ਸੁਖਬੀਰ ਬਾਦਲ ਤੇ ਉਸ ਦੇ ਪਰਿਵਾਰ ਨਾਲ ਸਬੰਧਤ ਕੰਪਨੀਆਂ ਖਿਲਾਫ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪੜ੍ਹੋ ਕੀ ਹੈ ਮਾਮਲਾ

0
5161

ਚੰਡੀਗੜ੍ਹ | ਪੰਜਾਬ ਟਰਾਂਸਪੋਰਟ ਵਿਭਾਗ ਨੇ ਟੈਕਸਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੋਟਰ ਵਾਹਨ ਟੈਕਸ ਚੋਰੀ ਕਰਨ ਦੇ ਦੋਸ਼ ‘ਚ 125 ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਹਨ, ਜਿਨ੍ਹਾਂ ‘ਚੋਂ 31 ਪਰਮਿਟ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਹਨ।

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਇਹ ਕਾਰਵਾਈ ਬਕਾਇਆ ਟੈਕਸਾਂ ਦਾ ਭੁਗਤਾਨ ਨਾ ਕਰਨ ਅਤੇ ਸਿਸਟਮ ਨੂੰ ਧੋਖਾ ਦੇ ਕੇ ਸਰਕਾਰੀ ਖਜ਼ਾਨੇ ਨੂੰ ਢਾਅ ਲਾਉਣ ਵਾਲੇ ਕਸੂਰਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਕੀਤੀ ਗਈ ਹੈ।

ਇਹ ਕਾਰਵਾਈ ਮੋਟਰ ਵ੍ਹੀਕਲ ਐਕਟ 1988 ਦੀ ਧਾਰਾ 103 ਵਿੱਚ ਦਰਜ ਉਪਬੰਧਾਂ ਦੀ ਪਾਲਣਾ ਤਹਿਤ ਕੀਤੀ ਗਈ ਹੈ।

ਸੂਬੇ ਵਿੱਚ ਪਾਰਦਰਸ਼ੀ ਅਤੇ ਇਕਸਾਰ ਟਰਾਂਸਪੋਰਟ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵੜਿੰਗ ਨੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਪਹਿਲ ਦੇ ਅਧਾਰ ’ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਗਲਤ ਕੰਮਾਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਆਰ.ਟੀ.ਏ. ਅਥਾਰਟੀ ਬਠਿੰਡਾ ਵੱਲੋਂ ਟੈਕਸ ਡਿਫਾਲਟਰ ਹੋਣ ਕਾਰਨ ਬਾਦਲਾਂ ਨਾਲ ਸਬੰਧਤ 30 ਇੰਟੈਗ੍ਰਲ ਕੋਚ ਪਰਮਿਟ ਔਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਤੋਂ ਇਲਾਵਾ ਨਿਊ ਫਤਿਹ ਟਰੈਵਲਜ਼ ਦਾ ਇਕ ਪਰਮਿਟ ਵੀ ਰੱਦ ਕਰ ਦਿੱਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਮਨਦੀਪ ਟਰੈਵਲਜ਼ ਦੇ 16 ਹੋਰ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ। ਨਿਊ ਫਤਿਹ ਬੱਸ ਸਰਵਿਸ ਵਿਰੁੱਧ ਇਸ ਸਾਲ ਜਨਵਰੀ ਤੋਂ ਟੈਕਸ ਦੀ ਦੇਣਦਾਰੀ ਹੈ, ਜਦ ਕਿ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਖਿਲਾਫ ਮਾਰਚ ਮਹੀਨੇ ਤੋਂ ਅਕਤੂਬਰ 2021 ਤੱਕ ਟੈਕਸ ਜਮ੍ਹਾ ਕਰਾਉਣ ਵਿੱਚ ਦੇਰੀ ਕਰਨ ਲਈ ਕਾਰਵਾਈ ਕੀਤੀ ਗਈ ਹੈ।

ਇਸੇ ਤਰ੍ਹਾਂ ਦੀ ਕਾਰਵਾਈ ਕਰਦਿਆਂ ਆਰ.ਟੀ.ਏ. ਅਥਾਰਟੀ ਫਰੀਦਕੋਟ ਨੇ 2 ਕਰੋੜ 62 ਲੱਖ ਰੁਪਏ ਦੀ ਬਕਾਇਆ ਟੈਕਸ ਰਾਸ਼ੀ ਵਾਲੇ 3 ਇੰਟੈਗ੍ਰਲ ਕੋਚ ਪਰਮਿਟਾਂ ਤੋਂ ਇਲਾਵਾ ਨਿਊ ਦੀਪ ਬੱਸ ਸਰਵਿਸ ਦੇ 73 ਆਮ ਬੱਸ ਪਰਮਿਟ ਰੱਦ ਕਰ ਦਿੱਤੇ ਹਨ।

ਬੁਲਾਰੇ ਨੇ ਦੱਸਿਆ ਕਿ ਮਾਲਵਾ ਬੱਸ ਸੇਵਾ ਦੇ 2 ਆਮ ਬੱਸ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ