ਕੋਰੋਨਾ ਦਾ ਕਹਿਰ : ਅੱਜ ਤੋਂ ਪਰਿਵਾਰਕ ਸਮਾਗਮਾਂ ‘ਤੇ ਲੱਗਣੀਆਂ ਹੋਰ ਪਾਬੰਦੀਆਂ, ਪੰਜਾਬ ਨੂੰ ਮੁੰਬਾਈ ਤੇ ਦਿੱਲੀ ਨਹੀਂ ਬਣਨ ਦਿਆਂਗੇ : ਕੈਪਟਨ

0
15727

ਚੰਡੀਗੜ੍ਹ . ਪੰਜਾਬ ‘ਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ‘ਚ ਅੱਜ ਤੋਂ ਹੋਰ ਸਖ਼ਤੀ ਹੋਣ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੁਝ ਹੋਰ ਸਖ਼ਤ ਕਦਮ ਚੁੱਕਣ ਦੀ ਤਿਆਰੀ ਕੀਤੀ ਹੈ। ਇਸ ‘ਚ ਸਮਾਜਿਕ, ਜਨਤਕ ਤੇ ਪਰਿਵਾਰਕ ਸਮਾਗਮਾਂ ‘ਤੇ ਹੋਰ ਪਾਬੰਦੀਆਂ ਲਾਈਆਂ ਜਾਣਗੀਆਂ। ਕੈਪਟਨ ਨੇ ਕਿਹਾ ਕਿ ਪੰਜਾਬ ਨੂੰ ਮੁੰਬਈ ਜਾਂ ਦਿੱਲੀ ਨਹੀਂ ਬਣਨ ਦੇਵਾਂਗੇ।

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਲਾਈਵ ਦੌਰਾਨ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਾਉਣ ਤੋਂ ਰੋਕਣ ਲਈ ਸਖ਼ਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਵੀ ਮੁੰਬਈ, ਦਿੱਲੀ ਜਾਂ ਤਾਮਿਨਾਡੂ ਦੇ ਰਾਹ ਤੇ ਵਧੇ। ਕੈਪਟਨ ਨੇ ਪੰਜਾਬ ਪ੍ਰਤੀ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ‘ਚ ਕੋਰੋਨਾ ਨਾਲ ਹਾਲਾਤ ਵਿਗੜਨ ਨਹੀਂ ਦਿਆਂਗੇ।

ਕੈਪਟਨ ਨੇ ਕਿਹਾ ਕਿ ਹਫ਼ਤੇ ਦੇ ਆਖਰ ਵਾਲਾ ਲੌਕਡਾਊਨ ਪਹਿਲਾਂ ਹੀ ਲੱਗਾ ਹੋਇਆ ਹੈ। ਸਰਕਾਰ ਸਥਿਤੀ ‘ਤੇ ਪੂਰੀ ਨਜ਼ਰ ਰੱਖ ਰਹੀ ਹੈ ਤੇ ਕੋਰੋਨਾ ‘ਤੇ ਕਾਬੂ ਪਾਉਣ ਲਈ ਜੋ ਵੀ ਜ਼ਰੂਰੀ ਕਦਮ ਹੋਣਗੇ, ਉਹ ਚੁੱਕੇ ਜਾਣਗੇ। ਸ਼ਨੀਵਾਰ ਮਾਸਕ ਨਾ ਪਹਿਣਨ ਕਾਰਨ 5100 ਲੋਕਾਂ ਦੇ ਚਲਾਨ ਕੱਟੇ ਗਏ ਹਨ। ਜਨਤਕ ਥਾਵਾਂ ‘ਤੇ ਥੁੱਕਣ ਵਾਲਿਆਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਸਰਕਾਰ ਲੋੜਵੰਦਾਂ ਨੂੰ ਮੁੜ ਵਰਤੇ ਜਾਣ ਵਾਲੇ ਯਾਨੀ ਕਿ ਧੋਣ ਵਾਲੇ ਮਾਸਕ ਵੰਡੇਗੀ। ਇਸ ਤੋਂ ਇਲਾਵਾ ਸੂਬੇ ‘ਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਆਡਿਟ ਕੀਤਾ ਜਾ ਰਿਹਾ ਹੈ ਤਾਂ ਜੋ ਡਾਕਟਰ ਤੇ ਮਾਹਿਰ ਕੋਵਿਡ 19 ਵਿਰੁੱਧ ਲੜ੍ਹਾਈ ਲਈ ਹੋਰ ਜ਼ਿਆਦਾ ਪੁਖ਼ਤਾ ਰਣਨੀਤੀ ਬਣਾ ਸਕਣ।

ਉਨ੍ਹਾਂ ਕਿਹਾ ਕਿ ਹੁਣ ਦਫ਼ਤਰਾਂ ਤੇ ਹੋਰ ਥਾਵਾਂ ‘ਤੇ ਕੰਮਕਾਜਾਂ ਦੌਰਾਨ ਵੀ ਮਾਸਕ ਪਹਿਣਨਾ ਜ਼ਰੂਰੀ ਹੋਵੇਗਾ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀਆਂ ਰੈਲੀਆਂ ਨਾ ਕਰਨ। ਇੰਨਾ ਹੀ ਨਹੀਂ ਛੋਟੀਆਂ ਰੈਲੀਆਂ ‘ਤੇ ਵੀ ਮਾਸਕ ਪਹਿਣਨਾ ਲਾਜ਼ਮੀ ਬਣਾਇਆ ਜਾਵੇ। ਪੰਜਾਬ ‘ਚ ਕੋਰੋਨਾ ਵਾਇਰਸ ਦੀ ਮੁੜ ਫੜੀ ਰਫ਼ਤਾਰ ਤੋਂ ਬਾਅਦ ਸੂਬਾ ਸਰਕਾਰ ਸਖਤੀ ਦੇ ਰੌਂਅ ‘ਚ ਹੈ ਤਾਂ ਜੋ ਪੰਜਾਬ ‘ਚ ਹਾਲਾਤ ਗੰਭੀਰ ਹੋਣ ਤੋਂ ਪਹਿਲਾਂ ਹੀ ਰੋਕ ਲਾਈ ਜਾ ਸਕੇ।