ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਮਰਡਰ; 3 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ ਜਗਰਾਜ ਸਿੰਘ

0
764

ਕੈਨੇਡਾ, 17 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਮਿਸੀਸਾਗਾ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ 2 ਵਿਅਕਤੀ ਉਸ ਨੂੰ ਗੋਲੀ ਮਾਰ ਕੇ ਭੱਜ ਗਏ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜਗਰਾਜ ਸਿੰਘ 28 ਸਾਲ ਵਜੋਂ ਹੋਈ ਹੈ। ਨੱਥੋਵਾਲ ਵਾਸੀ ਜਗਰਾਜ ਸਿੰਘ ਕਰੀਬ 3 ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ।

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸਟੱਡੀ ਦੇ ਨਾਲ-ਨਾਲ ਮਿਸੀਸਾਗਾ ਦੇ ਯਾਰਡ ਉੱਪਰ ਸਕਿਓਰਿਟੀ ਗਾਰਡ ਸੀ। ਇਥੇ ਹੀ ਲੰਘੀ ਰਾਤ ਸਮੇਂ 2 ਹਥਿਆਰਬੰਦ ਵਿਅਕਤੀਆਂ ਨੇ ਜਗਰਾਜ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਗਰਾਜ ਦੇ ਪਿਤਾ ਬਲਵੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਸੁਖਦੀਪ ਕੌਰ ਨੇ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜਿਆ ਸੀ।

ਤੜਕੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਜਗਰਾਜ ਦੇ ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿਉਂਕਿ ਉਸ ਨੂੰ ਕੈਨੇਡਾ ਗਏ ਤਿੰਨ ਮਹੀਨੇ ਹੀ ਹੋਏ ਸਨ।