ਲੁਧਿਆਣਾ : ‘ਖੇਡਾਂ ਵਤਨ ਪੰਜਾਬ ਦੀਆਂ’ ਨਾਅਰੇ ‘ਤੇ ਸਿਆਸਤ, ਸੰਸਦ ਮੈਂਬਰ ਬਿੱਟੂ ਨੇ ਕਿਹਾ- ‘ਆਪ’ ਸਰਕਾਰ ਦੀ ਸੋਚ ਖਾਲਿਸਤਾਨੀ

0
287

ਲੁਧਿਆਣਾ । ਜ਼ਿਲ੍ਹੇ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਨਾਅਰੇ ਦੀ ਵਰਤੋਂ ਕਰਨ ‘ਤੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਚੁਟਕੀ ਲਈ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਬਿਹਤਰ ਸਲਾਹਕਾਰ ਹੋਣੇ ਚਾਹੀਦੇ ਹਨ ਜੋ ਉਨ੍ਹਾਂ ਨੂੰ ਸਹੀ ਸਲਾਹ ਦੇਣ।

‘ਖੇਡਾਂ ਵਤਨ ਪੰਜਾਬ ਦੀਆਂ’ ਸ਼ਬਦ ਖਾਲਿਸਤਾਨੀ ਸੋਚ ਦਾ ਪ੍ਰਤੀਕ ਹਨ। ਬਿੱਟੂ ਨੇ ਕਿਹਾ ਕਿ ਦੇਸ਼ ਸਾਡਾ ਭਾਰਤ ਹੈ ਅਤੇ ਸੂਬਾ ਸਾਡਾ ਪੰਜਾਬ ਹੈ। ਪੰਜਾਬ ਦੇਸ਼ ਦੇ ਸਿਰ ਦਾ ਤਾਜ ਹੈ। ਇਸ ਤਰ੍ਹਾਂ ਵੱਖਰੇ ਹੋਮਲੈਂਡ ਸ਼ਬਦ ਦੀ ਵਰਤੋਂ ਕਰ ਕੇ ਸਰਕਾਰ ਨੂੰ ਖਾਲਿਸਤਾਨੀ ਸੋਚ ਤੋਂ ਬਚਣਾ ਚਾਹੀਦਾ ਹੈ। ਪੰਜਾਬ ਨੂੰ ‘ਵਤਨ’ ਸ਼ਬਦ ਕਹਿ ਕੇ ਵੱਖਰਾ ਨਾ ਕਿਹਾ ਜਾਵੇ।

ਬਿੱਟੂ ਨੇ ਕਿਹਾ ਕਿ ਸਰਕਾਰ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੀ ਹੈ ਪਰ ਪੰਜਾਬ ਨੂੰ ਵੱਖਰਾ ਦੇਸ਼ ਕਿਹਾ ਜਾ ਰਿਹਾ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਨਾਅਰੇ ਦੀ ਵਰਤੋਂ ਕਰ ਕੇ ਦੇਸ਼ ਨੂੰ ਗਲਤ ਸੰਦੇਸ਼ ਗਿਆ ਹੈ। ਬਿੱਟੂ ਨੇ ਕਿਹਾ ਕਿ ਪਿਛਲੀਆਂ ਚੋਣਾਂ ‘ਚ ਅਰਵਿੰਦ ਕੇਜਰੀਵਾਲ ‘ਤੇ ਉਨ੍ਹਾਂ ਦੇ ਇਕ ਸੀਨੀਅਰ ਨੇਤਾ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਖਾਲਿਸਤਾਨੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਫੰਡ ਲੈਂਦੇ ਰਹੇ ਹਨ। ਬਿੱਟੂ ਨੇ ਕਿਹਾ ਕਿ ਉਨ੍ਹਾਂ ਹੀ ਖਾਲਿਸਤਾਨੀਆਂ ਦੀ ਸੋਚ ‘ਤੇ ਅੱਜ ਵਤਨ ਸ਼ਬਦ ਦੀ ਵਰਤੋਂ ਕਰ ਕੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਸ ਨੂੰ ਵੱਖਰਾ ਦੇਸ਼ ਸਮਝਿਆ ਜਾ ਸਕੇ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਤੁਸੀਂ ਕਿਹੜਾ ਸ਼ਬਦ ਵਰਤ ਰਹੇ ਹੋ? ਬਿੱਟੂ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਖਾਲਿਸਤਾਨੀਆਂ ਵੱਲੋਂ ਲਏ ਫੰਡਾਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ।