ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇਕ ਸਰਪੰਚ ਨੇ ਆਪਣੀ ਚਾਚੀ ਦੀ ਮੌਤ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਪਿੰਡ ਦੇ ਸਰਕਾਰੀ ਸਕੂਲ ਵਿੱਚ ਕਰਵਾਇਆ। ਇਸ ਦੇ ਲਈ ਸਕੂਲ ਵਿੱਚ ਛੁੱਟੀ ਕਰ ਦਿੱਤੀ ਗਈ ਅਤੇ ਬਾਅਦ ਵਿੱਚ ਉੱਥੇ ਹੀ ਅੰਤਿਮ ਸੰਸਕਾਰ ਕੀਤਾ ਗਿਆ।
ਜਾਣਕਾਰੀ ਮੁਤਾਬਕ ਮਾਮਲਾ ਦੌਸਾ ਜ਼ਿਲ੍ਹੇ ਦੇ ਮਹੂਆ ਵਿਧਾਨ ਸਭਾ ਹਲਕੇ ਨਾਲ ਸਬੰਧਤ ਹੈ। ਇਲਾਕੇ ਦੇ ਪਿੰਡ ਕੋਟ ਦੇ ਸਰਪੰਚ ਜਸਵੰਤ ਮੀਨਾ ਦੀ ਚਾਚੀ ਦਾ ਦੇਹਾਂਤ ਹੋ ਗਿਆ ਸੀ। ਇਸ ’ਤੇ ਸਰਪੰਚ ਨੇ ਸੋਮਵਾਰ ਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਆਪਣੀ ਚਾਚੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਮ੍ਰਿਤਕ ਔਰਤ ਦੇ ਪਤੀ ਦਾ ਨਾਂ ਗਿਰਧਾਰੀ ਲਾਲ ਬੋਹਰਾ ਸੀ। ਇਹ ਸਕੂਲ ਦਾ ਨਾਮ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ ਹੈ। ਸਕੂਲ ਦੀ ਇਸ ਇਮਾਰਤ ਦੀ ਉਸਾਰੀ ਸਰਪੰਚ ਪਰਿਵਾਰ ਵੱਲੋਂ ਹੀ ਕਰਵਾਈ ਗਈ ਸੀ।
ਸਰਪੰਚ ਦੀ ਇਸ ਧੱਕੇਸ਼ਾਹੀ ਤੋਂ ਸਕੂਲ ਸਟਾਫ਼ ਸਹਿਮਿਆ ਰਿਹਾ ਤੇ ਕੁਝ ਨਹੀਂ ਬੋਲਿਆ। ਘਟਨਾ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹਾ ਕੁਲੈਕਟਰ ਨੇ ਇਸ ਦੀ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਪੰਚ ਵੱਲੋਂ ਸਕੂਲ ਵਿੱਚ ਜੇਸੀਬੀ ਲਗਾ ਕੇ ਉਥੋਂ ਅਸਥੀਆਂ ਚੁੱਕ ਲਈਆਂ ਗਈਆਂ। ਹੁਣ ਸਿੱਖਿਆ ਵਿਭਾਗ ਵੀ ਮਾਮਲੇ ਦੀ ਜਾਂਚ ਵਿੱਚ ਜੁਟਿਆ ਹੋਇਆ ਹੈ।
ਸੋਮਵਾਰ ਨੂੰ ਵੱਡੀ ਗਿਣਤੀ ‘ਚ ਲੋਕ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਉੱਥੇ ਪਹੁੰਚੇ ਅਤੇ ਲਾਸ਼ ਨੂੰ ਸਕੂਲ ਦੇ ਵਿਹੜੇ ‘ਚ ਰੱਖ ਦਿੱਤਾ। ਬਾਅਦ ਵਿੱਚ ਉੱਥੇ ਹੀ ਸਸਕਾਰ ਕਰ ਦਿੱਤਾ ਗਿਆ। ਸਕੂਲ ਦੇ ਵਿਹੜੇ ਵਿੱਚ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ। ਇਸ ਦੇ ਨਾਲ ਹੀ ਘਟਨਾ ਦੌਰਾਨ ਸਕੂਲ ਸਟਾਫ਼ ਮੂਕ ਦਰਸ਼ਕ ਬਣਿਆ ਰਿਹਾ। ਭਾਰੀ ਭੀੜ ਹੋਣ ਕਾਰਨ ਸਕੂਲ ਸਟਾਫ਼ ਵੀ ਇਸ ਮਾਮਲੇ ਦਾ ਵਿਰੋਧ ਨਹੀਂ ਕਰ ਸਕਿਆ।