ਰੋਜ਼ੀ-ਰੋਟੀ ਦੀ ਭਾਲ ‘ਚ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਟਰੱਕ ਪਲਟਣ ਕਾਰਨ ਮੌਤ

0
375

ਜਲੰਧਰ| ਭੋਗਪੁਰ ਦੇ ਪਿੰਡ ਲੜੋਈ ਦੇ 29 ਸਾਲਾ ਨੌਜਵਾਨ ਸਵਿੰਦਰਜੀਤ ਸਿੰਘ ਦੀ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ‘ਚ ਟਰੱਕ ਪਲਟਣ ਕਾਰਨ ਮੌਤ ਹੋ ਗਈ। ਉਹ ਸਾਲ 2013 ‘ਚ ਰੋਜ਼ੀ-ਰੋਟੀ ਦੀ ਭਾਲ ‘ਚ ਅਮਰੀਕਾ ਗਿਆ ਸੀ ਅਤੇ ਉੱਥੇ ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਬੀਤੇ ਦਿਨ ਟਰੱਕ ਚਲਾਉਂਦੇ ਸਮੇਂ ਅਚਾਨਕ ਉਸ ਦੀ ਅੱਖ ਲੱਗ ਗਈ, ਜਿਸ ਕਾਰਨ ਟਰੱਕ ਹਾਦਸਾਗ੍ਰਸਤ ਹੋ ਕੇ ਪਲਟ ਗਿਆ ਅਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ।

ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਅਜੇ ਕੁਆਰਾ ਸੀ ਅਤੇ ਪੂਰੇ ਪਰਿਵਾਰ ਦਾ ਗੁਜ਼ਾਰਾ ਉਸੇ ਦੀ ਕਮਾਈ ‘ਤੇ ਚਲਦਾ ਸੀ। ਉਸ ਦੀ ਮ੍ਰਿਤਕ ਦੇਹ ਕੈਲੀਫੋਰਨੀਆ ਪੁਲਿਸ ਨੇ ਆਪਣੀ ਕਸਟਡੀ ‘ਚ ਲੈ ਲਈ ਹੈ । ਪਰਿਵਾਰ ਵਲੋਂ ਪੰਜਾਬ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਪੰਜਾਬ ਲਿਆਉਣ ‘ਚ ਉਨ੍ਹਾਂ ਦੀ ਮਦਦ ਕੀਤੀ ਜਾਵੇ।ਜ਼ਿਕਰਯੋਗ ਹੈ ਕਿ ਮ੍ਰਿਤਕ ਸਵਿੰਦਰਜੀਤ ਸਿੰਘ ਦੇ ਵੱਡੇ ਭਰਾ ਵਿੱਕੀ ਦੀ ਵੀ ਪਿਛਲੇ ਸਾਲ ਮੌਤ ਹੋ ਗਈ ਸੀ। ਇਕ ਸਾਲ ਦੇ ਅੰਦਰ ਘਰ ਦੇ 2 ਜਵਾਨ ਪੁੱਤਰਾਂ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮ੍ਰਿਤਕ ਦੀ ਮਾਤਾ ਸਤਵੰਤ ਕੌਰ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਅਤੇ ਘਰ ‘ਚ ਹੁਣ ਸਿਰਫ ਸਵਿੰਦਰਜੀਤ ਸਿੰਘ ਦੇ ਬਜ਼ੁਰਗ ਮਾਪੇ ਜਰਨੈਲ ਸਿੰਘ, ਸਤਵੰਤ ਕੌਰ ਤੇ ਚਾਚਾ ਰਹਿ ਰਹੇ ਹਨ। ਪਿੰਡ ਲੜੋਈ ਵਾਸੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।