ਪੰਜਾਬ ‘ਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਰੋਨਾ ਵਾਇਰਸ ਨਾਲ ਨਿਪਟਣ ਲਈ ‘ਫਲੂ ਕਾਰਨਰ’ ਸਥਾਪਤ ਕਰਨ ਦਾ ਐਲਾਨ

    0
    398

    ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਨਾਲ ਨਿਪਟਣ ਲਈ ਹੰਗਾਮੀ ਕਦਮ ਚੁੱਕਣ ਦਾ ਐਲਾਨ

    ਚੰਡੀਗੜ. ਕਰੋਨਾਵਾਇਰਸ ਦੇ ਵਧ ਰਹੇ ਖੌਫ਼ ਦੇ ਮੱਦੇਨਜ਼ਰ ਇਸ ਮਾਰੂ ਰੋਗ ਨਾਲ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਿਪਟਣ ਦੀਆਂ ਤਿਆਰੀਆਂ ਵਜੋਂ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ‘ਫਲੂ ਕਾਰਨਰ’ ਸਥਾਪਤ ਕਰਨ ਸਮੇਤ ਹੰਗਾਮੀ ਕਦਮ ਚੁੱਕਣ ਦਾ ਐਲਾਨ ਕੀਤਾ ਹੈ।
    ਇਹ ‘ਫਲੂ ਕਾਰਨਰ’ ਸਾਹ ਨਾਲ ਸਬੰਧਤ ਇਨਫੈਕਸ਼ਨ ਦੇ ਸਾਰੇ ਸ਼ੱਕੀ ਕੇਸਾਂ ਦੀ ਛੇਤੀ ਤੋਂ ਛੇਤੀ ਜਾਂਚ ਕਰਨਗੇ ਅਤੇ ਅਜਿਹੇ ਸ਼ੱਕੀ ਵਿਅਕਤੀਆਂ ਦੇ ਤੁਰਨ-ਫਿਰਨ ਨੂੰ ਸੀਮਤ ਕਰਨ ਨੂੰ ਯਕੀਨੀ ਬਣਾਉਣਗੇ ਤਾਂ ਕਿ ਇਸ ਰੋਗ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਆਲਮੀ ਪੱਧਰ ‘ਤੇ ਫੈਲੇ ਇਸ ਮਹਾਂਰੋਗ ਨਾਲ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਇੱਥੋਂ ਤੱਕ ਕਿ ਦਿੱਲੀ ਤੇ ਤੇਲੰਗਾਨਾ ਤੋਂ ਇਕ-ਇਕ ਮਰੀਜ਼ ਦੇ ਇਸ ਰੋਗ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ।  

    ਪੜੋ ਪੰਜਾਬ ਸਰਕਾਰ ਵਲੋਂ ਜਾਰੀ ਜ਼ਰੂਰੀ ਹਿਦਾਇਤਾਂ

    • ਮੰਤਰੀ ਮੰਡਲ ਦੀ ਮੀਟਿੰਗ ਉਪਰੰਤ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਐਪੀਡੈਮਿਕ ਡਿਜ਼ੀਜ਼ ਐਕਟ-1897 ਦੀ ਧਾਰਾ 2,3, ਤੇ 4 ਦੇ ਘੇਰੇ ਹੇਠ ‘ਪੰਜਾਬ ਐਪੀਡੈਮਿਕ ਡਿਜ਼ੀਜ਼, ਕੋਵਿਡ-19 ਰੈਗੂਲੇਸ਼ਨਜ਼-2020’ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਕੋਵਿਡ-19 (ਕਰੋਨਾ ਵਾਇਰਸ ਡਿਜ਼ੀਜ਼-2019) ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਨੋਟੀਫਿਕੇਸ਼ਨ ਛੇਤੀ ਹੀ ਜਾਰੀ ਕਰ ਦਿੱਤਾ ਜਾਵੇਗਾ।
    • ਮੰਤਰੀ ਮੰਡਲ ਵੱਲੋਂ ਪ੍ਰਵਾਨ ਕੀਤੇ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਵਿੱਚ ਕਿਸੇ ਵੀ ਪ੍ਰਾਈਵੇਟ ਲੈਬਾਰਟਰੀ ਨੂੰ ਕੋਵਿਡ-19 ਦਾ ਟੈਸਟ ਕਰਨ ਜਾਂ ਸੈਂਪਲ ਲੈਣ ਲਈ ਅਧਿਕਾਰਤ ਨਹੀਂ ਕੀਤਾ ਗਿਆ। ਕੋਈ ਵੀ ਵਿਅਕਤੀ ਜਾਂ ਸੰਸਥਾ ਸਿਹਤ ਵਿਭਾਗ ਦੀ ਅਗਾਊਂ ਪ੍ਰਵਾਨਗੀ ਤੋਂ ਬਗੈਰ ਕੋਵਿਡ-19 ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਕਿਸੇ ਵੀ ਰੂਪ ਵਿੱਚ ਪ੍ਰਿੰਟ ਜਾਂ ਹੋਰ ਮੀਡੀਆ ਨੂੰ ਨਹੀਂ ਵਰਤੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਨੋਟੀਫਿਕੇਸ਼ਨ ਮੁਤਾਬਕ ਕੋਵਿਡ-19 ਬਾਰੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਜਾਂ ਗੈਰ-ਵਿਗਿਆਨਕ ਜਾਣਕਾਰੀ ਮੁਹੱਈਆ ਕਰਵਾਉਣਾ ਸਜ਼ਾਯੋਗ ਅਪਰਾਧ ਹੋਵੇਗਾ।
    • ਮੰਤਰੀ ਮੰਡਲ ਦੇ ਫੈਸਲੇ ਮੁਤਾਬਕ ਸਾਰੇ ਹਸਪਤਾਲਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਸ਼ੱਕੀ ਵਿਅਕਤੀ ਦੇ ਕਿਸੇ ਅਜਿਹੇ ਮੁਲਕ ਜਾਂ ਇਲਾਕੇ, ਜਿੱਥੇ ਇਸ ਰੋਗ ਦੇ ਫੈਲਣ ਦੀਆਂ ਰਿਪੋਰਟਾਂ ਹਨ, ਦੀ ਯਾਤਰਾ ਬਾਰੇ ਪਤਾ ਲਾਇਆ ਜਾਵੇ ਅਤੇ ਜੇਕਰ ਉਹ ਕੋਵਿਡ-19 ਦੇ ਸ਼ੱਕੀ ਜਾਂ ਪੁਸ਼ਟੀ ਹੋ ਚੁੱਕੇ ਕੇਸ ਦੇ ਸੰਪਰਕ ਵਿੱਚ ਆਇਆ ਹੈ ਤਾਂ ਉਸ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਇਕੱਤਰ ਕੀਤੀ ਜਾਵੇ।
    • ਜੇਕਰ ਕਿਸੇ ਵਿਅਕਤੀ ਨੇ ਪਿਛਲੇ 14 ਦਿਨਾਂ ਦੌਰਾਨ ਕੋਵਿਡ-19 ਤੋਂ ਪ੍ਰਭਾਵਿਤ ਖੇਤਰ ਦੀ ਯਾਤਰਾ ਕੀਤੀ ਹੈ ਜਾਂ ਕਿਸੇ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ ਤਾਂ ਉਸ ਵਿਅਕਤੀ ਨੂੰ ਹਸਪਤਾਲ ਵਿੱਚ ਵੱਖ ਰੱਖਿਆ ਜਾਵੇਗਾ ਅਤੇ ਉਸ ਡਾਕਟਰ/ਹਸਪਤਾਲ/ਕਲੀਨਿਕ ਵੱਲੋਂ ਸਿਹਤ ਵਿਭਾਗ ਨੂੰ ਤੁਰੰਤ ਸੂਚਿਤ ਕਰਨਾ ਲਾਜ਼ਮੀ ਹੋਵੇਗਾ।
    • ਕੋਵਿਡ-19 ਤੋਂ ਪ੍ਰਭਾਵਿਤ ਦੇਸ਼ ਜਾਂ ਖੇਤਰ ਦੀ ਯਾਤਰਾ ਕਰਕੇ ਪਰਤੇ ਵਿਅਕਤੀਆਂ ਲਈ ਖੁਦ ਨਜ਼ਦੀਕੀ ਸਰਕਾਰੀ ਹਸਪਤਾਲ ਜਾਂ ਹੈਲਪਲਾਈਨ ਨੰਬਰ 104 ‘ਤੇ ਕਾਲ ਕਰਕੇ ਆਪਣੀ ਯਾਤਰਾ ਬਾਰੇ ਜਾਣਕਾਰੀ ਦੇਣਾ ਲਾਜ਼ਮੀ ਹੈ ਤਾਂ ਜੋ ਸਿਹਤ ਵਿਭਾਗ ਦੁਆਰਾ ਲੋੜੀਂਦੀਆਂ ਕਾਰਵਾਈਆਂ ਕੀਤੀਆਂ ਜਾ ਸਕਣ।
    • ਜੇ ਕਿਸੇ ਵਿਅਕਤੀ ਨੇ ਕਰੋਨਾਵਾਇਰਸ ਤੋਂ ਪ੍ਰਭਾਵਿਤ ਖੇਤਰ ਦੀ ਯਾਤਰਾ ਕੀਤੀ ਹੈ ਤੇ ਉਸ ਵਿੱਚ ਕਰੋਨਾਵਾਈਰਸ ਦੇ ਲੱਛਣ ਪਾਏ ਗਏ ਹਨ ਤਾਂ ਸਿਹਤ ਵਿਭਾਗ ਕੋਲ ਉਸ ਵਿਅਕਤੀ ਨੂੰ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਸਲਾਹ-ਮਸ਼ਵਰਾ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਉਣ ਅਤੇ ਵੱਖ ਰੱਖਣ ਦੇ ਅਧਿਕਾਰ ਹੋਣਗੇ। ਜਿਸ ਖੇਤਰ ਵਿੱਚ ਕੋਵਿਡ-19 ਦੇ ਮਾਮਲੇ ਸਾਹਮਣੇ ਆਉਂਦੇ ਹਨ, ਤਾਂ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਕੋਲ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਰੋਕਥਾਮ ਕਦਮ ਲਾਗੂ ਕਰਨ ਦੇ ਅਧਿਕਾਰ ਹੋਣਗੇ। ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਕੋਵਿਡ-19 ਸਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਾਰਵਾਈ ਕਰਨ ਦਾ ਅਧਿਕਾਰ ਹੈ।
    • ਕੋਵਿਡ-19 ਦੀ ਰੋਕਥਾਮ ਦੇ ਕਦਮਾਂ ਸਬੰਧੀ ਫੈਸਲਾ ਲੈਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਬਣਾ ਕੇ ਨੋਟੀਫਾਈ ਕੀਤੀ ਗਈ ਹੈ ਜਿਸ ਵਿੱਚ ਐਸ.ਐਸ.ਪੀ., ਸਿਵਲ ਸਰਜਨ ਅਤੇ ਜ਼ਿਲ੍ਹੇ ਦੇ ਹੋਰ ਅਧਿਕਾਰੀ ਸ਼ਾਮਲ ਹੋਣਗੇ। ਇਸ ਐਕਟ ਅਧੀਨ ਕਿਸੇ ਨਿਯਮ ਜਾਂ ਹੁਕਮ ਦੀ ਉਲੰਘਣਾ ਕਰਨ ਵਾਲੇ ਵਿਅਕਤੀ/ਸੰਸਥਾ ਨੂੰ ਅਪਰਾਧੀ ਮੰਨਿਆ ਜਾਵੇਗਾ ਅਤੇ ਉਸ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 188 (1860 ਦਾ 45) ਅਧੀਨ ਕਾਰਵਾਈ ਕੀਤੀ ਜਾਵੇਗੀ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।