ਸਮਾਣਾ : ਛੋਟੀ ਉਮਰ ਤੋਂ ਨਸ਼ੇ ਦੀ ਦਲਦਲ ’ਚ ਫਸੇ ਦੋ ਨੌਜਵਾਨਾਂ ਦੀ ਓਵਰਡੋਜ ਨਾਲ ਮੌਤ

0
3201

ਸਮਾਣਾ।ਸਰਕਾਰ ਵੱਲੋਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਵੀ ਨਸ਼ੇੜੀਆਂ ਦਾ ਨਸ਼ੇ ਕਰਕੇ ਮਰਨਾ ਜਾਰੀ ਹੈ। ਐਤਵਾਰ ਨੂੰ ਸਮਾਣਾ ਸਬ ਡਵੀਜ਼ਨ ਦੇ ਪਿੰਡ ਕਕਰਾਲਾ ਭਾਈਕਾ ਅਤੇ ਸਮਾਣਾ ਦੇ ਮੁਹੱਲਾ ਬੰਮਣਾ ਪੱਤੀ ਦੇ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ।

ਮ੍ਰਿਤਕ ਦੇ ਵਾਰਸਾਂ ਸੁਖਵਿੰਦਰ ਪਾਲ ਤੇ ਬੌਬੀ ਰਾਮ ਵੱਲੋਂ ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਭਾਇਕਾ ਦੇ 28 ਸਾਲਾ ਨੌਜਵਾਨ ਜਸਵੀਰ ਰਾਮ ਉਰਫ ਅਸ਼ਵਨੀ ਸ਼ਰਮਾ ਪੁੱਤਰ ਜਸਪਾਲ ਰਾਮ ਉਰਫ ਬੱਲਾ ਰਾਮ ਦੀ ਲਾਸ਼ ਐਤਵਾਰ ਦੀ ਰਾਤ ਨੂੰ ਕਰੀਬ 9 ਵਜੇ ਪਿੰਡ ਦੀ ਦਾਣਾ ਮੰਡੀ ਵਿਚੋਂ ਬੇਹੋਸ਼ੀ ਦੀ ਹਾਲਤ ’ਚ ਮਿਲਿਆ ਸੀ । ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਸੀ। ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ।

ਜਾਂਚ ਅਧਿਕਾਰੀ ਏ.ਐੱਸ.ਆਈ. ਰਣਜੀਤ ਸਿੰਘ ਅਨੁਸਾਰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਬਿਆਨਾਂ ਅਨੁਸਾਰ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ।

ਇਸੇ ਤਰ੍ਹਾਂ ਸਮਾਣਾ ਦੀ ਤੇਜ ਕਲੋਨੀ ਵਿਚੋਂ ਬੰਮਣਾ ਪੱਤੀ ਦੇ ਰਹਿਣ ਵਾਲੇ 17 ਸਾਲਾ ਨੌਜਵਾਨ ਸੰਦੀਪ ਕੋਤਾ ਐਤਵਾਰ ਨੂੰ ਕਰੀਬ 4 ਵਜੇ ਬੇਹੋਸ਼ੀ ਦੀ ਹਾਲਤ ਵਿਚ ਮਿਲਣ ’ਤੇ ਸਿਟੀ ਪੁਲਸ ਦੇ ਏ.ਐਸ.ਆਈ. ਪੂਰਨ ਸਿੰਘ ਨੇ ਸਿਵਲ ਹਸਪਤਾਲ ਲਿਆਂਦਾ, ਜਿਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨੇ ਜਾਣ ‘ਤੇ ਲਾਸ਼ ਨੂੰ ਮੋਰਚਰੀ ਵਿਚ ਰੱਖਵਾ ਕੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ।

ਮ੍ਰਿਤਕ ਸੰਦੀਪ ਦੇ ਪਿਤਾ ਦਰਸ਼ਨ ਕੁਮਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਲੜਕਾ ਛੋਟੀ ਉਮਰ ’ਚ ਹੀ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ੇ ਦਾ ਆਦੀ ਹੋਣ ਕਰਕੇ ਘਰ ਦੇ ਭਾਂਡੇ ਤੇ ਗਰਿੱਲਾਂ ਆਦਿ ਵੇਚਣ ਤੋਂ ਇਲਾਵਾ ਚੋਰੀਆਂ ਕਰਨ ਲੱਗ ਪਿਆ ਸੀ ਜਿਸ ਨੂੰ ਨਸ਼ੇ ਦੀ ਆਦਤ ਛੁਡਾਉਣ ਲਈ ਕਈ ਨਸ਼ਾ ਕੇਂਦਰਾਂ ਵਿਚ ਵੀ ਲਿਜਾਇਆ ਗਿਆ ਪਰ ਉਮਰ ਘੱਟ ਹੋਣ ਕਰਕੇ ਉਨ੍ਹਾਂ ਉਸ ਨੂੰ ਨਹੀਂ ਰੱਖਿਆ।

ਮਾਮਲੇ ਦੇ ਜਾਂਚ ਅਧਿਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਵੱਲੋਂ ਦਰਜ਼ ਕਰਵਾਏ ਬਿਆਨਾਂ ਦੇ ਅਧਾਰ ਤੇ ਮਾਮਲੇ ’ਚ 174 ਦੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।