ਲੁਧਿਆਣਾ | ਬੱਸ ਸਟੈਂਡ ਨੇੜੇ ਹੋਟਲਾਂ ’ਚ ਚੱਲ ਰਹੇ ਜਿਸਮਫ਼ਿਰੋਸ਼ੀ ਦੇ ਧੰਦੇ ’ਤੇ ਦੇਰ ਰਾਤ ਇਲਾਕਾ ਪੁਲਿਸ ਦਾ ਡੰਡਾ ਜੰਮ ਕੇ ਚੱਲਿਆ। ਦਰਜਨਾਂ ਪੁਲਿਸ ਮੁਲਾਜ਼ਮ ਏ. ਸੀ. ਪੀ. ਸਿਵਲ ਲਾਈਨ ਜਸਰੂਪ ਕੌਰ ਅਤੇ ਥਾਣਾ ਡਵੀਜ਼ਨ ਨੰਬਰ-5 ਦੇ ਇੰਚਾਰਜ ਨੀਰਜ ਚੌਧਰੀ ਦੀ ਅਗਵਾਈ ’ਚ ਛਾਪੇਮਾਰੀ ਕਰਨ ਪੁੱਜੇ। ਇੱਥੇ ਪੁਲਿਸ ਨੇ ਕਈ ਹੋਟਲਾਂ ਨੂੰ ਖੰਗਾਲਿਆ, ਜਿਸ ਤੋਂ ਬਾਅਦ 3 ਹੋਟਲਾਂ ’ਚ ਜਿਸਮਫ਼ਿਰੋਸ਼ੀ ਦਾ ਧੰਦਾ ਕਰਦੇ 15 ਮੁੰਡੇ-ਕੁੜੀਆਂ ਅਤੇ 3 ਮੈਨੇਜਰਾਂ ਸਮੇਤ 9 ਹੋਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ
ਜਾਣਕਾਰੀ ਅਨੁਸਾਰ ਬੱਸ ਅੱਡੇ ਦੇ ਨੇੜੇ ਜ਼ਿਆਦਾਤਰ ਹੋਟਲਾਂ ’ਚ ਜਿਸਮਫ਼ਿਰੋਸ਼ੀ ਦਾ ਧੰਦਾ ਕਈ ਸਾਲਾਂ ਤੋਂ ਬੇਖ਼ੌਫ਼ ਚੱਲ ਰਿਹਾ ਸੀ। ਕਈ ਵਾਰ ਭ੍ਰਿਸ਼ਟ ਪੁਲਿਸ ਮੁਲਾਜ਼ਮਾਂ ਦੀ ਆੜ ਲੈ ਕੇ ਹੋਟਲ ਸੰਚਾਲਕ ਬਚਦੇ ਆ ਰਹੇ ਸਨ ਪਰ ਇਸ ਵਾਰ ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਵੱਖਰੇ ਹੀ ਅੰਦਾਜ਼ ’ਚ ਦਿਖਾਈ ਦਿੱਤੀ, ਜਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਛਾਪੇਮਾਰੀ ਕਰ ਕੇ ਅਨੈਤਿਕ ਕਾਰਜ ਕਰ ਰਹੀਆਂ 15 ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਥਾਣਾ ਡਵੀਜ਼ਨ ਨੰਬਰ-5 ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਕਈ ਹੋਟਲਾਂ ’ਚ ਅਚਾਨਕ ਛਾਪੇਮਾਰੀ ਕੀਤੀ ਗਈ ਹੈ, ਜਿਸ ’ਚੋਂ 3 ਹੋਟਲਾਂ ’ਚ ਅਨੈਤਿਕ ਕਾਰਜ ਅਤੇ ਜਿਸਮਫ਼ਿਰੋਸ਼ੀ ਦਾ ਧੰਦਾ ਕਰਨ ਵਾਲੀਆਂ ਕਈ ਕੁੜੀਆਂ ਸਮੇਤ ਕਈ ਮੁੰਡਿਆਂ ਅਤੇ ਹੋਟਲਾਂ ਦੇ ਮੈਨੇਜਰਾਂ ਨੂੰ ਹਿਰਾਸਤ ’ਚ ਲਿਆ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।