ਸੰਦੀਪ ਮਾਹਨਾ | ਲੁਧਿਆਣਾ
ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਪੰਜਾਬੀਆਂ, ਖਾਸ ਕਰਕੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਇਨ੍ਹਾਂ ਦਾ ਸਮੇਂ ਸਿਰ ਇਲਾਜ਼ ਕਰਵਾ ਕੇ ਉਨ੍ਹਾਂ ਨੂੰ ਪਰਿਵਾਰਾਂ ਨਾਲ ਮਿਲਾਇਆ ਜਾ ਸਕੇ। ਨੰਦੇੜ (ਮਹਾਰਾਸ਼ਟਰ) ਤੋਂ ਬਾਅਦ ਹੁਣ ਦਿੱਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਫਸੇ ਸ਼ਰਧਾਲੂਆਂ ਨੂੰ ਵੀ ਪੰਜਾਬ ਵਿੱਚ ਲਿਆਂਦਾ ਗਿਆ ਹੈ, ਇਨ੍ਹਾਂ ਵਿੱਚੋਂ 25 ਸ਼ਰਧਾਲੂ ਬੀਤੀ ਰਾਤ ਵਿਸ਼ੇਸ਼ ਬੱਸਾਂ ਰਾਹੀਂ ਲੁਧਿਆਣਾ ਲਿਆਂਦੇ ਗਏ। ਇਨ੍ਹਾਂ ਸ਼ਰਧਾਲੂਆਂ ਨੂੰ ਸਥਾਨਕ ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਵਿੱਚ ਬਣੇ ਆਈਸੋਲੇਸ਼ਨ ਸੈਂਟਰ ਵਿੱਚ ਰੱਖਿਆ ਗਿਆ ਹੈ।
ਇਸ ਸੰਬੰਧੀ ਸ਼ਰਧਾਲੂਆਂ ਅਮਰੀਕ ਸਿੰਘ, ਭਾਗ ਸਿੰਘ ਅਤੇ ਅਭਿਸ਼ੇਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਤੋਂ ਦੇਸ਼ ਵਿੱਚ ਲੌਕਡਾਊਨ ਹੋਇਆ ਹੈ, ਉਹ ਉਦੋਂ ਤੋਂ ਹੀ ਵੱਖ-ਵੱਖ ਗੁਰਦੁਆਰਿਆਂ (ਖਾਸ ਕਰਕੇ ਗੁਰਦੁਆਰਾ ਸ੍ਰੀ ਮਜਨੂੰ ਕਾ ਟਿੱਲਾ ਅਤੇ ਸ੍ਰੀ ਬੰਗਲਾ ਸਾਹਿਬ) ਵਿੱਚ ਰੁਕੇ ਹੋਏ ਸਨ। ਬਾਅਦ ਵਿੱਚ ਉਨ੍ਹਾਂ ਨੂੰ ਵੱਖ-ਵੱਖ ਸਕੂਲਾਂ ਵਿੱਚ ਭੇਜ ਦਿੱਤਾ ਗਿਆ। ਖੁਸ਼ੀ ਹੈ ਕਿ ਉਹ ਹੁਣ ਆਪਣੇ ਪੰਜਾਬ ਵਿੱਚ ਪਹੁੰਚ ਗਏ ਹਨ, ਹੁਣ ਜਦੋਂ ਹੀ ਉਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆ ਜਾਣਗੀਆਂ ਤਾਂ ਉਹ ਆਪਣੇ ਪਰਿਵਾਰਾਂ ਕੋਲ ਚਲੇ ਜਾਣਗੇ।
135 ਸ਼ਰਧਾਲੂ ਰਿਪੋਰਟ ਨੈਗੇਟਿਵ ਆਉਣ ‘ਤੇ ਉਨ੍ਹਾਂ ਦੇ ਪਿੰਡਾਂ ਜਾਂ ਘਰਾਂ ਵਿੱਚ ਇਕਾਂਤਵਾਸ ਭੇਜੇ
ਡਿਊਟੀ ‘ਤੇ ਹਾਜ਼ਰ ਡਾਕਟਰ ਡਾ. ਮੋਇਨ ਅੰਸਾਰੀ ਤੇ ਡਾ. ਜੋਤਿਕਾ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਹੁਣ ਤੱਕ ਕੁੱਲ 195 ਸ਼ਰਧਾਲੂਆਂ ਨੂੰ ਲਿਆਂਦਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ 135 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਉਣ ‘ਤੇ ਉਨ੍ਹਾਂ ਦੇ ਪਿੰਡਾਂ ਜਾਂ ਘਰਾਂ ਵਿੱਚ ਇਕਾਂਤਵਾਸ ਕਰਵਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 52 ਸ਼ਰਧਾਲੂਆਂ ਦੇ ਟੈਸਟ ਪਾਜ਼ੀਟਿਵ ਆਏ ਸਨ, ਜਿਨ੍ਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਸੀ।
ਦੱਸਣਯੋਗ ਹੈ ਕਿ ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਲਗਾਤਾਰ ਮਿਹਨਤ ਦੇ ਸਿਰ ‘ਤੇ ਸਥਾਨਕ ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਵਿਖੇ ਚੱਲ ਰਹੇ ਆਈਸੋਲੇਸ਼ਨ ਸੈਂਟਰ ਨੂੰ 500 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤਿੰਨ ਮੰਜ਼ਿਲਾ ਇਮਾਰਤ ਵਿੱਚ ਹਸਪਤਾਲ ਵਾਲੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਇਸ ਸੈਂਟਰ ਵਿੱਚ ਪਹਿਲਾਂ ਤਾਂ ਸਿਰਫ਼ ਬਿਸਤਰਿਆਂ ਅਤੇ ਇਲਾਜ਼ ਦਾ ਹੀ ਪ੍ਰਬੰਧ ਸੀ, ਪਰ ਹੁਣ ਇਸ ਇਮਾਰਤ ਵਿੱਚ ਲੈਬਾਰਟਰੀ ਚਾਲੂ ਕਰ ਦਿੱਤੀ ਗਈ ਹੈ, ਜਿੱਥੇ ਕਿ ਇਥੇ ਭਰਤੀ ਸਾਰੇ ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਜਾ ਸਕਦੇ ਹਨ। ਉਨ੍ਹਾਂ ਨੂੰ ਦੱਸਿਆ ਕਿ ਇਸ ਹਸਪਤਾਲ ਵਿੱਚ ਪੂਰੇ 500 ਬਿਸਤਰਿਆਂ ਨੂੰ ਨੰਬਰ ਲਗਾ ਦਿੱਤੇ ਗਏ ਹਨ।