ਪੁਲਿਸ ਦਾ ਦਾਅਵਾ : ਸਿੱਖ ਦੇਸ਼ ਬਣਾਉਣਾ ਚਾਹੁੰਦਾ ਸੀ ਅੰਮ੍ਰਿਤਪਾਲ, NIA ਦੀਆਂ 8 ਟੀਮਾਂ ਜਾਂਚ ਲਈ ਪੰਜਾਬ ਪਹੁੰਚੀਆਂ

0
224

ਚੰਡੀਗੜ੍ਹ | ਵਾਰਿਸ ਪੰਜਾਬ ਦੇ ਸੰਗਠਨ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਚੌਥੇ ਦਿਨ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੰਜਾਬ ਪੁਲਿਸ ਸੂਬੇ ਭਰ ‘ਚ ਉਸ ਦੀ ਭਾਲ ਕਰ ਰਹੀ ਹੈ। ਐਨਆਈਏ ਦੀਆਂ ਅੱਠ ਟੀਮਾਂ ਪੰਜਾਬ ਪਹੁੰਚ ਚੁੱਕੀਆਂ ਹਨ ਅਤੇ ਇਨ੍ਹਾਂ ਟੀਮਾਂ ਨੇ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਗੁਰਦਾਸਪੁਰ, ਜਲੰਧਰ ਜ਼ਿਲ੍ਹਿਆਂ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਅੰਮ੍ਰਿਤਪਾਲ ਕੇਸ ਦੀ ਸੁਣਵਾਈ ਹੋਵੇਗੀ। ਮੰਗ ਕੀਤੀ ਗਈ ਹੈ ਕਿ ਅੰਮ੍ਰਿਤਪਾਲ ਨੂੰ ਜ਼ਬਰਦਸਤੀ ਹਿਰਾਸਤ ‘ਚ ਰੱਖਿਆ ਗਿਆ ਹੈ। ਅੰਮ੍ਰਿਤਪਾਲ ਕਿੱਥੇ ਹੈ, ਇਸ ਦਾ ਹੁਣ ਕਿਸੇ ਨੂੰ ਪਤਾ ਨਹੀਂ ਹੈ। ਹਾਲਾਂਕਿ ਪਿਤਾ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ‘ਚ ਰੱਖਿਆ ਹੋਇਆ ਹੈ।

ਦਾਅਵਾ- ਵੱਖਰਾ ਸਿੱਖ ਦੇਸ਼ ਬਣਾਉਣਾ ਚਾਹੁੰਦਾ ਹੈ
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਦੇ ਡਰੱਗ ਮਾਫੀਆ ਨਾਲ ਸਬੰਧ ਸਨ। ਉਹ ਵੱਖਰਾ ਸਿੱਖ ਦੇਸ਼ ਬਣਾਉਣ ਲਈ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਸੰਪਰਕ ‘ਚ ਸੀ। ਡਰੱਗ ਮਾਫੀਆ ਉਸ ਨੂੰ ਫੰਡਿੰਗ ਕਰ ਰਿਹਾ ਸੀ। ਮਾਫੀਆ ਨੇ ਉਸ ਨੂੰ ਇੱਕ ਮਰਸਿਡੀਜ਼ ਵੀ ਤੋਹਫੇ ‘ਚ ਦਿੱਤੀ ਸੀ, ਜਦਕਿ ਆਈਐਸਆਈ ਉਸ ਨੂੰ ਹਥਿਆਰ, ਗੋਲਾ ਬਾਰੂਦ ਅਤੇ ਹੋਰ ਸਹੂਲਤਾਂ ਪ੍ਰਦਾਨ ਕਰ ਰਹੀ ਸੀ। ਦੱਸਿਆ ਜਾਂਦਾ ਹੈ ਕਿ ਜਿਸ ਐਸਯੂਵੀ ‘ਚ ਅੰਮ੍ਰਿਤਪਾਲ ਸਿੰਘ ਭੱਜਿਆ ਸੀ, ਉਹ ਡਰੱਗ ਮਾਫੀਆ ਰਾਵੇਲ ਸਿੰਘ ਵੱਲੋਂ ਗਿਫਟ ਕੀਤੀ ਗਈ ਸੀ।

ਐਨਆਈਏ ਦੀ ਟੀਮ ਹਥਿਆਰਾਂ, ਵਿਦੇਸ਼ੀ ਸਬੰਧਾਂ, ਫੰਡਿੰਗ ਅਤੇ ਆਈਐਸਆਈ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ 458 ਨਜ਼ਦੀਕੀ ਸਾਥੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਸੂਚੀ ਐਨਆਈਏ ਨੂੰ ਸੌਂਪ ਦਿੱਤੀ ਹੈ। ਇਨ੍ਹਾਂ ਨੂੰ ਏ, ਬੀ ਅਤੇ ਸੀ ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ। ਏ ਕੈਟਾਗਰੀ ਦੇ 142 ਲੋਕ ਅਜਿਹੇ ਹਨ ਜੋ 24 ਘੰਟੇ ਅੰਮ੍ਰਿਤਪਾਲ ਨਾਲ ਰਹਿੰਦੇ ਸਨ। ਬੀ ਕੈਟਾਗਰੀ ਦੇ 213 ਲੋਕ ਸਨ, ਜੋ ਵਿੱਤ ਅਤੇ ਸੰਸਥਾ ਦਾ ਕੰਮ ਦੇਖਦੇ ਸਨ।

6 ਫਾਈਨਾਂਸ ਕੰਪਨੀਆਂ ਤੋਂ ਕਰੋੜਾਂ ਦਾ ਲੈਣ-ਦੇਣ
ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੀਆਂ 6 ਫਾਈਨਾਂਸ ਕੰਪਨੀਆਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ‘ਚ ਪਿਛਲੇ ਸਾਲ 20 ਅਗਸਤ ਤੋਂ ਹੁਣ ਤੱਕ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ। ਜਲੰਧਰ ਦੇ ਦੋ ਹਵਾਲਾ ਕਾਰੋਬਾਰੀਆਂ ਦੀ ਵੀ ਸ਼ਨਾਖਤ ਹੋਈ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ, ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ 28 ਟੀਮਾਂ ਵੀ ਜਾਂਚ ‘ਚ ਜੁਟੀਆਂ ਹੋਈਆਂ ਹਨ।

ਹੁਣ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਨੇ ਆਪਣੀ ਬਣਾਈ ਗਈ ਆਨੰਦਪੁਰ ਖਾਲਸਾ ਫੌਜ (ਏਕੇਐਫ) ਲਈ 33 ਬੁਲੇਟਪਰੂਫ ਜੈਕਟਾਂ ਖਰੀਦੀਆਂ ਸਨ। ਇਹ ਦਿੱਲੀ ਤੋਂ ਲਿਆਂਦੀਆਂ ਗਈਆਂ ਸਨ। ਇਨ੍ਹਾਂ ਜੈਕਟਾਂ ‘ਤੇ AKF ਦਾ ਨਿਸ਼ਾਨ ਵੀ ਬਣਿਆ ਹੋਇਆ ਸੀ।

ਇਸ ਦੇ ਨਾਲ ਹੀ ਗ੍ਰਹਿ ਮੰਤਰਾਲਾ ਦੇਸ਼ ਭਰ ‘ਚ ਫੈਲੇ ਅੰਮ੍ਰਿਤਪਾਲ ਦੇ ਨੈੱਟਵਰਕ ‘ਤੇ ਇੱਕੋ ਸਮੇਂ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਦੇ ਸਮਰਥਕ 9 ਰਾਜਾਂ ‘ਚ ਹਨ। ਇਸ ਲਈ ਇਨ੍ਹਾਂ ਰਾਜਾਂ ਦੀ ਪੁਲਿਸ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਮੋਬਾਈਲ ਦੀ ਲੋਕੇਸ਼ਨ ਟਰੇਸ ਕਰ ਲਈ ਗਈ ਹੈ।

ਅੰਮ੍ਰਿਤਪਾਲ ਅਤੇ ਉਸ ਦੇ ਸਾਰੇ ਸਮਰਥਕਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਜੇਲ੍ਹਾਂ ‘ਚ ਤਬਦੀਲ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। NIA ਅਤੇ ਪੰਜਾਬ ਪੁਲਿਸ ਨੇ ਮਿਲ ਕੇ ਦੇਸ਼ ਦੀਆਂ 13 ਜੇਲ੍ਹਾਂ ਦੀ ਸ਼ਨਾਖਤ ਕੀਤੀ ਹੈ, ਜੋ ਪੰਜਾਬ ਤੋਂ ਸੈਂਕੜੇ ਕਿਲੋਮੀਟਰ ਦੂਰ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਜੇਲ੍ਹਾਂ ਦੇਸ਼ ਦੇ ਦੱਖਣੀ ਹਿੱਸੇ ‘ਚ ਹਨ। ਅਜਿਹਾ ਇਸ ਲਈ ਕੀਤਾ ਜਾਵੇਗਾ ਤਾਂ ਜੋ ਪੰਜਾਬ ਦਾ ਮਾਹੌਲ ਤਣਾਅਪੂਰਨ ਨਾ ਹੋਵੇ ਅਤੇ ਅੰਮ੍ਰਿਤਪਾਲ ਸਿੰਘ ਦਾ ਨੈੱਟਵਰਕ ਪੂਰੀ ਤਰ੍ਹਾਂ ਤੋੜਿਆ ਜਾ ਸਕੇ।