ਕੋਰੋਨਾ ਨਾਲ ਲੜਨ ਲਈ ਪੰਜਾਬ ਦੀ ਤਿਆਰੀ, ਭਾਰੀ ਗਿਣਤੀ ‘ਚ ਹੋਵੇਗਾ ਟੀਕਾਕਰਨ

0
1270

ਜਲੰਧਰ | ਕੋਰੋਨਾ ਵਾਇਰਸ ਦੀ ਵੈਕਸੀਨ ਅਗਲੇ ਸਾਲ ਦੇ ਸ਼ਰੂ ਵਿੱਚ ਸੂਬੇ ਵਿੱਚ ਆਉਣ ਦੀ ਉਮੀਦ ਹੈ ਅਤੇ ਸੂਬਾ ਪੰਜਾਬ ਵੱਡੇ ਪੱਧਰ ‘ਤੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਦੇ ਲੋਕਾਂ ਦੀ ਉਨ੍ਹਾਂ ਦੇ ਜੋਖਮ ਤੇ ਹੋਰ ਕਾਰਕਾਂ, ਸਿਹਤ ਸੰਭਾਲ ਲਈ ਤਰਜੀਹ ਅਤੇ ਫਰੰਟਲਾਈਨ ਵਰਕਰਾਂ ਦੇ ਅਧਾਰਤੇ ਪਛਾਣ ਕਰਨ ਅਤੇ ਟੀਕਾਕਰਨ ਲਈ ਲੋੜੀਂਦੇ ਪ੍ਰੋਟੋਕੋਲ ਜਾਰੀ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਬੀਤੇ ਦਿਨ ਆਪਣੇ ਚੱਲ ਰਹੇ ਫੀਲਡ ਦੌਰਿਆਂ ਦੇ ਹਿੱਸੇ ਵਜੋਂ ਜਲੰਧਰ ਜ਼ਿਲ੍ਹੇ ਦੇ ਦੌਰੇ ਦੌਰਾਨ ਦਿੱਤੀ, ਜਿਥੇ ਉਹ ਡਵੀਜ਼ਨ ਦੇ ਡਿਪਟੀ ਕਮਿਸ਼ਨਰਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਸੂਬੇ ਦਾ ਸਰਕਾਰੀ ਅਮਲਾ ਪੂਰੀ ਤਰ੍ਹਾਂ ਤਿਆਰ ਹੈ ਅਤੇ ਰਾਜ ਵਿਚ ਵੱਡੇ ਪੱਧਰ `ਤੇ ਟੀਕਾਕਰਨ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਇਹ ਇਨਫੈਕਸ਼ਨ ਦੇ ਅੱਗੇ ਫੈਲਣ ਨੂੰ ਰੋਕਣ ਲਈ ਕੋਵਿਡ ਸਬੰਧੀ ਢੁੱਕਵੀਆਂ ਸਾਵਧਾਨੀਆਂ ਖਾਸ ਕਰਕੇ ਮਾਸਕ ਪਹਿਨਣ ਅਤੇ ਇੱਕ ਦੂਜੇ ਤੋਂ ਸਮਾਜਿਕ ਵਿੱਥ ਬਣਾਏ ਰੱਖਣ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।

ਮੁੱਖ ਸਕੱਤਰ ਨੇ ਡੀਸੀਜ਼ ਨੂੰ ਕੋਵਿਡ ਟੈਸਟਿੰਗ ਵਿੱਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਦਿੱਤੀ ਅਤੇ ਟੈਸਟ ਦੇ ਨਤੀਜਿਆਂ ਲਈ 24 ਘੰਟੇ ਦੀ ਸਮਾਂ ਸੀਮਾ ਨੂੰ ਸਖ਼ਤੀ ਨਾਲ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸੂਬੇ ਵਿਚ ਕੋਵਿਡ ਦੀ ਸੰਭਾਵਤ ਦੂਜੀ ਲਹਿਰ ਦੇ ਅਸਰ ਨੂੰ ਘੱਟ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਹਿਦਾਇਤ ਦਿੱਤੀ ਕਿ ਸਮਾਜਿਕ ਇਕੱਠਾਂ ਦੀਆਂ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸੂਬੇ ਵਿੱਚ ਤਿੱਖੀ ਨਿਗਰਾਨੀ ਬਣਾਏ ਰੱਖਣ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮੌਜੂਦਾ ਸਮੇਂ ਰਾਜ ਵਿੱਚ ਰੋਜ਼ਾਨਾ 30,000 ਕੋਵਿਡ ਟੈਸਟ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 75 ਫੀਸਦੀ ਸੈਂਪਲ ਆਰਟੀ-ਪੀਸੀਆਰ ਟੈਸਟ ਲਈ ਲਏ ਗਏ। ਆਰਟੀਪੀਸੀਆਰ ਟੈਸਟ ਦੀ ਸਟੀਕਤਾ ਕਾਰਨ ਇਸ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ।