ਇਟਲੀ/ਮਿਲਾਨ | ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਾਂਗ ਇਟਲੀ ਵੀ ਅਜਿਹਾ ਮੁਲਕ ਹੈ, ਜਿਥੇ ਭਾਰਤੀਆਂ ਦੀ ਭਾਰੀ ਗਿਣਤੀ ਹੈ। ਇਟਲੀ ਵਿਚ ਪੰਜਾਬੀਆਂ ਨੇ ਜਿਥੇ ਮਿਹਨਤ ਕਰਕੇ ਵੱਡੀਆਂ ਮੱਲਾਂ ਮਾਰੀਆਂ ਹਨ। ਚੰਗੀ ਪੜ੍ਹਾਈ ਹਾਸਲ ਕਰਨ ਤੋਂ ਬਾਅਦ ਭਾਰਤੀਆਂ ਦੀ ਨਵੀਂ ਪੀੜ੍ਹੀ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਵਿਚ ਵੀ ਸਫ਼ਲ ਰਹੀ ਹੈ। ਹੁਣ ਇਟਲੀ ਵਿਚਲੇ ਭਾਰਤੀ ਰਾਜਨੀਤੀ ਵਿਚ ਵੀ ਆਪਣਾ ਹੱਥ ਅਜ਼ਮਾ ਰਹੇ ਹਨ।
ਰਾਜੂ ਖੰਬ ਅਤੇ ਦਲਜੀਤ ਕੌਰ ਦੀ 20 ਸਾਲ ਦੀ ਸਪੁੱਤਰੀ ਜੈਸਿਕਾ ਕੌਰ ਨੇ ਉਫਲਾਗਾਂ ਕਮੂਨੇ ਤੋਂ ਰਿਨੋਵਾਮੈਂਤੋਂ ਪਾਪੋਲਾਰੇ ਪਾਰਟੀ ਵੱਲੋਂ ਸਲਾਹਕਾਰ ਦੀ ਚੋਣ ਲੜੀ ਸੀ। ਇਸ ਮੌਕੇ ਜੈਸਿਕਾ ਕੌਰ ਨੇ ਉਫਲਾਗਾਂ ਵਿਚ ਵਸਦੇ ਭਾਰਤੀਆਂ ਅਤੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਜੋ ਮਾਣ ਬਖ਼ਸ਼ਿਆ, ਉਸ ‘ਤੇ ਖਰਾ ਉਤਰੇਗੀ। ਜਿਵੇਂ ਹੀ ਜੈਸਿਕਾ ਕੌਰ ਦੀ ਜਿੱਤ ਦੀ ਖ਼ਬਰ ਸਾਹਮਣੇ ਆਈ। ਪਰਿਵਾਰ ਨੂੰ ਵਧਾਈਆਂ ਦੇਣ ਵਾਲੀਆ ਦਾ ਤਾਂਤਾ ਲੱਗਿਆ ਰਿਹਾ।
ਇਟਲੀ ਵਿਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਲਈ ਹਜ਼ਾਰਾਂ ਦੀ ਗਿਣਤੀ ਵਿਚ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਪਰ ਨਗਰ ਕੌਂਸਲ ਉਫਲਾਗਾਂ ਦੀਆਂ ਚੋਣਾਂ ਵਿਚ ਸਲਾਹਕਾਰ ਵਜੋਂ ਚੋਣ ਲੜਦਿਆਂ ਵੱਡੀ ਜਿੱਤ ਪ੍ਰਾਪਤ ਕਰਕੇ ਪੰਜਾਬੀ ਮੂਲ ਦੀ ਜੈਸਿਕਾ ਕੌਰ ਨੇ ਨਵਾਂ ਇਤਿਹਾਸ ਸਿਰਜਿਆ ਹੈ। ਜੈਸਿਕਾ ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਵਾਲੀ ਇਕੋ-ਇਕ ਅਜਿਹੀ ਪੰਜਾਬੀ ਮੂਲ ਦੀ ਔਰਤ ਬਣ ਗਈ ਹੈ, ਜਿਸ ਨੇ ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਮੋਰਿੰਡਾ ਸ਼ਹਿਰ ਨਾਲ ਸਬੰਧਤ ਜੈਸਿਕਾ ਨੇ ਇਟਲੀ ਵਿਚ ਪੜ੍ਹਾਈ ਵਜੋਂ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਹੈ। ਜੈਸਿਕਾ ਪੰਜਾਬ ਦੇ ਰੋਪੜ ਦੇ ਮੋਰਿੰਡਾ ਸ਼ਹਿਰ ਨਾਲ ਸੰਬੰਧਤ ਹੈ।