ ਪਹਿਲਾਂ ਹੋਇਆ ਸੀ। ਦੋਵੇਂ ਭੈਣਾਂ ਨੂੰ ਇਨ੍ਹਾਂ ਦੇ ਘਰਵਾਲੇ ਅਤੇ ਸਹੁਰੇ ਵਾਲੇ ਤੰਗ-ਪਰੇਸ਼ਾਨ ਕਰਦੇ ਆ ਰਹੇ ਸਨ। ਜਰਨੈਲ ਖਾਂ ਨੇ ਦੱਸਿਆ ਕਿ ਬੀਤੀ ਰੀਤ ਉਹ ਆਪਣੀ ਭਾਣਜੀ ਜੈਸਮੀਨ ਪੁੱਤਰੀ ਸਿਤਾਰ ਖਾਂ ਵਾਸੀ ਲਸੋਈ ਦੇ ਵਿਆਹ ’ਤੇ ਗਏ ਸੀ, ਜਿਥੇ ਉਸ ਦੀਆਂ ਦੋਵੇਂ ਭੈਣਾਂ ਵੀ ਗਈਆਂ ਸਨ। ਜਿਥੇ ਉਸ ਦੇ ਦੋਵਾਂ ਭਣੋਈਆਂ ਮਾਲੀ ਖਾਂ ਅਤੇ ਸਲਾਮਦੀਨ ਨੇ ਲੜਾਈ-ਝਗੜਾ ਕੀਤਾ।

ਇਸ ਤੋਂ ਬਾਅਦ ਰਸਤੇ ਵਿਚ ਵੀ ਫੋਨ ’ਤੇ ਉਸ ਦੀਆਂ ਭੈਣਾਂ ਨੂੰ ਗਾਲੀ-ਗਲੋਚ ਕੀਤਾ ਤੇ ਨਹਿਰ ਵਿਚ ਸੁੱਟਣ ਦੀਆਂ ਧਮਕੀਆਂ ਦਿੱਤੀਆਂ, ਜਿਸ ਕਰਕੇ ਡਰਦੇ ਮਾਰੇ ਉਹ, ਉਸਦਾ ਭਰਾ ਬਸ਼ੀਰ, ਭਰਜਾਈ ਰਬੀਨਾ, ਭੈਣ ਪਰਵੀਨ, ਭਾਣਜਾ ਸਲਾਮਦੀਨ ਪੁੱਤਰ ਸਿਤਾਰ ਖਾਂ ਵਾਸੀ ਲਸੋਈ, ਪਿਤਾ ਸੋਹਣਾ ਖਾਂ ਅਤੇ ਜਵਾਈ ਸੰਗਤ ਮੁਹੰਮਦ ਪੁੱਤਰ ਪੱਪੂ ਖਾਂ ਵਾਸੀ ਕਟਾਰੀ ਗੱਡੀਆਂ ਵਿਚ ਸਵਾਰ ਹੋ ਕੇ ਉਸ ਦੀਆਂ ਭੈਣਾਂ ਦੇ ਸਹੁਰੇ ਪਿੰਡ ਘਨੌਰ ਖੁਰਦ ਜਗਤਾਰ ਸਿੰਘ ਪੰਚ ਦੇ ਘਰ ਪੁੱਜੇ।

ਜਰਨੈਲ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਪਿੰਡ ਦੀ ਫਿਰਨੀ ’ਤੇ ਲੱਗੀਆਂ ਸਟਰੀਟ ਲਾਈਟਾਂ ਜਗ ਰਹੀਆਂ ਸੀ ਤਾਂ ਉਸਦਾ ਪਿਤਾ ਸੋਹਣ ਖਾਂ, ਜਗਤਾਰ ਸਿੰਘ ਪੰਚ ਨਾਲ ਘਰ ਦੇ ਅੰਦਰ ਵੜਨ ਲੱਗਾ ਤਾਂ ਉਸਦੇ ਭਣੋਈਏ ਮਾਲੀ ਖਾਂ ਅਤੇ ਸਲਾਮਦੀਨ ਨੇ ਉਸਦੇ ਪਿਤਾ ਸੋਹਣ ਨੂੰ ਬਾਹਾਂ ਤੋਂ ਫੜ ਕੇ ਥੱਲੇ ਸੁੱਟ ਲਿਆ ਅਤੇ ਇਨ੍ਹਾਂ ਦੋਵਾਂ ਨੇ ਅਤੇ ਇਨ੍ਹਾਂ ਦੇ ਪਿਤਾ ਬਸ਼ੀਰ ਖਾਂ ਨੇ ਉਸਦੇ ਪਿਤਾ ਦੇ ਗੁਪਤ ਅੰਗਾਂ ਅਤੇ ਢਿੱਡ ’ਚ ਲੱਤਾਂ ਮਾਰੀਆਂ। ਜਦੋਂ ਉਹ ਤੇ ਉਸਦੀ ਭਰਜਾਈ ਰਬੀਨਾ ਬੇਗਮ ਉਸ ਨੂੰ ਛੁਡਾਉਣ ਲਈ ਅੱਗੇ ਹੋਏ ਤਾਂ ਬਸ਼ੀਰ ਖਾਂ ਨੇ ਉਥੇ ਪਿਆ ਲੋਹੇ ਦਾ ਫੋਹੜਾ ਚੁੱਕ ਕੇ ਉਸਦੇ ਸਿਰ ’ਚ ਮਾਰਿਆ ਤੇ ਉਸ ਦੀਆਂ ਭੈਣਾਂ ਦੀ ਸੱਸ ਮੇਲੋ ਨੇ ਇੱਟ ਚੁੱਕ ਕੇ ਉਸਦੀ ਭਰਜਾਈ ਰਬੀਨਾ ਦੇ ਸਿਰ ਵਿਚ ਮਾਰੀ।

ਉਸ ਨੇ ਦੱਸਿਆ ਕਿ ਫਿਰ ਉਸਦੇ ਭਾਣਜੇ ਸਲਾਮਦੀਨ ਪੁੱਤਰ ਸਿਤਾਰ ਖਾਂ ਵਾਸੀ ਲਸੋਈ ਨੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਧੂਰੀ ਦਾਖ਼ਲ ਕਰਵਾਇਆ ਜਿਥੇ ਡਾਕਟਰ ਨੇ ਉਸਦੇ ਪਿਤਾ ਸੋਹਣ ਖਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਮੁਖੀ ਜਗਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ’ਤੇ ਮਾਲੀ ਖਾਂ, ਸਲਾਮਦੀਨ ਦੀ ਸੱਸ ਅਤੇ ਬਸ਼ੀਰ ਖਾਂ ਖ਼ਿਲਾਫ਼ ਕਤਲ ਅਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।