ਚੰਡੀਗੜ੍ਹ | ਪਾਵਰਕਾਮ ਦਫਤਰਾਂ ਵਿਚ ਮੁਲਾਜ਼ਮਾਂ ਦੀ ਡਿਊਟੀ ਸਮੇਂ ਗੈਰ-ਹਾਜ਼ਰ ਤੇ ਖਪਤਕਾਰਾਂ ਦੀ ਖੱਜਲ-ਖੁਆਰੀ ਨੂੰ ਰੋਕਣ ਲਈ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਲੇਟ-ਲਤੀਫਾਂ ਨੂੰ ਨੱਥ ਪਾਉਣ ਦੇ ਸਖਤ ਹੁਕਮ ਜਾਰੀ ਕੀਤੇ ਹਨ। ਹੁਣ ਪਾਵਰਕਾਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਰ ਗਤੀਵਿਧੀ ਰਜਿਸਟਰਡ ਵਿਚ ਦਰਜ ਕਰਨ ਅਤੇ ਦੇਰੀ ਨਾਲ ਪੁੱਜਣ ਵਾਲੇ ਦੀ ਗੈਰ-ਹਾਜ਼ਰੀ ਦਰਜ ਕੀਤੀ ਜਾਵੇਗੀ। ਪਾਵਰਕਾਮ ਮੁੱਖ ਦਫਤਰ ਵਿਚ ਬਾਇਓ ਮੈਟ੍ਰਿਕ ਮਸ਼ੀਨਾਂ ਲਗਾਈਆਂ ਗਈਆਂ ਸਨ ਪਰ ਕੋਵਿਡ ਦੌਰਾਨ ਬੰਦ ਕਰ ਦਿੱਤੀਆਂ ਗਈਆਂ ਅਤੇ ਬਾਅਦ ‘ਚ ਚਲੀਆਂ ਹੀ ਨਹੀਂ। ਇਸ ਦਾ ਕੁੱਝ ਮੁਲਾਜ਼ਮਾਂ ਵਲੋਂ ਫਾਇਦਾ ਚੁੱਕਿਆ ਜਾ ਰਿਹਾ ਸੀ । ਦਫਤਰੀ ਸਮੇਂ ਦੌਰਾਨ ਸੀਟਾਂ ਖਾਲੀ ਹੋਣ ਕਾਰਨ ਖਪਤਕਾਰਾਂ ਨੂੰ ਪ੍ਰੇਸ਼ਾਨੀ ਦੀਆਂ ਰਿਪੋਰਟਾਂ ਬਿਜਲੀ ਮੰਤਰੀ ਕੋਲ ਪੁੱਜੀਆਂ, ਜਿਸ ਦਾ ਸਖਤ ਨੋਟਿਸ ਲਿਆ ਗਿਆ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਬੀਤੇ ਦਿਨ ਚੰਡੀਗੜ੍ਹ ਵਿਖੇ ਪਾਵਰਕਾਮ ਉੱਚ ਅਧਿਕਾਰੀਆਂ ਨਾਲ ਇਸ ਵਿਸ਼ੇ ‘ਤੇ ਚਰਚਾ ਕੀਤੀ ਅਤੇ ਮੁਲਜ਼ਮਾਂ ਦੇ ਸਮੇਂ ਦੇ ਪਾਬੰਦ ਹੋਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਪਾਵਰਕਾਮ ਵਲੋਂ ਪੱਤਰ ਜਾਰੀ ਕਰ ਕੇ ਸਮਾਂ ਪਾਬੰਦੀ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਪੱਤਰ ਵਿਚ ਕਿਹਾ ਗਿਆ ਹੈ ਕਿ ਸਵੇਰੇ 9 ਵਜੇ ਹਰ ਹਾਲਾਤ ਵਿਚ ਆਪਣੀ ਸੀਟ ‘ਤੇ ਹਾਜ਼ਰ ਹੋਣਾ ਯਕੀਨੀ ਜਣਾਇਆ ਜਾਵੇ ਅਤੇ ਆਪਣੇ ਸਬੰਧਤ ਦਫਤਰੀ ਕੰਮ-ਕਾਜ ਅਤੇ ਅਚਨਚੇਤ ਕੰਮ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਸ਼ਿਫਟ ਸ਼ੁਰੂ ਹੋਣ ਤੋਂ ਪਹਿਲਾਂ ਹਾਜ਼ਰੀ ਲਗਾਉਣੀ ਲਾਜ਼ਮੀ ਕੀਤੀ ਗਈ ਹੈ। ਇਸ ਲਈ ਸਵੇਰੇ ਸਾਢੇ 9 ਵਜੇ ਤੋਂ ਦੇਰੀ ਨਾਲ ਪੁੱਜਣ ਵਾਲੇ ਮੁਲਾਜ਼ਮਾਂ ਦੀ ਅੱਧੇ ਦਿਨ ਦੀ ਛੁੱਟੀ ਲਗਾਈ ਜਾਵੇਗੀ।




































