ਚੰਡੀਗੜ੍ਹ | ਪੰਜਾਬ ਮੰਤਰੀ ਮੰਡਲ ‘ਚ ਅੱਜ ਫੇਰਬਦਲ ਹੋਵੇਗਾ। ਪੰਜਾਬ ਰਾਜ ਭਵਨ ਵਿਚ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਮੌਜੂਦਗੀ ਵਿਚ ਚਾਰ ਨਵੇਂ ਚਿਹਰੇ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣਗੇ।
ਸਰਕਾਰ ਦੇ ਇੱਕ ਸੀਨੀਅਰ ਮੰਤਰੀ ਨੇ ਦੱਸਿਆ ਕਿ ਕੈਬਨਿਟ ਮੰਤਰੀਆਂ ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਬਲਕਾਰ ਸਿੰਘ ਨੂੰ ਮੌਜੂਦਾ ਮੰਤਰੀ ਮੰਡਲ ਵਿੱਚੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਮੰਤਰੀਆਂ ਦੇ ਅਸਤੀਫ਼ੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਕੋਲ ਵੀ ਪਹੁੰਚ ਗਏ ਹਨ।
ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਥਾਂ ਮੰਤਰੀ ਮੰਡਲ ਵਿੱਚ ਨਵੇਂ ਚਿਹਰਿਆਂ ਨਾਲ ਚਾਰ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਇਨ੍ਹਾਂ ਵਿੱਚ ਹਰਦੀਪ ਸਿੰਘ ਮੁੰਡੀਆ, ਬਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ ਸੌਂਧ ਅਤੇ ਮਹਿੰਦਰ ਭਗਤ ਸ਼ਾਮਲ ਹਨ।
ਇਸ ਕਾਰਨ ਬਦਲੇ ਮੰਤਰੀ
ਬਲਕਾਰ ਸਿੰਘ: ਹਾਲ ਹੀ ਵਿਚ ਇੱਕ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਸੀ, ਜਿਸ ਕਾਰਨ ਮੰਤਰੀ ਬਲਕਾਰ ਸਮੇਤ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਈ ਸੀ।
ਅਨਮੋਲ ਗਗਨ ਮਾਨ: ਉਨ੍ਹਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਬਾਰੇ ਦਿੱਤੇ ਬਿਆਨ ਲਈ ਕਿਸਾਨਾਂ ਅਤੇ ਵਿਰੋਧੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਜਦੋਂ ਸਰਕਾਰ ਆਵੇਗੀ ਤਾਂ ਪੰਜ ਮਿੰਟਾਂ ਵਿਚ ਐਮਐਸਪੀ ਲਾਗੂ ਕਰ ਦਿੱਤੀ ਜਾਵੇਗੀ।
ਚੇਤਨ ਸਿੰਘ ਜੋੜਾਮਾਜਰਾ: ਮੰਤਰੀ ਜੋੜੇਮਾਜਰਾ ਕੋਲ ਪਹਿਲਾਂ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਸੀ। ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵੀਸੀ ਡਾ. ਰਾਜ ਬਹਾਦੁਰ ਨਾਲ ਦੁਰਵਿਵਹਾਰ ਕਰ ਕੇ ਵਿਵਾਦਾਂ ਵਿਚ ਘਿਰ ਗਏ ਸੀ।
ਬ੍ਰਹਮਾ ਸ਼ੰਕਰ ਜਿੰਪਾ: ਮਾਲ ਮੰਤਰੀ ਹੁੰਦਿਆਂ ਮੋਗਾ ਦੀ ਇੱਕ ਰਜਿਸਟਰੀ ਵਿਚ ਹੋਈ ਧੋਖਾਧੜੀ ਦੀ ਸ਼ਿਕਾਇਤ ਦੇ ਇੱਕ ਮਾਮਲੇ ਵਿਚ ਇੱਕ ਧਿਰ ਦੇ ਹੱਕ ਵਿਚ ਫੈਸਲਾ ਕਰਵਾਉਣ ਲਈ ਤਹਿਸੀਲਦਾਰ ’ਤੇ ਦਬਾਅ ਬਣਾਉਣ ਦੇ ਦੋਸ਼ ਲੱਗੇ ਸਨ। ਉਦੋਂ ਵਿਰੋਧੀ ਧਿਰ ਨੇ ਜ਼ਿੰਪਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।