ਰਾਜੋਆਣਾ ਨੇ ਜੇਲ ‘ਚ ਸ਼ੁਰੂ ਕੀਤੀ ਭੁੱਖ-ਹੜਤਾਲ, ਰਹਿਮ ਦੀ ਪਟੀਸ਼ਨ ਵਾਪਸ ਲੈਣ ਦੀ ਕਰ ਰਹੇ ਨੇ ਮੰਗ

0
829

ਪਟਿਆਲਾ, 5 ਦਸੰਬਰ | ਕੇਂਦਰੀ ਜੇਲ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਦੀ ਸਵੇਰ ਨੂੰ ਰਾਜੋਆਣਾ ਨੇ ਖਾਣਾ ਨਹੀਂ ਖਾਧਾ। ਜੇਲ ਅਧਿਕਾਰੀਆਂ ਅਨੁਸਾਰ ਰਾਜੋਆਣਾ ਨੂੰ ਖਾਣਾ ਖਾਣ ਦੀ ਅਪੀਲ ਕੀਤੀ ਸੀ ਪਰ ਉਹ ਨਹੀਂ ਮੰਨੇ। ਅੱਜ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਵੀ ਜੇਲ੍ਹ ‘ਚ ਮੁਲਾਕਾਤ ਕਰਨ ਲਈ ਪੁੱਜੇ ਜਿਨ੍ਹਾਂ ਵੱਲੋਂ ਰਾਜੋਆਣਾ ਦੀ ਭੁੱਖ- ਹੜਤਾਲ ਅਤੇ ਹੋਰ ਫਾਂਸੀ ਦੀ ਸਜ਼ਾ ਮੁਆਫੀ ਦੀ ਅਪੀਲ ਬਾਰੇ ਗੱਲ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਰਾਜੋਆਣਾ ਕਰੀਬ 12 ਸਾਲ ਤੋਂ ਪਟਿਆਲਾ ਜੇਲ ਵਿਚ ਬੰਦ ਹਨ। ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮੁਆਫੀ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਪੀਲ ਪਾਈ ਗਈ ਸੀ। ਅਦਾਲਤ ਵੱਲੋਂ ਇਸ ਬਾਰੇ ਕੇਂਦਰ ਸਰਕਾਰ ਨੂੰ ਫੈਸਲਾ ਲੈਣ ਬਾਰੇ ਕਿਹਾ ਗਿਆ ਸੀ। ਲੰਮੇ ਸਮੇਂ ਤੋਂ ਇਸ ਅਪੀਲ ਉਤੇ ਕੇਂਦਰ ਸਰਕਾਰ ਵੱਲੋਂ ਫੈਸਲਾ ਨਾ ਲੈਣ ਉਤੇ ਅਕਾਲੀ ਦਲ ਵੱਲੋਂ ਪੂਰੀ ਪੈਰਵੀ ਨਾ ਕਰਨ ਕਰਕੇ ਬਲਵੰਤ ਸਿੰਘ ਰਾਜੋਆਣਾ ਨਾਰਾਜ਼ ਹਨ।

ਰਾਜੋਆਣਾ ਨੇ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ ‘ਚ ਦਖਲ ਦੇਣ ਤੇ ਅਕਾਲੀ ਦਲ ਵੱਲੋਂ ਪਾਈ ਅਪੀਲ ਵਾਪਸ ਲੈਣ ਲਈ ਕਿਹਾ ਸੀ। ਅਜਿਹਾ ਨਾ ਹੋਣ ਦੀ ਸੂਰਤ ਵਿਚ 5 ਦਸੰਬਰ ਤੋਂ ਭੁੱਖ-ਹੜਤਾਲ ਦੀ ਚਿਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰਾਜੋਆਣਾ ਨਾਲ ਮੁਲਾਕਾਤ ਕਰਕੇ ਹੜਤਾਲ ਨਾ ਕਰਨ ਦੀ ਅਪੀਲ ਕੀਤੀ ਸੀ।