ਜਲੰਧਰ . ਆਰਐਸਐਸ ਵੱਲੋਂ ਦੇਸ਼ ‘ਚ ਨਵਾਂ ਸੰਵਿਧਾਨ ਲਾਗੂ ਕਰਨ ਦੀ ਚਰਚਾ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਕਾਫੀ ਚੱਲ ਰਹੀ ਹੈ। ਇੱਕ ਪੀਡੀਐਫ ਫਾਇਲ ਸ਼ੇਅਰ ਹੋ ਰਹੀ ਹੈ ਜਿਸ ‘ਤੇ ਆਰਐਸਐਸ ਮੁੱਖੀ ਮੋਹਨ ਭਾਗਵਤ ਦੀ ਫੋਟੋ ਦੇ ਨਾਲ ਨਵਾਂ ਭਾਰਤੀ ਸੰਵਿਧਾਨ ਲਿੱਖਿਆ ਹੋਇਆ ਹੈ। ਪੀਡੀਐਫ ਦੇ 16 ਪੇਜ ਹਨ। ਪਹਿਲੇ ਪੇਜ ‘ਤੇ ਸੰਵਿਧਾਨ ਦੀ ਆਤਮਾ ਤਹਿਤ 11 ਪੁਆਇੰਟ ਦਿੱਤੇ ਹੋਏ ਹਨ। ਪਹਿਲੇ ਪੁਆਇੰਟ ‘ਚ ਲਿੱਖਿਆ ਹੋਇਆ ਹੈ ਕਿ ਇਹ ਭਾਰਤ ਦਾ ਨਵਾਂ ਸੰਵਿਧਾਨ ਹਿੰਦੂ ਧਰਮ ‘ਤੇ ਅਧਾਰਿਤ ਹੈ। ਦੂਜੇ ਪੁਆਇੰਟ ‘ਚ ਲਿੱਖਿਆ ਹੈ- ਇਸ ਸੰਵਿਧਾਨ ਮੁਤਾਬਿਕ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਐਲਾਣਿਆ ਜਾਂਦਾ ਹੈ। ਹੁਣ ਭਾਰਤ ਦੀ ਥਾਂ ਸਿਰਫ ਹਿੰਦੁਸਤਾਨ ਸ਼ਬਦ ਦਾ ਇਸਤੇਮਾਲ ਹੋਵੇਗਾ।
ਐਡਵੋਕੇਟ ਅਸ਼ੋਕ ਸਰੀਨ ਹਿੱਕੀ ਨੇ ਇਸ ਸੰਵਿਧਾਨ ਦੇ ਖਿਲਾਫ ਅੱਜ ਜਲੰਧਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਹਨਾਂ ਆਪਣੀ ਸ਼ਿਕਾਇਤ ‘ਚ ਲਿੱਖਿਆ ਹੈ ਕਿ ਇਹ ਫਰਜ਼ੀ ਸੰਵਿਧਾਨ ਹੈ। ਕੁੱਝ ਵਿਦੇਸ਼ੀ ਤਾਕਤਾਂ ਅਜਿਹਾ ਕਰਕੇ ਡਾ. ਭੀਮ ਰਾਓ ਅੰਬੇਡਕਰ ਦਾ ਅਪਮਾਨ ਕਰ ਰਹੀਆਂ ਹਨ, ਨਾਲ ਹੀ ਆਰਐਸਐਸ ਬਾਰੇ ਵੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
ਅਸ਼ੋਕ ਨੇ ਆਪਣੀ ਸ਼ਿਕਾਇਤ ‘ਚ ਜ਼ਿਕਰ ਕੀਤਾ ਹੈ ਕਿ ਇਹ ਫਰਜ਼ੀ ਸੰਵਿਧਾਨ ਕਈ ਗਰੁੱਪਾਂ ‘ਚ ਲਗਾਤਾਰ ਸ਼ੇਅਰ ਹੋ ਰਿਹਾ ਹੈ। ਮੈਸੇਜ ‘ਚ ਲਿੱਖਿਆ ਜਾ ਰਿਹਾ ਹੈ ਕਿ ਇਹ ਆਰਐਸਐਸ ਵੱਲੋਂ ਤਿਆਰ ਹੈ ਅਤੇ ਇਸ ਨੂੰ ਮਨਜ਼ੂਰੀ ਲਈ ਕੇਂਦਰ ਸਰਕਾਰ ਕੋਲ ਭੇਜਿਆ ਗਿਆ ਹੈ। ਇਸ ‘ਚ ਬੜੇ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨਾਲ ਲੋਕਾਂ ‘ਚ ਅਫਵਾਹ ਫੈਲਾਈ ਜਾ ਰਹੀ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕੀਤਾ ਜਾਂਦਾ ਹੈ ਪਰ ਅਜਿਹਾ ਕੁੱਝ ਨਹੀਂ ਹੈ। ਪੁਲਿਸ ਨੂੰ ਜਲਦ ਇਸ ਨੂੰ ਫੈਲਾਉਣ ਵਾਲੇ ਅਰੋਪੀਆਂ ‘ਤੇ ਕੇਸ ਦਰਜ ਕਰਕੇ ਐਕਸ਼ਨ ਲੈਣਾ ਚਾਹੀਦਾ ਹੈ।





































