ਮਾਣ ਵਾਲੀ ਗੱਲ : ਅਮਰੀਕਾ ਦੇ ਕਨੈਕਟੀਕਟ ‘ਚ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ

0
470

ਅਮਰੀਕਾ/ਵਾਸ਼ਿੰਗਟਨ, 7 ਅਕਤੂਬਰ | ਅਮਰੀਕਾ ਵਿਚ ‘ਕਨੈਕਟੀਕਟ ਸਟੇਟ ਬੋਰਡ ਆਫ ਐਜੂਕੇਸ਼ਨ’ ਨੇ ਸਮਾਜਿਕ ਵਿਗਿਆਨ ਦੇ ਆਪਣੇ ਨਵੇਂ ਪਾਠਕ੍ਰਮ ਵਿਚ ਸਿੱਖ ਧਰਮ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪਹਿਲਕਦਮੀ ਨਾਲ ਕਨੈਕਟੀਕਟ ਦੇ ਲਗਭਗ 5 ਲੱਖ 14 ਹਜ਼ਾਰ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ। ਸਥਾਨਕ ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਆਪਣੇ ਧਰਮ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ ਦੀ ਮੰਗ ਕਰ ਰਿਹਾ ਸੀ।

ਨੌਰਵਿਚ ਸਿਟੀ ਕੌਂਸਲਮੈਨ ਸਵਰਨਜੀਤ ਸਿੰਘ ਨੇ ਕਿਹਾ, “ਨਵਾਂ ਪਾਠਕ੍ਰਮ ਸਿੱਖਿਆ ਦੇ ਤਿੰਨੇ ਪੱਧਰਾਂ ਦੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰੇਗਾ। ਵਿਦਿਆਰਥੀਆਂ ਨੂੰ ਛੋਟੀ ਉਮਰ ਤੋਂ ਹੀ ਸਿੱਖ ਧਰਮ ਦੇ ਇਤਿਹਾਸ ਅਤੇ ਭਾਈਚਾਰੇ ਦੇ ਯੋਗਦਾਨ ਬਾਰੇ ਪੜ੍ਹਾਉਣਾ ਇਸ ਖੇਤਰ ਵਿਚ ਸਾਡੇ ਵਿਦਿਆਰਥੀਆਂ ਲਈ ਇਕ ਸੁਰੱਖਿਅਤ ਮਾਹੌਲ ਬਣਾਉਣ ਵਿਚ ਮਦਦ ਕਰੇਗਾ।”

ਸਿੱਖ ਧਰਮ ਬਾਰੇ ਸਹੀ ਜਾਣਕਾਰੀ ਨੂੰ ਸਮਾਜਿਕ ਵਿਗਿਆਨ ਦੇ ਪਾਠਕ੍ਰਮ ਦਾ ਹਿੱਸਾ ਬਣਾਉਣ ਲਈ ‘ਸਿੱਖ ਕੋਲੀਸ਼ਨ’ ਨਾਲ ਹੱਥ ਮਿਲਾਉਣ ਵਾਲਾ ਕਨੈਕਟੀਕਟ ਅਮਰੀਕਾ ਦਾ 18ਵਾਂ ਸੂਬਾ ਬਣ ਗਿਆ ਹੈ। ਜੂਨ ਵਿਚ ਵਾਸ਼ਿੰਗਟਨ ਨੇ ਸਕੂਲੀ ਪਾਠਕ੍ਰਮ ਵਿਚ ਸਿੱਖ ਧਰਮ ਨੂੰ ਸ਼ਾਮਲ ਕੀਤਾ ਸੀ। ਸਿੱਖ ਧਰਮ ਦੁਨੀਆਂ ਦੇ ਸੱਭ ਤੋਂ ਵੱਡੇ ਧਰਮਾਂ ਵਿਚੋਂ ਇਕ ਹੈ ਅਤੇ ਇਸ ਭਾਈਚਾਰੇ ਦੇ ਮੈਂਬਰਾਂ ਨੇ ਨਾਗਰਿਕ ਅਧਿਕਾਰਾਂ, ਰਾਜਨੀਤੀ, ਖੇਤੀਬਾੜੀ, ਇੰਜੀਨੀਅਰਿੰਗ ਅਤੇ ਦਵਾਈ ਦੇ ਖੇਤਰਾਂ ਵਿਚ 125 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕੀ ਸਮਾਜ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।