ਪੰਜਾਬ ਸਰਕਾਰ ਨੇ 18 ਜ਼ਿਲਿਆਂ ‘ਚ ਹੀਮੋਫੀਲੀਆ ਦਾ ਮੁਫ਼ਤ ਇਲਾਜ ਸ਼ੁਰੂ ਕੀਤਾ : ਬਲਬੀਰ ਸਿੰਘ ਸਿੱਧੂ

0
352
  • ਮੋਹਾਲੀ ਵਿੱਚ ਪਹਿਲੇ ਮਰੀਜ ਦਾ ਐਂਟੀ ਹੀਮੋਫੀਲੀਆ ਫੈਕਟਰ-8 ਨਾਲ ਕੀਤਾ ਗਿਆ ਸਫਲ ਇਲਾਜ
  • ਪਹਿਲਾਂ ਲੋਕਾਂ ਨੂੰ ਹੀਮੋਫੀਲੀਆ ਦੇ ਇਲਾਜ ਲਈ ਸਲਾਨਾ 18 ਤੋਂ 80 ਲੱਖ ਰੁਪਏ ਖ਼ਰਚਣੇ ਪੈਂਦੇ ਸਨ

ਚੰਡੀਗੜ੍ਹ. ਹੀਮੋਫੀਲੀਆ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ ਦੇ 18 ਇੰਟੀਗਰੇਟਿਡ ਕੇਅਰ ਸੈਂਟਰਾਂ ਵਿੱਚ ਹੀਮੋਫੀਲੀਆ ਦੇ ਮਰੀਜਾਂ ਦਾ ਐਂਟੀ ਹੀਮੋਫੀਲੀਆ ਫੈਕਟਰ ਉਪਲਬੱਧ ਕਰਵਾ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਹੀਮੋਫੀਲਆ ਦਾ ਇਲਾਜ ਉਪਲਬੱਧ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ 18 ਜ਼ਿਲਿਆਂ ਵਿੱਚ ਇੰਟੀਗਰੇਟਿਡ ਕੇਅਰ ਸੈਂਟਰ ਫਾਰ ਹੀਮੋਗਲੋਬੀਨੋਪੈਥੀਸ ਤੇ ਹੀਮੋਫੀਲੀਆ ਖੋਲੇ ਗਏ ਹਨ। ਇਨਾਂ ਵਿੱਚ 3 ਮੈਡੀਕਲ ਕਾਲਜਾਂ ਤੋਂ ਇਲਾਵਾ 15 ਹੋਰ ਜ਼ਿਲਿਆਂ ਵਿੱਚ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਬਾਕੀ 4 ਜ਼ਿਲਿਆਂ ਵਿੱਚ ਵੀ ਜਲਦੀ ਹੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਨਾਂ ਸੈਂਟਰਾਂ ਵਿੱਚ ਹੋਮੀਫੀਲੀਆ ਦੇ ਮਰੀਜਾਂ ਨੂੰ ਐਂਟੀ ਹੀਮੋਫੀਲਆ ਫੈਕਟਰ 8, 9, 7 ਏ ਅਤੇ ਐਫ.ਈ.ਆਈ.ਬੀ.ਏ ਮੁਫ਼ਤ ਉਪਲਬੱਧ ਕਰਵਾਏ ਗਏ ਹਨ ਅਤੇ ਇਨਾਂ ਸੈਂਟਰਾਂ ਵਿੱਚ 24*7 ਸੁਵਿਧਾ ਉਪਲਬੱਧ ਕਰਵਾਈ ਗਈ ਹੈ ਤਾਂ ਜੋ ਮਰੀਜਾਂ ਨੂੰ ਕਿਸੇ ਵੀ ਸਮੇਂ ਐਮਰਜੈਂਸੀ ਦੌਰਾਨ ਇਲਾਜ ਮੁਹੱਈਆ ਕਰਵਾਇਆ ਜਾ ਸਕੇ।

ਸਿਹਤ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਹੀਮੋਫੀਲੀਆ ਦੇ  ਇਲਾਜ ਲਈ ਮਰੀਜ਼ਾਂ ਨੂੰ ਲਗਭਗ 18 ਤੋਂ 80 ਲੱਖ ਰੁਪਏ ਤੱਕ ਸਲਾਨਾ ਖਰਚ ਕਰਨਾ ਪੈਂਦਾ ਸੀ। ਇਹ ਸਾਰਾ ਖਰਚ ਹੁਣ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ, ਜਿਸ ਦੇ ਲਈ  ਮਰੀਜਾਂ ਦੀ ਰਜਿਸਟਰੇਸ਼ਨ  ਕੀਤੀ ਜਾ ਰਹੀ ਹੈ।

ਸਿੱਧੂ ਨੇ ਦੱਸਿਆ ਕਿ ਐਂਟੀ ਹੀਮੋਫੀਲੀਆ ਫੈਕਟਰ ਦੇ ਨਾਲ ਇਲਾਜ ਕਰਨ ਲਈ ਸਟਾਫ ਦੀ ਵਿਸ਼ੇਸ਼ ਟਰੇਨਿੰਗ ਪੀਜੀਆਈ, ਚੰਡੀਗੜ ਦੇ ਮਾਹਿਰ ਡਾਕਟਰਾਂ ਅਤੇ ਵੈਬੀਨਾਰ ਜ਼ਰੀਏ ਮਾਹਿਰਾਂ ਵੱਲੋਂ ਕੀਤੀ ਗਈ ਹੈ। ਪੰਜਾਬ ਦੇ ਬੱਚਿਆਂ ਦੇ ਮਾਹਿਰ ਡਾਕਟਰਾਂ, ਮੈਡੀਕਲ ਸਪੈਸ਼ਲਿਸਟ, ਸਟਾਫ ਨਰਸ ਤੇ ਲੈਬ ਟੈਕਨੀਸ਼ੀਅਨ ਦੀ ਟਰੇਨਿੰਗ ਪੂਰੀ ਹੋ ਚੁੱਕੀ ਹੈ ਤਾਂ ਜੋ ਮਰੀਜਾਂ ਦਾ ਤਸੱਲੀਬਖਸ਼ ਇਲਾਜ ਕੀਤਾ ਜਾ ਸਕੇ।

ਸਿਹਤ ਮੰਤਰੀ ਨੇ ਦੱਸਿਆ ਕਿ ਮੋਹਾਲੀ ਜ਼ਿਲੇ ਵਿੱਚ ਪਹਿਲੇ ਮਰੀਜ ਦਾ ਇਲਾਜ ਕੀਤਾ ਗਿਆ ਹੈ ਜੋ ਜ਼ਿਲਾ ਹਸਪਤਾਲ ਮੋਹਾਲੀ ਵਿੱਚ ਸਥਾਪਿਤ ਇੰਟੀਗਰੇਟਿਡ ਕੇਅਰ ਸੈਂਟਰ ਫਾਰ ਹੀਮੋਗਲੋਬੀਨੋਪੈਥੀਸ ਤੇ ਹੀਮੋਫੀਲੀਆ ਵਿੱਚ ਐਂਟੀ ਹੀਮੋਫੀਲਿਕ ਫੈਕਟਰ-8 ਨਾਲ ਇਲਾਜ ਕੀਤਾ ਗਿਆ। ਉਨਾਂ ਕਿਹਾ ਕਿ ਉਨਾਂ ਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਬਾਲ ਰੋਗਾਂ ਦੇ ਮਾਹਰ ਡਾ. ਡਿੰਪਲ ਸ੍ਰੀਵਾਸਤਵ ਅਤੇ ਫਿਜੀਸ਼ੀਅਨ ਡਾ. ਇਸ਼ਾ ਅਰੋੜਾ ਵੱਲੋ. ਮੋਹਾਲੀ ਵਿਖੇ ਪਹਿਲੇ ਹੋਮੋਫੀਲੀਆ ਮਰੀਜ਼ ਦਾ ਕੀਤਾ ਇਲਾਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪਹਿਲਾਂ ਮਰੀਜਾਂ ਨੂੰ ਇਲਾਜ ਕਰਵਾਉਣ ਲਈ ਪੀਜੀਆਈ, ਚੰਡੀਗੜ ਵਿੱਚ ਜਾਣਾ ਪੈਂਦਾ ਸੀ ਪਰ ਹੁਣ ਇਹ ਇਲਾਜ ਸੇਵਾਵਾਂ ਪੰਜਾਬ ਵਿੱਚ ਉਪਲੱਬਧ ਹਨ ਜਿਸ ਨਾਲ ਲੋੜਵੰਦ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ।

ਇਸ ਸਬੰਧੀ ਅਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਤੇ ਹੀਮੋਫੀਲੀਆ ਤੇ ਥੈਲਾਸੀਮੀਆ ਦੇ ਸਟੇਟ ਨੋਡਲ ਅਫਸਰ ਡਾ. ਮਨਪ੍ਰੀਤ ਛਤਵਾਲ ਨੇ ਦੱਸਿਆ ਕਿ ਹੀਮੋਫੀਲੀਆ ਦੇ ਮਰੀਜ ਦੇ ਖੂਨ ਨਿਕਲਣ ਤੇ ਇਹ ਫੈਕਟਰ ਦਿੱਤਾ ਜਾਂਦਾ ਹੈ। ਇਹ ਫੈਕਟਰ ਨਾ ਮਿਲਣ ਕਰਕੇ ਮਰੀਜ ਦੇ ਬਲੀਡਿੰਗ ਜਿਆਦਾ ਹੋ ਜਾਂਦੀ ਹੈ, ਜਿਸ ਕਾਰਣ ਕਈ ਵਾਰ ਮਰੀਜ ਨੂੰ ਅਪੰਗਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੌਤ ਦਾ ਵੀ ਖਤਰਾ ਰਹਿੰਦਾ ਹੈ। ਇਸ ਲਈ ਮਰੀਜਾਂ ਦੇ ਇਲਾਜ ਲਈ ਐਂਟੀ ਹੀਮੋਫੀਲੀਆ ਫੈਕਟਰ ਉਪਲਬੱਧ ਕਰਵਾਏ ਗਏ ਹਨ ਤਾਂ ਜੋ ਮਰੀਜਾਂ ਦਾ ਸਮੇਂ ਸਿਰ ਤੇ ਸਹੀ ਇਲਾਜ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਪੰਜਾਬ ਵਿੱਚ ਲਗਭਗ 500 ਮਰੀਜ ਹੀਮੋਫੀਲੀਆ ਦੀ ਬਿਮਾਰੀ ਦੇ ਸ਼ਿਕਾਰ ਹਨ ਅਤੇ ਮਰੀਜਾਂ ਦੇ ਇਲਾਜ ਲਈ ਹਰ ਸੰਭਵ ਇੰਤਜਾਮ ਪੂਰੇ ਕਰ ਲਏ ਗਏ ਹਨ।