ਯਾਦਵਿੰਦਰ ਦੀ ਕਿਤਾਬ ‘ਕਿਹੜਾ ਪੰਜਾਬ’ ਮੈਨੂੰ ਉਸੈਨ ਬੋਲਟ ਦੀ ਸਪਰਿੰਟ ਲੱਗੀ

0
5014

ਪ੍ਰਿੰ. ਸਰਵਣ ਸਿੰਘ
‘ਕਿਹੜਾ ਪੰਜਾਬ’ ਕਿਤਾਬ ਮੈਨੂੰ ਉਸੈਨ ਬੋਲਟ ਦੀ ਸਪਰਿੰਟ ਵਰਗੀ ਲੱਗੀ। ਨਵਾਂ ਰਿਕਾਰਡ ਸਿਰਜਦੀ। ਫਲਾਈਂਗ ਸਿੱਖ ਮਿਲਖਾ ਸਿੰਘ ਦੀ ਦੌੜ ਵਰਗੀ। ਤੇਜ਼ਤਰਾਰ। ਲਿਸ਼ਕਾਰੇ ਵਰਗੀ। ਕਿਤਾਬ ਬਾਰੇ ਕਿਤਾਬ ਦੀ ਸ਼ੈਲੀ `ਚ ਹੀ ਗੱਲ ਕਰਨੀ ਬਣਦੀ ਹੈ। ਪਾਤਰ ਨੇ ਇਸ ਪੁਸਤਕ ਬਾਰੇ ਕਿਹਾ: ਪੱਤਰਕਾਰੀ ਵਰਗੀ ਸਾਹਿਤਕਾਰੀ, ਸਾਹਿਤਕਾਰੀ ਵਰਗੀ ਪੱਤਰਕਾਰੀ। ਮੇਰੀ ਸਮਝ ਮੁਤਾਬਿਕ ਪੰਜਾਬੀ ਦੀ ਇਹ ਅਜਿਹੀ ਕਿਤਾਬ ਹੈ ਜਿਸ ਨੂੰ ਪੱਤਰਕਾਰੀ ਦਾ ਮਸਾਲੇਦਾਰ ਤੜਕਾ ਲੱਗਾ ਹੋਇਐ। ਤੇ ਤੜਕਾ ਵੀ ਨਿੰਮ ਦੇ ਘੋਟਣੇ ਨਾਲ ਕੂੰਡੇ `ਚ ਰਗੜੇ ਮਸਾਲੇ ਵਰਗਾ ਜਿਸ ਨਾਲ ਸਾਰਾ ਅਗਵਾੜ ਮਹਿਕ ਉੱਠੇ। ਕਿਆ ਬਾਤਾਂ ਧਨੌਲੇ ਵਾਲੇ ‘ਕਲਫੂ’ ਦੀਆਂ!
ਪੁਸਤਕ ਪੜ੍ਹ ਕੇ ਈ ਪਤਾ ਲੱਗਾ ਪਈ ਯਾਦਵਿੰਦਰ ਨੇ ਆਪਣੇ ਨਾਂ ਨਾਲ ‘ਕਰਫਿ਼ਊ’ ਐਵੇਂ ਨਹੀਂ ਲਾਇਆ। ਉਹ 3 ਜੂਨ 1984 ਨੂੰ ਭੀਖੀ ਲਾਗੇ ਆਪਣੇ ਨਾਨਕੇ ਪਿੰਡ ਗੁੜਥੜੀ `ਚ ਜੰਮਣ ਲੱਗਾ ਤਾਂ ਸਾਰੇ ਪੰਜਾਬ ਵਿਚ ਕਰਫਿ਼ਊ ਲਗਾ ਦਿੱਤਾ ਗਿਆ। ਪਿੰਡਾਂ `ਚ ਹੋਕੇ ਦੁਆ ਦਿੱਤੇ ਬਈ ਕੋਈ ਘਰੋਂ ਬਾਹਰ ਨਾ ਨਿਕਲੇ। ਸੱਥ `ਚ ਨਾ ਜਾਵੇ। ਸਰਕਾਰ ਵੱਲੋਂ ਗੋਲੀ ਦਾ ਹੁਕਮ ਹੈ। ਸ਼ੁਕਰ ਹੈ ਉਹਦੇ ਜਨਮ ਲੈਣ ਉਤੇ ਕਰਫਿ਼ਊ ਨਾ ਲਾਇਆ ਗਿਆ ਜਿਸ ਕਰਕੇ ਉਸ ਨੂੰ ਜੰਮਣ ਦੇ ਦਿੱਤਾ ਗਿਆ। ਚਾਰ ਚੁਫੇਰੇ ਕਰਫਿ਼ਊ-ਕਰਫਿ਼ਊ ਹੋਣ ਕਰਕੇ ਨਾਨੇ ਨੇ ਉਹਦਾ ਕੱਚਾ ਨਾਂ ਹੀ ‘ਕਰਫਿਊ’ ਰੱਖ ਦਿੱਤਾ ਜੋ ਜੱਦੀ ਪਿੰਡ ਧਨੌਲੇ ਵਾਲਿਆਂ ਨੇ ‘ਕਲਫੂ’ ਕਰ ਲਿਆ। ਯਾਦਵਿੰਦਰ ਨੇ ਲਿਖਿਆ: ਬੱਸ ਏਨੀ ਕੁ ਕਹਾਣੀ ਹੈ ਮੇਰੇ ‘ਕਰਫਿਊ’ ਹੋਣ ਦੀ। ਘਰ `ਚ ਮੈਨੂੰ ਕੋਈ ‘ਕਰਫਿ਼ਊ’ ਨਹੀਂ ਕਹਿੰਦਾ ਪਰ ਬਾਹਰ ਬਹੁਤ ਸਾਰੇ ਲੋਕ ਕਹਿੰਦੇ ਹਨ। ‘ਪਿੰਡ ਆਲੇ’ ਅਜੇ ਵੀ ਦੋ ਪੈੱਗ ਲਾ ਕੇ ‘ਕਲਫ਼ੂ ਕਲਫ਼ੂ’ ਕਹਿ ਕੇ ਹੀ ਬੁਲਾਉਂਦੇ ਹਨ।
ਜਦੋਂ ਕਿਤਾਬ ਮੇਰੇ ਕੋਲ ਪਹੁੰਚੀ ਤਾਂ ਘਰ ਦੇ ਪੁੱਛਣ ਲੱਗੇ, ਆਹ ਕੰਵਲ ਬਾਰੇ ਕੋਈ ਨਵੀਂ ਕਿਤਾਬ ਛਪੀ ਐ? ਟਾਈਟਲ ਉਤੇ ਲਾਈ ਤਸਵੀਰ ਜਸਵੰਤ ਸਿੰਘ ਕੰਵਲ ਦਾ ਭੁਲੇਖਾ ਪਾ ਰਹੀ ਸੀ। ਉਹੋ ਜਿਹਾ ਪਤਲਾ ਜੁੱਸਾ, ਉਹੋ ਜਿਹੀ ਦਾੜ੍ਹੀ ਤੇ ਉਹੋ ਜਿਹੀ ਪੱਗ। ਤਸਵੀਰ ਬਾਰੇ ਯਾਦਵਿੰਦਰ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ, ਇਹ ਅਨੰਦਪੁਰ ਸਾਹਿਬ ਦੇ ਮੋਚੀ ਮਹਿੰਦਰ ਸਿੰਘ ਦੀ ਹੈ ਜੋ ਪਹਿਲਾਂ ਜੁੱਤੀਆਂ ਬਣਾਉਂਦਾ ਸੀ। ਜਦੋਂ ਦਾ ਘਰੋਂ ਕੱਢਿਆ ਉਦੋਂ ਤੋਂ ਉਹ ਰੱਸੀਆਂ ਵੱਟਣ ਲੱਗ ਪਿਆ ਪਈ ਪਤਾ ਨਹੀਂ ਬੇਵਸੀ `ਚ ਕਦੋਂ ਫਾਹਾ ਲੈਣਾ ਪੈ ਜਾਵੇ? ਅੱਖਾਂ `ਚੋਂ ਬੇਵਸੀ ਸਾਫ ਝਲਕਦੀ ਹੈ। ਕਹਿੰਦੇ ਹਨ ਲੋੜ ਕਾਢ ਦੀ ਮਾਂ ਹੁੰਦੀ ਹੈ। ਪੰਜਾਬੀਆਂ ਨੂੰ ਹੁਣ ਹੰਢਣਸਾਰ ਜੁੱਤੀਆਂ ਦੀ ਨਹੀਂ ਫਾਹੀਆਂ ਲੈਣ ਲਈ ਰੱਸੀਆਂ ਦੀ ਲੋੜ ਹੈ!
ਪੁਸਤਕ ਦੇ ਕੁਝ ਅੰਸ਼ ਹਨ: ‘ਯਤੀਮ’ ਹੋਇਆ ਪੰਜਾਬ ਅੱਜ ਸਭ ਵੱਲ ਵੇਖ ਰਿਹਾ ਹੈ। ਸਿਆਸੀ ਜਮਾਤਾਂ ਆਪਣੇ ਮੁਫ਼ਾਦਾਂ ਤੋਂ ਅੱਗੇ ਨਹੀਂ ਵੇਖ ਰਹੀਆਂ। ਬੁੱਧੀਜੀਵੀਆਂ ਤੋਂ ਗੱਲ ਕਿਸੇ ਸਿਰੇ ਨਹੀਂ ਲੱਗ ਰਹੀ। ਰੂਹਾਨੀਅਤ ਦੀ ਧਾਰਾ `ਤੇ ਮਸੰਦਾਂ ਦਾ ਕਬਜ਼ਾ ਹੈ। ਪੰਜਾਬ ਵਿਚਾਰਕ ਤੇ ਅਧਿਆਤਮਿਕ ਤੌਰ `ਤੇ ਲੀਹੋਂ ਲਹਿ ਚੁੱਕਾ ਹੈ। ਇਹਨੇ ਨਸ਼ੇ ਤੇ ਪਰਵਾਸ ਦੋ ਰਾਹ ਚੁਣੇ ਨੇ। ਦੋਵਾਂ ਲਈ ‘ਉੱਡਣ’ ਦਾ ਜਨੂੰਨ ਹੈ। ਇਕ ਜਹਾਜ਼ ਭਰ ਕੇ ਉੱਡ ਜਾਂਦੈ ਤੇ ਦੂਜਾ ਨਸ਼ੇ/ਚਿੱਟੇ ਦਾ ਜਹਾਜ਼ ਪੰਜਾਬ ਨੂੰ ਪੰਜਾਬ `ਚ ਉਡਾਉਣ ਆ ਜਾਂਦੈ। ਲੇਖਕ ਆਖਦੈ: ਮੇਰੀ ਕਿਤਾਬ ‘ਕਿਹੜਾ ਪੰਜਾਬ’ ਮੇਰੀ ਬਤੌਰ ਪੰਜਾਬੀ, ਪੰਜਾਬ ਤੇ ਪੰਜਾਬੀਆਂ ਨਾਲ ਗੱਲਾਂ ਕਰਨ ਦੀ ਕੋਸਿ਼ਸ਼ ਹੈ। ਆਓ, ਪੰਜਾਬ ਦੇ ਸਨਮੁੱਖ ਹੋ ਕੇ ਪੰਜਾਬ ਨਾਲ ਗੱਲਾਂ ਕਰੀਏ।
ਇਹ ਛੋਟੇ ਸਾਈਜ਼ ਦੀ ਸਿਰਫ਼ ਸੌ ਕੁ ਸਫਿ਼ਆਂ ਦੀ ਕਿਤਾਬ ਹੈ। ਪਰ ਜਿੰਨੀ ਨਿੱਕੀ ਹੈ ਓਨੀ ਹੀ ਤਿੱਖੀ। ਟਾਈਟਲ ‘ਕਿਹੜਾ ਪੰਜਾਬ’ ਨਾਲ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਲਾਇਆ ਪਰ ਕਿਤਾਬ ਸਾਰੀ ਪ੍ਰਸ਼ਨਾਂ ਨਾਲ ਭਰੀ ਪਈ ਹੈ। ਸਵਾਲ ਦਰ ਸਵਾਲ ਉਠਾ ਰਹੀ ਹੈ। ਪੁਸਤਕ ਪੜ੍ਹ ਕੇ ਗੁਰਬਚਨ ਲਿਖਦਾ ਹੈ: ਪੰਜਾਬ ਹੁਣ ਕਿਸੇ ਦਾ ਨਹੀਂ ਰਿਹਾ। ਇਹਨੂੰ ਸੰਭਾਲਣ ਵਾਲੇ ਪੱਕੀ ਫ਼ਤਿਹ ਬੁਲਾ ਕੇ ਪਰਾਈਆਂ ਧਰਤੀਆਂ ਵੱਲ ਵਗਦੇ ਜਾ ਰਹੇ ਹਨ। ਸ਼ਮੀਲ ਕਹਿੰਦਾ ਹੈ: ਯਾਦਵਿੰਦਰ ਦਾ ਸੰਬੰਧ ਚੁਰਾਸੀ ਵਿਚ ਪੈਦਾ ਹੋਈ ਪੰਜਾਬ ਦੀ ਉਸ ਪੀੜ੍ਹੀ ਨਾਲ ਹੈ, ਜਿਸ ਅੰਦਰ ਪੰਜਾਬ ਨੂੰ ਚੁਰਾਸੀ ਦੇ ਗੇੜ `ਚੋਂ ਕੱਢਣ ਦੇ ਬੀਜ ਵੀ ਹਨ। ਅਮਰਜੀਤ ਚੰਦਨ ਆਖਦਾ ਹੈ: ਇਹ ਉਹ ਪੰਜਾਬ ਹੈ, ਜੋ ਵਿਸ਼ਵ ਕਾਰਪੋਰੇਟ ਪੂੰਜੀਵਾਦ ਦੀ ਜਕੜ ਵਿਚ ਗਰਕ ਰਿਹਾ ਹੈ; ਉਹ ਪੰਜਾਬ ਜੋ ਭਗਵੇਂ-ਨੀਲੇ-ਚਿੱਟੇ ਗੈਂਗਸਟਰ ਹੁਕਮਰਾਨਾਂ ਦਾ ਨਸ਼ੇੜੀ ਕੀਤਾ ਕਰਜਿ਼ਆਂ ਦੀ ਸੂਲੀ ਟੰਗਿਆ ਲਟਕ ਰਿਹਾ ਹੈ। ਪੱਤਰਕਾਰ ਹੋਣ ਕਰਕੇ ਯਾਦਵਿੰਦਰ ਸ਼ੀਂਹ ਰਾਜਿਆਂ ਦੇ ਅੰਦਰਲੇ ਕੁਹਜ ਦਾ ਭੇਤੀ ਹੈ। ਇਹ ਭੇਤ ਇਹਨੇ ਇਸ ਕਿਤਾਬ ਵਿਚ ਪਾਠਕ ਨੂੰ ਕੋਲ ਬਹਿ ਕੇ ਦੱਸੇ ਹਨ। ਸੁਰਜੀਤ ਪਾਤਰ ਅਨੁਸਾਰ: ਇਸ ਛੋਟੀ ਜਿਹੀ ਕਿਤਾਬ ਵਿਚ ਪੰਜਾਬ ਤੇ ਭਾਰਤ ਦਾ ਹਾਲ ਚਾਲ ਹੈ, ਰੂਹਾਨੀ ਰਾਜ਼ੀ ਖੁਸ਼ੀ ਹੈ-ਰਸਿਕ ਤੇ ਰੋਹੀਲੇ ਨੌਜੁਆਨ ਦੀ ਲਿਖੀ ਹੋਈ। ਇਸ ਵਿਚ ਅੰਬੇਦਕਰ ਦਾ ਬੁੱਤ ਵੀ ਹੈ। ਸੰਤ ਸੀਚੇਵਾਲ ਵੀ। ਬੋਧੀ ਵਿਹਾਰ ਦਾ ਸਿੱਖ ਭਿਖਸ਼ੂ ਵੀ। ਖੇਤਾਂ ਦੀਆਂ ਖ਼ੁਦਕੁਸ਼ੀਆਂ ਵੀ, ਲਹੌਰੀਏ ਵੀ, ਲੰਚ ਬੌਕਸ ਵੀ। ਚਿੱਟਾ ਵੀ, ਲਾਲ ਉਤੇ ਨੀਲਾ ਦਾਗ਼ ਵੀ। ਬੁੱਧ ਦੀ ਇਕੱਲਤਾ ਦਾ ਮਹਾਤਮ ਵੀ ਤੇ ਇਕੱਲਤਾ ਨਾਲ ਖੁਰਦਾ ਮਲਕੀਤ ਵੀ ਤੇ ਅਨਹਦ ਵਾਜਾ ਵੀ।
ਪੁਸਤਕ ਦਾ ਪਹਿਲਾ ਪੈਰਾ ਹੈ: ਪੰਜਾਬ ਬਿਮਾਰ ਹੈ। ਸਾਰ ਲੈਣ ਵਾਲਾ ਕੋਈ ਨਹੀਂ। ਲਹਿੰਦਾ ਤੇ ਚੜ੍ਹਦਾ ਪੰਜਾਬ ਇਕ ਦੂਜੇ ਨੂੰ ਆਪਣੀ ਹੋਣੀ `ਤੇ ਸਵਾਲ ਕਰ ਰਹੇ ਹਨ। ‘ਪਹਿਲੀ ਮੁਲਾਕਾਤ’ ਤੋਂ ਬਾਅਦ ਵਿਛੜਿਆ ‘ਪਰਵਾਸੀ ਪੰਜਾਬ’ ਝੋਰੇ `ਚ ਹੈ। ਹੁਣ ਸਭ ਦੇ ਆਪਣੇ-ਆਪਣੇ ਨਿੱਕੇ-ਨਿੱਕੇ ਪੰਜਾਬ ਹਨ ਪਰ ‘ਸਾਂਝਾ ਪੰਜਾਬ’ ਰੋ ਰਿਹਾ ਹੈ। ਪੰਜਾਬ ਬੁਰੀ ਤਰ੍ਹਾਂ ਸਿਆਸੀ, ਸਮਾਜਿਕ, ਸੱਭਿਆਚਾਰਕ ਤੇ ਵਾਤਾਵਰਨ ਦੇ ਸੰਕਟਾਂ `ਚ ਫਸਿਆ ਹੋਇਆ ਹੈ।
ਕਿਸੇ ਫਿਲਮ ਨਹੀਂ, ਕਿਸੇ ਸ਼ਾਹਕਾਰ ਨਾਵਲ ਦੇ ਟ੍ਰੇਲਰ ਵਰਗੀ ਇਸ ਕਿਤਾਬ ਦੇ ਪੰਜ ਅਧਿਆਏ ਹਨ: ਕੁਦਰਤ, ਜਵਾਨੀ, ਵਿਛੋੜਾ, ਸਿਆਸਤ ਤੇ ਕਲਾ। ਕਿਤਾਬ ਵਿਚ ਕਿਤੇ ਅਸੀਂ ਬਾਬੇ ਨਾਨਕ ਤੋਂ ਬਾਬੇ ਨਾਨਕ ਤੱਕ, ਕਿਤੇ ਪੰਜ ਪਾਣੀਆਂ ਤੋਂ ਮਾਰੂਥਲ ਹੋਣ ਦੀ ਗਾਥਾ, ਕਿਤੇ ਬਲਿਹਾਰੀ ਕੁਦਰਤ ਵੱਸਿਐ, ਕਿਤੇ ਖਾੜਕੂਆਂ ਵਰਗੇ ਗੈਂਗਸਟਰ ਤੇ ਗੈਂਗਸਟਰਾਂ ਵਰਗੇ ਖਾੜਕੂ, ਕਿਤੇ ਚਿੱਟੇ ਨਾਲ ਚਿੱਟਾ ਹੋਇਆ ਪੰਜਾਬ, ਕਿਤੇ ਸਿ਼ਫਟਾਂ ਵਿਚ ਭਟਕਦਾ ਪਰਵਾਸ, ਖ਼ੁਦਕੁਸ਼ੀਆਂ ਦੀ ਫਸਲ, ਰੱਬਾ ਹੁਣ ਕੀ ਕਰੀਏ, ਸਿਹਤ ਤੇ ਵਿਦਿਆ ਵਿਚਾਰੀ ਕਾਰਪੋਰੇਟ ਨੇ ਖਾ ਲਈ, ਕਿਤੇ ਲਾਲ ਸਿਆਸਤ ਤੇ ਨੀਲਾ ਦਾਗ ਅਤੇ ਕਿਤੇ ਕਲਾ ਦੀ ਸਦੀਵੀ ਪ੍ਰਸੰਗਕਿਤਾ ਬਾਰੇ ਪੜ੍ਹਦੇ ਹਾਂ। ਕਿਤੇ ਕਾਵਿ ਸਤਰਾਂ ਹਨ: ਰੁਖ਼ ਬਦਲੇ ਹਵਾਵਾਂ ਦੇ, ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ…।
ਪੁੱਤਾਂ ਨਾਲ ਹੀ ਮਾਪੇ ਹੁੰਦੇ, ਯਾਰ ਯਾਰਾਂ ਦੀਆਂ ਬਾਹਵਾਂ।
ਯਾਰਾਂ ਬਿਨ ਕੀ ਜੀਣਾ ਜੱਗ `ਤੇ, ਲੁੱਟੀਆਂ ਲੱਗਦੀਆਂ ਥਾਵਾਂ।
ਹਰ ਅੱਖ `ਚੋਂ ਅੱਜ ਵਗਣ ਘਰਾਲਾਂ, ਜਿਨ੍ਹਾਂ ਦਾ ਤੂੰ ਸੀ ਦਰਦੀ।
ਮੌਤ ਕਿਸੇ ਨਾਲ ਕਿਥੋਂ ਝੱਲਿਆ, ਕਰਦੀ ਐ ਹਮਦਰਦੀ…।
ਪੁਸਤਕ ਦੋਂਹ ਚਹੁੰ ਘੰਟਿਆਂ ਵਿਚ ਪੜ੍ਹੀ ਜਾਣ ਵਾਲੀ ਹੈ ਜਿਸ ਕਰਕੇ ਸਲਾਹ ਹੈ ਖ਼ੁਦ ਹੀ ਪੜ੍ਹ/ਪੜ੍ਹਾ ਲਓ। ਇਸ ਵਿਚ ਲੇਖਕ ਦੀ ਪੱਤਰਕਾਰੀ ਦੀਆਂ ਨਿੱਜੀ ਛੋਹਾਂ ਹਨ। ਰੰਗ ਹਨ, ਰਸ ਹਨ, ਵਾਕ ਚੁਸਤ ਹਨ, ਮਲਵਈ ਛੋਹ ਵਾਲੀ ਰਲਵੀਂ ਮਿਲਵੀਂ ਸ਼ਬਦਾਵਲੀ ਤੇ ਦਿਲ ਦਿਮਾਗ ਨੂੰ ਟੁੰਬਣ ਵਾਲੀ ਸ਼ੈਲੀ ਹੈ। ਕਿਤੇ ਕਿਤੇ ਹੰਝੂ ਵਹਾਉਣ ਵਾਲਾ ਕਰੁਣਾਮਈ ਬਿਰਤਾਂਤ ਹੈ। ਬਹੁਤੀਆਂ ਸਿਫ਼ਤਾਂ ਕੀ ਕਰਨੀਆਂ ਕਿਤੇ ਨਜ਼ਰ ਈ ਲੱਗਜੇ!
ਕਿਤਾਬ 8 ਦਸੰਬਰ ਨੂੰ ਰਿਲੀਜ਼ ਹੋਈ ਸੀ ਤੇ 13 ਸੌ ਕਾਪੀਆਂ ਦੀ ਪਹਿਲੀ ਐਡੀਸ਼ਨ 18 ਦਸੰਬਰ ਤਕ ਹੱਥੋ-ਹੱਥ ਚਲੀ ਗਈ। ਹੁਣ ਦੂਜੀ ਪਰ ਵੱਡੀ ਐਡੀਸ਼ਨ ਦੀ ਉਡੀਕ ਹੈ। ਪੰਜਾਬੀ ਪੁਸਤਕਾਂ ਦੇ ਪ੍ਰਸੰਗ ਵਿਚ ਅਨੋਖਾ ਵਰਤਾਰਾ ਹੈ ਇਹ! ਪੰਜਾਬੀ ਦੇ ਬਹੁਤੇ ਅਜੋਕੇ ਲੇਖਕ/ਪ੍ਰਕਾਸ਼ਕ ਝੂਰਦੇ ਹਨ ਕਿ ਉਨ੍ਹਾਂ ਦੀਆਂ ਦੋ ਚਾਰ ਸੌ, ਹੱਦ ਪੰਜ ਸੌ ਕਾਪੀਆਂ ਦੀਆਂ ਐਡੀਸ਼ਨਾਂ ਵੀ ਪੰਜ ਪੰਜ ਸਾਲ ਲਮਕਦੀਆਂ ਰਹਿੰਦੀਆਂ ਹਨ। ਪਾਠਕ ਨਹੀਂ ਮਿਲਦੇ। ਜੇ ਇਹ ਕਿਤਾਬ ਦਿਹਾੜੀ ਦੀ ਸੌ ਕਾਪੀਆਂ ਨਿਕਲ ਰਹੀ ਹੈ ਤਾਂ ਸੰਭਾਵਨਾ ਸਾਲ `ਚ ਲੱਖ ਕਾਪੀਆਂ ਨਿਕਲਣ ਦੀ ਵੀ ਹੋ ਸਕਦੀ ਹੈ। ਹੁਣ ਦੋ ਸੌ ਦੀ ਹੈ, ਦੂਜੀ ਪੇਪਰ ਬੈਕ ਐਡੀਸ਼ਨ ਸੌ ਦੀ ਹੋ ਸਕਦੀ ਹੈ। ਪੰਜਾਬੀ ਪਾਠਕ ਪੰਜਾਬੀ ਦੇ ਲੱਖਾਂ ਅਖ਼ਬਾਰ ਰੋਜ਼ਾਨਾ ਖਰੀਦ ਤੇ ਪੜ੍ਹ ਰਹੇ ਹਨ। ਪੜ੍ਹਨਯੋਗ ਕਿਤਾਬ ਉਹ ਕਿਉਂ ਨਹੀਂ ਖਰੀਦਣਗੇ ਤੇ ਪੜ੍ਹਨਗੇ?