ਰਿਪੁਦਮਨ ਸਿੰਘ ਦੀ ਕੈਨੇਡਾ ‘ਚ ਗੋਲੀ ਮਾਰ ਕੇ ਹੱਤਿਆ, 1985 ‘ਚ ਏਅਰ ਇੰਡੀਆ ਬੰਬ ਧਮਾਕੇ ‘ਚ ਆਇਆ ਸੀ ਨਾਂ

0
3594

ਨਵੀਂ ਦਿੱਲੀ | ਕੈਨੇਡਾ ‘ਚ ਰਹਿ ਰਹੇ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਸ ਦਾ ਨਾਂ 1985 ਦੇ ਏਅਰ ਇੰਡੀਆ ਬੰਬ ਧਮਾਕਿਆਂ ਵਿੱਚ ਸਾਹਮਣੇ ਆਇਆ ਸੀ। ਹਾਲਾਂਕਿ ਬਾਅਦ ਵਿੱਚ ਸਾਲ 2005 ਵਿੱਚ ਰਿਪੁਦਮਨ ਨੂੰ ਇਸ ਮਾਮਲੇ ਵਿੱਚ ਅਦਾਲਤ ਨੇ ਬਰੀ ਕਰ ਦਿੱਤਾ ਸੀ।

ਮਲਿਕ ਨੂੰ ਵੈਨਕੂਵਰ ਵਿੱਚ ਉਸ ਸਮੇਂ ਗੋਲੀਆਂ ਮਾਰੀਆਂ ਜਦੋਂ ਉਹ ਕੰਮ ਤੇ ਜਾ ਰਹੇ ਸਨ। ਸ਼ੁੱਕਰਵਾਰ ਸਵੇਰੇ ਕਰੀਬ 9.30 ਵਜੇ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਹਨਾਂ ਨੂੰ ਗੋਲੀ ਲੱਗੀ ਤੇ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਗੋਲੀਆਂ ਐਨੀਆਂ ਨੇੜਿਓਂ ਚੱਲੀਆਂ ਕਿ ਉਨ੍ਹਾਂ ਦਾ ਬਚਣਾ ਸੰਭਵ ਨਹੀਂ ਸੀ। ਮੌਕੇ ਤੋਂ ਸੜੀ ਹੋਈ ਕਾਰ ਬਰਾਮਦ ਹੋਈ।

ਰਿਪੁਦਮਨ ਸਿੰਘ ਲਗਭਗ ਇੱਕ ਦਹਾਕੇ ਤੋਂ ਭਾਰਤੀ ਬਲੈਕ ਲਿਸਟ ਵਿੱਚ ਸਨ। ਉਹਨਾਂ ਨੂੰ ਸਾਲ 2020 ਵਿੱਚ ਸਿੰਗਲ ਐਂਟਰੀ ਵੀਜ਼ਾ ਅਤੇ ਹਾਲ ਹੀ ਵਿੱਚ 2022 ਵਿੱਚ ਮਲਟੀਪਲ ਵੀਜ਼ਾ ਦਿੱਤਾ ਗਿਆ ਸੀ। ਰਿਪੁਦਮਨ ਨੇ ਹਾਲ ਹੀ ਵਿੱਚ ਮਈ ਮਹੀਨੇ ਵਿੱਚ ਆਂਧਰਾ ਪ੍ਰਦੇਸ਼, ਪੰਜਾਬ, ਦਿੱਲੀ ਅਤੇ ਮਹਾਰਾਸ਼ਟਰ ਦੀ ਯਾਤਰਾ ਕੀਤੀ ਸੀ।

1985 ਵਿੱਚ ਏਅਰ ਇੰਡੀਆ ਬੰਬ ਕਾਂਡ ਵਿੱਚ 331 ਲੋਕ ਮਾਰੇ ਗਏ ਸਨ। ਕੈਨੇਡੀਅਨ ਮੂਲ ਦਾ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਵੀ ਇਸ ਕੇਸ ਵਿੱਚ ਮੁਲਜ਼ਮ ਸੀ ਪਰ ਬਾਅਦ ਵਿੱਚ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਬਰੀ ਕਰ ਦਿੱਤਾ ਗਿਆ। ਰਿਪੁਦਮਨ ਸਿੰਘ ‘ਤੇ ਖਾਲਿਸਤਾਨੀ ਹੋਣ ਦਾ ਦੋਸ਼ ਹੈ।

ਰਿਪੁਦਮਨ ਮਲਿਕ ਕਥਿਤ ਤੌਰ ‘ਤੇ ਪੰਜਾਬ ਵਿੱਚ ਕਈ ਅੱਤਵਾਦੀ ਘਟਨਾਵਾਂ ਲਈ ਜ਼ਿੰਮੇਵਾਰ ਅੱਤਵਾਦੀ ਸੰਗਠਨ ਬੱਬਰ ਖਾਲਸਾ ਨਾਲ ਜੁੜਿਆ ਹੋਏ ਸਨ। ਏਅਰ ਇੰਡੀਆ ਬੰਬ ਧਮਾਕੇ ਦੇ ਕਥਿਤ ਮਾਸਟਰਮਾਈਂਡ ਤਲਵਿੰਦਰ ਸਿੰਘ ਪਰਮਾਰ ਦਾ ਨਜ਼ਦੀਕੀ ਸਾਥੀ ਵੀ ਸੀ। ਬੱਬਰ ਖਾਲਸਾ, ਇੱਕ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਹੈ ਅਤੇ ਅਮਰੀਕਾ, ਕੈਨੇਡਾ ਅਤੇ ਭਾਰਤ ਸਮੇਤ ਕਈ ਦੇਸ਼ਾਂ ਦੁਆਰਾ ਪਾਬੰਦੀਸ਼ੁਦਾ ਹੈ।