ਜਲੰਧਰ ‘ਚ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਬੁੱਧਵਾਰ ਨੂੰ

0
332

ਜਲੰਧਰ | ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਵੱਲੋਂ 23 ਅਗਸਤ 2023 ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਰੋਜ਼ਗਾਰ ਲਈ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ।

ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਣਜੀਤ ਕੌਰ ਨੇ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋਣ ਵਾਲੇ ਇਸ ਪਲੇਸਮੈਂਟ ਕੈਂਪ ਵਿੱਚ ਐਲ.ਆਈ.ਸੀ., ਭਾਰਤੀ ਏਅਰਟੈੱਲ, ਟੀਮ ਲੀਜ਼ (ਐਸ.ਬੀ.ਆਈ. ਕ੍ਰੈਡਿਟ ਕਾਰਡ) ਅਤੇ ਫਲਿੱਪ ਕਾਰਟ ਵਰਗੀਆਂ ਨਾਮ ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 10ਵੀਂ, 12ਵੀਂ ਅਤੇ ਗ੍ਰੈਜੂਏਸ਼ਨ ਵਿੱਦਿਅਕ ਯੋਗਤਾ ਵਾਲੇ ਉਮੀਦਵਾਰ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ।

ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਨੇ ਕਿਹਾ ਕਿ ਡੀ.ਬੀ.ਈ.ਈ. ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਸਮੇਂ-ਸਮੇਂ ’ਤੇ ਪਲੇਸਮੈਂਟ ਕੈਂਪ, ਸਵੈ-ਰੋਜ਼ਗਾਰ ਕੈਂਪ ਲਗਾ ਕੇ ਨੌਜਵਾਨਾਂ ਦੀ ਰੋਜ਼ਗਾਰ ਪ੍ਰਾਪਤੀ ਵਿੱਚ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਉਕਤ ਪਲੇਸਮੈਂਟ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਬਿਊਰੋ ਦੇ ਦਫ਼ਤਰ ਵਿਖੇ ਲਗਾਇਆ ਜਾ ਰਿਹਾ ਹੈ। ਨੌਜਵਾਨਾਂ ਨੂੰ ਪਲੇਸਮੈਂਟ ਕੈਂਪ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਹੈਲਪਲਾਈਨ ਨੰਬਰ 90569-20100 ’ਤੇ ਸੰਪਰਕ ਕਰ ਸਕਦੇ ਹਨ।