ਮਾਣ ਵਾਲੀ ਗੱਲ : ਪੰਜਾਬ ਦੀ ਧੀ ਡਾ. ਪ੍ਰਨੀਤ ਕੌਰ ਸੰਧੂ ਬਣੀ ITBP ‘ਚ ਅਸਿਸਟੈਂਟ ਕਮਾਂਡੈਂਟ

0
1666

ਮਾਨਸਾ | ਸਰਦੂਲਗੜ੍ਹ ਦੇ ਦਸਮੇਸ਼ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਦੀ ਬੇਟੀ ਡਾ. ਪ੍ਰਨੀਤ ਕੌਰ ਨੇ ਦੇਸ਼ ਦੀ ਇਡੋ ਤਿਬਤੀਅਨ ਬਾਰਡਰ ਪੁਲਿਸ (ਆਈ. ਟੀ. ਬੀ. ਪੀ.) ਵਿਚ ਅਸਿਸਟੈਂਟ ਕਮਾਂਡੈਂਟ ਮੈਡੀਕਲ ਅਫਸਰ (ਡੀ.ਐਸ.ਪੀ.) ਬਣਨ ਦਾ ਮਾਣ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਆਈ. ਟੀ. ਬੀ. ਪੀ. ਦੇ ਅਸਿਸਟੈਂਟ ਕਮਾਂਡੈਂਟ ਦੀ 52 ਵੀ ਜੀ ਓ ਦੀ ਮਸੂਰੀ ਉਤਰਾਖੰਡ ਵਿਖੇ ਸੰਪੰਨ ਹੋਈ। ਪਾਸਿੰਗ ਆਊਟ ਪਰੇਡ ਜਿਸ ਵਿਚ ਅਸਿਸਟੈਂਟ ਕਮਾਂਡੈਂਟ ਮੈਡੀਕਲ ਅਫਸਰਾਂ ਦੇ ਕੁਲ 55 ਆਫੀਸਰ ਵਿਚੋਂ ਪੂਰੇ ਭਾਰਤ ਦੀਆਂ ਸਿਰਫ 12 ਲੜਕੀਆਂ ਵਿਚੋਂ ਇਹ ਮੁਕਾਮ ਹਾਸਲ ਕੀਤਾ।

ਪ੍ਰਿੰਸੀਪਲ ਭੁਪਿੰਦਰ ਸੰਧੂ ਨੇ ਦੱਸਿਆ ਕਿ ਸਾਡੇ ਸੰਧੂ ਪਰਿਵਾਰ ਦੀ ਬੇਟੀ ਦੀ ਇਸ ਪ੍ਰਾਪਤੀ ‘ਤੇ ਬਹੁਤ ਮਾਣ ਹੈ ਕਿ ਸਾਡੇ ਪਿਤਾ ਜੀ ਦਾ ਸੁਪਨਾ ਪੂਰਾ ਕਰਨ ਲਈ ਦੇਸ਼ ਦੀ ਬਾਰਡਰ ਗਾਰਡਿੰਗ ਫੋਰਸ ਜੁਆਇਨ ਕਰਕੇ ਦੇਸ਼ ਦੀ ਸੇਵਾ ਕਰਨ ਦਾ ਮਨ ਬਣਾ ਕੇ ਕਠਿਨ ਤਪੱਸਿਆ ਵਿਚੋਂ ਨਿਕਲ ਕੇ ਇਹ ਮੁਕਾਮ ਹਾਸਲ ਕਰਕੇ ਸਾਡੇ ਪਰਿਵਾਰ, ਇਲਾਕੇ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਸਰਦੂਲਗੜ੍ਹ ਦੀ ਬੇਟੀ ਡਾ. ਪ੍ਰਨੀਤ ਸੰਧੂ ਗਰੇਵਾਲ ਦੇ ਆਈ. ਟੀ.ਬੀ.ਪੀ. ਵਿਚ ਅਸਿਸਟੈਂਟ ਕਮਾਂਡੈਂਟ ਮੈਡੀਕਲ ਅਫਸਰ (ਡੀ.ਐਸ.ਪੀ.) ਨਿਯੁਕਤ ਹੋਣ ‘ਤੇ ਸਰਦੂਲਗੜ੍ਹ ਇਲਾਕੇ ਦੀਆਂ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ, ਵਰਕਰਾਂ, ਸਮੂਹ ਕਲੱਬਾਂ, ਪੰਚਾਇਤਾਂ ਵੱਲੋਂ ਸ਼ਹਿਰ ਨਿਵਾਸੀਆਂ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਇਲਾਕੇ ਦਾ ਮਾਣ ਬਣੀ ਡਾ. ਪ੍ਰਨੀਤ ਲਈ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਸਰਦੂਲਗੜ੍ਹ ਦੀ ਬੇਟੀ ਦੀ ਇਸ ਪ੍ਰਾਪਤੀ ‘ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

ਡਾ. ਪ੍ਰਨੀਤ ਨੇ ਦੱਸਿਆਂ ਕਿ ਮੇਰੇ ਦਾਦਾ ਜੀ ਰਿਟਾਇਰਡ ਆਰਮੀ ਅਫਸਰ ਸਵ. ਕੈਪਟਨ ਸੁਰਜੀਤ ਸਿੰਘ ਸੰਧੂ ਜਿਨ੍ਹਾਂ ਨੇ ਦੇਸ਼ ਲਈ ਅਹਿਮ ਤਿੰਨੇ ਲੜਾਈਆਂ ਲੜੀਆਂ ਸਨ, ਉਨ੍ਹਾਂ ਦਾ ਸੁਪਨਾ ਸੀ ਕਿ ਪਰਿਵਾਰ ਦਾ ਕੋਈ ਮੈਂਬਰ ਆਰਮੀ ਅਫਸਰ ਬਣੇ। ਇਸ ਲਈ ਡਾਕਟਰ ਬਣਨ ਦੇ ਬਾਵਜੂਦ ਆਈ. ਟੀ. ਬੀ. ਪੀ. ਜੁਆਇਨ ਕਰਕੇ ਮੈਂ ਆਪਣੇ ਦਾਦਾ ਜੀ ਦਾ ਸੁਪਨਾ ਪੂਰਾ ਕੀਤਾ ਹੈ।

ਡਾ. ਪ੍ਰਨੀਤ ਨੇ ਦੱਸਿਆ ਕਿ ਆਈ. ਟੀ. ਬੀ. ਪੀ. ਜੋ ਕਿ ਦੇਸ਼ ਦੀ ਅਹਿਮ ਬਾਰਡਰ ਗਾਰਡਿੰਗ ਫੋਰਸ ਹੈ ਅਤੇ ਮੇਰੀ ਮੈਡੀਕਲ ਲਾਈਨ ਨਾਲੋਂ ਬਿਲਕੁਲ ਅਲੱਗ ਹੈ। ਇਸ ਵਿਚ ਮੇਰੇ ਵੱਲੋਂ ਬਹੁਤ ਕਠਿਨ 7 ਮਹੀਨੇ ਦੀ ਫਿਜ਼ੀਕਲ ਟਰੇਨਿੰਗ ਜੋ ਕਿ ਰਾਜਸਥਾਨ ਦੇ ਅਲਵਰ ਅਤੇ ਉਤਰਾਖੰਡ ਦੇ ਮਸੂਰੀ ਵਿਖੇ ਪੂਰੀ ਕੀਤੀ ਗਈ। ਫਿਜ਼ੀਕਲ ਟਰੇਨਿਗ ਬਹੁਤ ਕਠਿਨ ਸੀ ਜੋ ਕਿ ਇਕ ਲੜਕੀ ਅਤੇ ਡਾਕਟਰ ਵਾਸਤੇ ਹੋਰ ਵੀ ਮੁਸ਼ਕਿਲ ਸੀ ਪਰ ਟਰੇਨਿਗ ਦਰਮਿਆਨ ਮੈਨੂੰ ਮੇਰੇ ਮਾਪਿਆਂ, ਮੇਰੇ ਪਤੀ ਡਾ. ਸਾਗਰਦੀਪ ਗਰੇਵਾਲ ਜੋ ਕਿ ਖੁਦ ਆਈ.ਟੀ. ਪੀ. ਬੀ. ਵਿਚ ਅਸਿਸਟੈਂਟ ਕਮਾਂਡੈਂਟ ਮੈਡੀਕਲ ਅਫਸਰ (ਡੀ.ਐਸ.ਪੀ) ਦੇ ਅਹੁਦੇ ‘ਤੇ ਤਾਇਨਾਤ ਹਨ ਅਤੇ ਉਨ੍ਹਾਂ ਦੇ ਪਿਤਾ ਜੀ ਕਰਨਲ ਮਨਦੀਪ ਸਿੰਘ ਗਰੇਵਾਲ ਵਲੋਂ ਸਮੇਂ-ਸਮੇਂ ‘ਤੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਗਿਆ, ਜਿਸ ਸਦਕਾ ਮੈਂ ਇਹ ਮੁਕਾਮ ਹਾਸਲ ਕਰਨ ਵਿਚ ਕਾਮਯਾਬ ਹੋਈ।