ਸੁਮੇਧ ਸੈਣੀ ਦੇ ਜੱਦੀ ਪਿੰਡ ਕੁਰਾਲਾ ਕਲਾਂ ‘ਚ ਵੀ ਲੱਗੇ “ਸੁਮੇਧ ਸੈਣੀ ਭਗੌੜਾ” ਦੇ ਪੋਸਟਰ

0
1036

ਨਰਿੰਦਰ ਕੁਮਾਰ | ਜਲੰਧਰ

ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਭਗੌੜੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਭਾਲ ਵਿੱਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਦਲ ਖਾਲਸਾ ਨੇ ਐਲਾਨ ਕੀਤਾ ਹੈ ਕਿ ਸੈਣੀ ਨੂੰ ਗ੍ਰਿਫਤਾਰ ਕਰਨ ਅਤੇ ਕਰਵਾਉਣ ਵਾਲਿਆਂ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਨੇ ਵੀ ਇੱਕ ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ। 

ਦਲ ਖਾਲਸਾ ਨੇ ਸੈਣੀ ਦੇ ਜੱਦੀ ਪਿੰਡ ਕੁਰਾਲਾ ਕਲਾਂ ਵਿਖੇ ਵੀ ਪੋਸਟਰ ਲਗਾਏ। ਸ਼ਨੀਵਾਰ ਨੂੰ ਮੁਹਾਲੀ ਕੋਰਟ ਵੱਲੋਂ ਸੁਮੇਧ ਸੈਣੀ ਖਿਲਾਫ ਗ੍ਰਿਫ਼ਤਾਰੀ ਵਰੰਟ ਜਾਰੀ ਕਰ ਦਿੱਤਾ ਗਿਆ ਹੈ।

ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਦਿਨਕਰ ਗੁਪਤਾ ਆਏ ਦਿਨ ਸਰਹੱਦੋਂ ਪਾਰ ਦੇਸ਼ ਖਿਲਾਫ਼ ਘੜੀਆਂ ਜਾ ਰਹੀਆਂ ਸਾਜ਼ਿਸ਼ਾਂ ਬਾਰੇ ਇੰਝ ਬਿਆਨ ਦਿੰਦੇ ਰਹਿੰਦੇ ਹਨ ਜਿਵੇ ਸਭ ਜਾਣਦੇ ਹੋਣ ਪਰ ਕੀ ਸਕਿਉਰਟੀ ਵਿੱਚ ਰਹਿੰਦੇ ਦੋਸ਼ੀ ਬਾਰੇ ਕੁਝ ਵੀ ਨਹੀਂ ਜਾਣਦੇ। ਉਨ੍ਹਾਂ ਕਿਹਾ ਕਿ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਪੰਜਾਬ ਪੁਲਿਸ ਅਤੇ ਸਰਕਾਰ ਦੋਵੇਂ ਦੋਸ਼ੀ ਨੂੰ ਬਚਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪੁਲਿਸ ਲੀਡਰਸ਼ਿਪ ਅਗਰ ਚਾਹੇ ਤੇ ਉਸਨੂੰ 24 ਘੰਟਿਆਂ ਵਿੱਚ ਗ੍ਰਿਫਤਾਰ ਕਰ ਸਕਦੀ ਹੈ।

ਗੁਰਪ੍ਰੀਤ ਸਿੰਘ ਖੁੱਡਾ ਨੇ ਕਿਹਾ ਕਿ ਹੈਰਾਨਗੀ ਇਸ ਗੱਲ ਦੀ ਵੀ ਹੈ ਕਿ ਪੰਜਾਬ ਪੁਲਿਸ ਦੋਸ਼ੀ ਨੂੰ ਫੜਨ ਦੀ ਬਜਾਏ ਅਪਣਾ ਸਾਰਾ ਜੋਰ ਉਨ੍ਹਾਂ ਵਾਲੋਂ ਲਗਾਏ ਜਾ ਰਹੇ ਪੋਸਟਰਾਂ ਨੂੰ ਉਤਾਰਨ ਅਤੇ ਲੁਕਾਉਣ ‘ਤੇ ਲਗਾ ਰਹੀ ਹੈ।

ਸਿੱਖ ਯੂਥ ਆਫ਼ ਪੰਜਾਬ ਦੇ ਸਕੱਤਰ ਗੁਰਨਾਮ ਸਿੰਘ  ਨੇ ਕਿਹਾ ਕਿ ਸੈਣੀ ਸਰਕਾਰ ਅਤੇ ਅਦਾਲਤਾਂ ਨਾਲ ਲੁਕਣ-ਮੀਟੀ ਖੇਡ ਰਿਹਾ ਹੈ। ਉਹਨਾਂ ਦਸਿਆ ਕਿ ਸੈਣੀ ਦਾ ਭਗੌੜੇ ਹੋਣ ਦਾ ਪੋਸਟਰ ਪੂਰੇ ਪੰਜਾਬ ਵਿੱਚ ਲਾਏ ਜਾਣਗੇ।