ਪੰਜਾਬ ਦੇ 11 ਜ਼ਿਲਿਆਂ ‘ਚ ਮੀਂਹ ਪੈਣ ਦਾ ਅਲਰਟ, ਜ਼ਿਆਦਾਤਰ ਸ਼ਹਿਰਾਂ ‘ਚ ਛਾਏ ਰਹਿਣਗੇ ਕਾਲੇ ਬੱਦਲ

0
1693

ਚੰਡੀਗੜ੍ਹ| ਪੰਜਾਬ ‘ਚ ਮਾਨਸੂਨ ਹੁਣ ਆਮ ਵਾਂਗ ਹੈ। ਇਸ ਦੇ ਨਾਲ ਹੀ ਪੰਜਾਬ ਹੜ੍ਹਾਂ ਦੀ ਸਥਿਤੀ ਤੋਂ ਬਾਹਰ ਆ ਰਿਹਾ ਹੈ। ਅੱਜ ਪੰਜਾਬ ਦੇ 11 ਜ਼ਿਲ੍ਹਿਆਂ ‘ਚ ਮੀਂਹ ਪੈਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ। ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਈ ਸ਼ਹਿਰਾਂ ‘ਚ ਬੱਦਲ ਛਾਏ ਹੋਏ ਹਨ ਅਤੇ ਕਈ ਥਾਵਾਂ ‘ਤੇ ਧੁੱਪ ਹੈ।

ਮੌਸਮ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਫਾਜ਼ਿਲਕਾ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਬੀਤੇ ਦਿਨ ਵੀ ਪੰਜਾਬ ‘ਚ ਕੋਈ ਖਾਸ ਮੀਂਹ ਨਹੀਂ ਪਿਆ। ਪਟਿਆਲਾ ਅਤੇ ਲੁਧਿਆਣਾ ‘ਚ 4-4 ਮਿਲੀਮੀਟਰ, ਬਰਨਾਲਾ ‘ਚ 19.5 ਮਿਲੀਮੀਟਰ, ਫਤਿਹਗੜ੍ਹ ਸਾਹਿਬ ‘ਚ 6 ਮਿਲੀਮੀਟਰ, ਮੋਗਾ ‘ਚ 3.5 ਮਿਲੀਮੀਟਰ, ਰੋਪੜ ‘ਚ 2.5 ਮਿਲੀਮੀਟਰ ਅਤੇ ਬਲਾਚੌਰ ‘ਚ 5 ਮਿ.ਮੀ. ਮੀਂਹ ਪਿਆ।
ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਭਾਖੜਾ ਡੈਮ ਦਾ ਅੱਜ ਪਾਣੀ ਦਾ ਪੱਧਰ ਪਿਛਲੇ ਦਿਨ ਨਾਲੋਂ ਡੇਢ ਫੁੱਟ ਵੱਧ ਹੈ। ਜਿੱਥੇ ਬੀਤੇ ਦਿਨ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1658.01 ਫੁੱਟ ਤੱਕ ਪਹੁੰਚ ਗਿਆ ਸੀ, ਉੱਥੇ ਹੀ ਸ਼ਨੀਵਾਰ ਸਵੇਰੇ ਪਾਣੀ ਦਾ ਪੱਧਰ 1659.51 ਫੁੱਟ ਸੀ। ਭਾਖੜਾ ਡੈਮ ‘ਚ ਪਾਣੀ ਦੀ ਆਮਦ 68403 ਕਿਊਸਿਕ ਸੀ ਜਦੋਂ ਕਿ ਟਰਬਾਈਨਾਂ ਰਾਹੀਂ ਸਿਰਫ਼ 41641 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ।

ਇਸੇ ਤਰ੍ਹਾਂ ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ‘ਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ ਅਤੇ ਸਤਲੁਜ ਦਰਿਆ ‘ਚ 19200 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਅਜੇ ਵੀ 1680 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ ਕਰੀਬ 21 ਫੁੱਟ ਹੇਠਾਂ ਹੈ।