ਲੁਧਿਆਣਾ . ਅੱਜ ਲੁਧਿਆਣਾ ਵਿੱਚ ਗੈਸ ਏਜੰਸੀ ਦੇ ਕਰਮਚਾਰੀ ਨੂੰ ਹਥਿਆਰ ਦਿਖਾ ਕੇ 11 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਉਸ ਸਮੇਂ ਵਾਪਰੀ ਜਦੋਂ ਵਿਅਕਤੀ ਦੋ ਦਿਨਾਂ ਦਾ ਕੁਲੈਕਸ਼ਨ ਬੈਂਕ ਕੋਲ ਜਮ੍ਹਾ ਕਰਵਾਉਣ ਜਾ ਰਿਹਾ ਸੀ। ਨਕਦੀ ਲੁੱਟ ਕੇ ਬਾਈਕ ‘ਤੇ ਆਏ ਤਿੰਨ ਬਦਮਾਸ਼ ਫਰਾਰ ਹੋ ਗਏ। ਜਾਣਕਾਰੀ ਤੋਂ ਬਾਅਦ ਪੁਲਿਸ ਨੇ ਮੌਕੇ ਦੀ ਜਾਂਚ ਕੀਤੀ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਹਿਰ ਦੀ ਬੱਚਨ ਗੈਸ ਏਜੰਸੀ ਦਾ ਕਰਮਚਾਰੀ ਪਵਨਦੀਪ ਸਿੰਘ ਸ਼ਨੀਵਾਰ ਤੇ ਐਤਵਾਰ ਨੂੰ ਇਕੱਠੀ ਕੀਤੀ ਗਈ ਨਕਦੀ ਜਮ੍ਹਾ ਕਰਾਉਣ ਜਾ ਰਿਹਾ ਸੀ। ਸ਼ਿਮਲਾਪੁਰੀ ਖੇਤਰ ਦੇ ਲੋਹਾਰਾ ਰੋਡ ‘ਤੇ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਅਚਾਨਕ ਤੇਜ਼ਧਾਰ ਹਥਿਆਰ ਦਿਖਾ ਕੇ ਨਕਦੀ ਲੁੱਟ ਲਈ। ਲੁੱਟ ਮਗਰੋਂ ਤਿੰਨੋਂ ਨੌਜਵਾਨ ਮੋਟਰਸਾਈਕਲ ’ਤੇ ਫਰਾਰ ਹੋ ਗਏ।
ਪਵਨਦੀਪ ਸਿੰਘ ਨੇ ਤੁਰੰਤ ਏਜੰਸੀ ਮਾਲਕ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੇ ਡੀਸੀਪੀ ਸਿਮਰਤ ਪਾਲ ਸਿੰਘ, ਏਸੀਪੀ ਮਨਦੀਪ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।