ਪਟਿਆਲਾ ਡਿਵੈੱਲਪਮੈਂਟ ਅਥਾਰਟੀ ਵਲੋਂ 220 ਪ੍ਰਮੁੱਖ ਰਿਹਾਇਸ਼ੀ ਤੇ ਵਪਾਰਕ ਜਾਇਦਾਦਾਂ ਲਈ ਈ-ਨਿਲਾਮੀ ਸ਼ੁਰੂ

0
332

ਚੰਡੀਗੜ੍ਹ | ਪਟਿਆਲਾ ਡਿਵੈੱਲਪਮੈਂਟ ਅਥਾਰਟੀ (ਪੀ.ਡੀ.ਏ.) ਵੱਲੋਂ ਅੱਜ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਖੇਤਰਾਂ ਵਿੱਚ ਸਥਿਤ ਰਿਹਾਇਸ਼ੀ ਅਤੇ ਕਮਰਸ਼ੀਅਲ ਜਾਇਦਾਦਾਂ ਦੀ ਈ-ਨਿਲਾਮੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਈ-ਨਿਲਾਮੀ 16 ਦਸੰਬਰ, 2022 ਨੂੰ ਦੁਪਹਿਰ 1 ਵਜੇ ਸਮਾਪਤ ਹੋਵੇਗੀ।

ਈ-ਨਿਲਾਮੀ ਬਾਰੇ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕੁੱਲ 220 ਜਾਇਦਾਦਾਂ ਬੋਲੀ ਲਈ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਨਿਲਾਮੀ ਲਈ ਰੱਖੀਆਂ ਗਈਆਂ ਸਾਈਟਾਂ ਪਟਿਆਲਾ, ਸੰਗਰੂਰ, ਨਾਭਾ ਅਤੇ ਅਮਰਗੜ੍ਹ ਵਿੱਚ ਸਥਿਤ ਹਨ ਅਤੇ ਇਹ ਸਾਈਟਾਂ ਰਹਿਣ ਜਾਂ ਕਾਰੋਬਾਰ ਸ਼ੁਰੂ ਕਰਨ ਲਈ ਬਿਹਤਰੀਨ ਹਨ।

ਬੋਲੀ ਲਈ ਉਪਲੱਬਧ ਰਿਹਾਇਸ਼ੀ ਜਾਇਦਾਦਾਂ ਵਿੱਚ 90 ਪਲਾਟ ਸ਼ਾਮਲ ਹਨ, ਜਿਨ੍ਹਾਂ ਵਿੱਚ ਸਭ ਤੋਂ ਘੱਟ ਕੀਮਤ ਵਾਲੀ ਜਾਇਦਾਦ ਦੀ ਰਾਖਵੀਂ ਕੀਮਤ 15.03 ਲੱਖ ਰੁਪਏ ਹੈ। ਇਸ ਦੇ ਨਾਲ ਹੀ, ਬੋਲੀ ਲਈ ਉਪਲਬਧ ਵਪਾਰਕ ਜਾਇਦਾਦਾਂ ਵਿੱਚ 43 ਬੂਥ, 40 ਦੁਕਾਨਾਂ, 21 ਐਸ.ਸੀ.ਓ., 24 ਦੋ ਮੰਜਲੀ ਦੁਕਾਨਾਂ ਅਤੇ 2 ਐਸ.ਸੀ.ਐਫ. ਸ਼ਾਮਲ ਹਨ। ਬੁਲਾਰੇ ਨੇ ਦੱਸਿਆ ਕਿ ਵਪਾਰਕ ਜਾਇਦਾਦਾਂ ਲਈ ਸ਼ੁਰੂਆਤੀ ਕੀਮਤ 17.79 ਲੱਖ ਰੁਪਏ ਹੋਵੇਗੀ। ਬੁਲਾਰੇ ਨੇ ਦੱਸਿਆ ਕਿ ਇੱਛੁਕ ਬੋਲੀਕਾਰਾਂ ਨੂੰ ਨਿਯਮਾਂ ਤੇ ਸ਼ਰਤਾਂ ਬਾਰੇ ਵਿਸਤ੍ਰਿਤ ਜਾਣਕਾਰੀ ਦੇ ਨਾਲ ਨਾਲ ਬੋਲੀ ਲਗਾਉਣ ਲਈ ਈ-ਨਿਲਾਮੀ ਪੋਰਟਲ www.puda.e-auctions.in ‘ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ।