ਭਾਖੜਾ ਦੇ ਫਲੱਡ ਗੇਟ ਖੋਲ੍ਹਣ ਦੀ ਤਿਆਰੀ : 1651 ਫੁੱਟ ਹੋਇਆ ਪਾਣੀ ਦਾ ਪੱਧਰ, ਖ਼ਤਰੇ ਦੇ ਨਿਸ਼ਾਨ ਤੋਂ ਸਿਰਫ 29 ਫੁੱਟ ਹੇਠਾਂ

0
2113

ਚੰਡੀਗੜ੍ਹ | ਪੰਜਾਬ ਦੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਤਾਜ਼ਾ ਸਥਿਤੀ ਦੇ ਮੱਦੇਨਜ਼ਰ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਸੰਬੰਧੀ ਉਪ ਮੰਡਲ ਮੈਜਿਸਟਰੇਟ ਨੰਗਲ ਵੱਲੋਂ ਜਾਰੀ ਪੱਤਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਅੱਜ ਸਵੇਰੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1651 ਫੁੱਟ ਤੱਕ ਪਹੁੰਚ ਗਿਆ ਹੈ, ਜਦੋਂ ਕਿ ਖ਼ਤਰੇ ਦਾ ਪੱਧਰ 1680 ਫੁੱਟ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅੱਜ ਦੇ ਦਿਨ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1587 ਫੁੱਟ ਸੀ ਜੋ ਕਿ ਪਿਛਲੇ ਸਾਲ ਨਾਲੋਂ 64 ਫੁੱਟ ਵੱਧ ਹੈ। ਰਾਹਤ ਦੀ ਗੱਲ ਇਹ ਹੈ ਕਿ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਅਜੇ ਵੀ ਖ਼ਤਰੇ ਵਾਲੇ ਖੇਤਰ ਤੋਂ 29 ਫੁੱਟ ਹੇਠਾਂ ਹੈ।

ਮੌਸਮ ਵਿਭਾਗ ਦੀ ਸਲਾਹ ਮੁਤਾਬਕ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਉਠਾ ਰਿਹਾ ਹੈ। ਭਾਖੜਾ ਦੇ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਅਤੇ ਸਤਲੁਜ ਦਰਿਆ ਵਿਚ ਛੱਡੇ ਜਾ ਰਹੇ ਪਾਣੀ ਦੀ ਸਥਿਤੀ ਦੇ ਮੱਦੇਨਜ਼ਰ ਉਪ ਮੰਡਲ ਮੈਜਿਸਟਰੇਟ ਨੰਗਲ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ, ਜਿਸ ਵਿਚ ਉਨ੍ਹਾਂ ਸਪੱਸ਼ਟ ਲਿਖਿਆ ਹੈ ਕਿ ਭਾਖੜਾ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਇਸ ਵਿੱਚੋਂ ਨਿਕਲਦੀਆਂ ਨਦੀਆਂ ਅਤੇ ਨਾਲੇ ਪੂਰੀ ਸਮਰੱਥਾ ਨਾਲ ਵਹਿ ਰਹੇ ਹਨ।

ਪੱਤਰ ਵਿਚ ਤਾਜ਼ਾ ਸਥਿਤੀ ਅਨੁਸਾਰ ਭਾਖੜਾ ਡੈਮ ਦੇ ਫਲੱਡ ਗੇਟ ਕਿਸੇ ਵੇਲੇ ਵੀ ਖੋਲ੍ਹੇ ਜਾਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿਚ ਮੈਜਿਸਟਰੇਟ ਨੇ ਬੀਡੀਪੀਓ ਦਫ਼ਤਰ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਦਰਿਆ ਦੇ ਕੰਢੇ ਵਸੇ ਲੋਕਾਂ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਹੁਕਮ ਦਿੱਤੇ ਹਨ। ਇਸ ਕੰਮ ਵਿਚ ਪਿੰਡਾਂ ਦੇ ਸਰਪੰਚਾਂ ਨਾਲ ਸੰਪਰਕ ਕਰ ਕੇ ਮਦਦ ਲਈ ਜਾਵੇ।