ਪਟਵਾਰੀ ਨੇ 21 ਸਾਲਾਂ ‘ਚ 54 ਥਾਵਾਂ ’ਤੇ ਖਰੀਦੀ 55 ਏਕੜ ਜ਼ਮੀਨ, ਜਾਂਚ ਸ਼ੁਰੂ

0
999

ਸੰਗਰੂਰ| ਸਥਾਨਕ ਸ਼ਹਿਰ ਦੇ ਹਲਕਾ ਖਨੌਰੀ ਵਿਚ ਤਾਇਨਾਤ ਪਟਵਾਰੀ ਬਾਰੇ ਅਹਿਮ ਖੁਲਾਸਾ ਹੋਇਆ ਹੈ। ਦਰਅਸਲ ਇਹ ਗੱਲ ਸਾਹਮਣੇ ਆਈ ਹੈ ਕਿ ਬਲਕਾਰ ਸਿੰਘ ਨੇ 21 ਸਾਲਾਂ ਦੀ ਨੌਕਰੀ ਦੌਰਾਨ 54 ਥਾਵਾਂ ’ਤੇ 55 ਏਕੜ ਜ਼ਮੀਨ ਖਰੀਦੀ। ਖਨੌਰੀ ‘ਚ ਸੁਦਰਸ਼ਨ ਰਾਏ ਨਾਲ ਧੋਖਾਦੇਹੀ ਦੇ ਮਾਮਲੇ ਦੀ ਜਾਂਚ ਦੌਰਾਨ ਬਲਕਾਰ ਸਿੰਘ ਵੱਲੋਂ ਵੱਖ-ਵੱਖ ਥਾਵਾਂ ‘ਤੇ ਭ੍ਰਿਸ਼ਟਾਚਾਰ ਰਾਹੀਂ ਖਰੀਦੀ ਗਈ ਜ਼ਮੀਨ ਬਾਰੇ ਜਾਣਕਾਰੀ ਮਿਲੀ ਸੀ। 

ਬਲਕਾਰ ਸਿੰਘ ਨੇ ਸੰਗਰੂਰ ਦੇ ਪਿੰਡ ਢੀਂਡਸਾ ਵਿਚ ਸਭ ਤੋਂ ਵੱਧ ਜ਼ਮੀਨ ਖਰੀਦੀ ਹੈ। ਇਸ ਤੋਂ ਇਲਾਵਾ ਭੁਟਾਲ ਕਲਾਂ, ਜਲੂਰ, ਗੁਜਰਾਂ, ਬਲਰਾਣ, ਕਲੀਪੁਰ, ਹਮੀਰਗੜ੍ਹ, ਮਕੜ ਸਾਹਿਬ, ਰੋਡੇਵਾਲ, ਘੋੜੇਨਬ, ਭੁਟਾਲ ਖੁਰਦ ਵਿੱਚ ਵੀ ਜ਼ਮੀਨਾਂ ਖਰੀਦੀਆਂ ਗਈਆਂ ਹਨ। ਵਿਜੀਲੈਂਸ ਨੇ 54 ਥਾਵਾਂ ‘ਤੇ ਜ਼ਮੀਨਾਂ ਦੀ ਖਰੀਦ ਦਾ ਪਤਾ ਲਗਾਇਆ ਹੈ, ਕੁਝ ਹੋਰ ਜ਼ਮੀਨਾਂ ਦਾ ਪਤਾ ਲਗਾਉਣਾ ਬਾਕੀ ਹੈ। 

ਖਨੌਰੀ ਨਿਵਾਸੀ ਸੁਦਰਸ਼ਨ ਰਾਏ ਨਾਲ ਹੋਈ ਧੋਖਾਧੜੀ ਤੋਂ ਬਾਅਦ ਬਲਕਾਰ ਸਿੰਘ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਇਆ। ਖਨੌਰੀ ਵਿਚ ਸੁਦਰਸ਼ਨ ਦੇ ਨਾਂ ’ਤੇ 14 ਕਨਾਲ 11 ਮਰਲੇ ਜ਼ਮੀਨ ਸੀ। ਪਰਿਵਾਰ ਦਿੱਲੀ ਸ਼ਿਫਟ ਹੋ ਗਿਆ ਸੀ। ਘੱਗਰ ਦਰਿਆ ਨੂੰ ਚੌੜਾ ਕਰਨ ਲਈ ਉਸ ਦੀ ਜ਼ਮੀਨ ਵਿਚੋਂ 2 ਕਨਾਲ 12 ਮਰਲੇ ਜ਼ਮੀਨ ਸਰਕਾਰ ਨੇ ਐਕੁਆਇਰ ਕੀਤੀ ਸੀ। ਬਾਕੀ 11 ਕਨਾਲ 19 ਮਰਲੇ ਜ਼ਮੀਨ ਖਨੌਰੀ ਸ਼ਹਿਰ ਵਿਚ ਪੈਂਦੀ ਸੀ। 

ਦੋਸ਼ ਹੈ ਕਿ ਇਸ ਨੂੰ ਹੜੱਪਣ ਲਈ ਦੀਪਕ ਰਾਜ, ਪਟਵਾਰੀ ਬਲਕਾਰ ਸਿੰਘ, ਦਰਸ਼ਨ ਸਿੰਘ ਫੀਲਡ ਕਾਨੂੰਗੋ ਅਤੇ ਤਹਿਸੀਲਦਾਰ ਮੂਨਕ ਵਿਪਨ ਭੰਡਾਰੀ ਨੇ ਹੱਥ ਮਿਲਾਇਆ। ਪੂਰੀ ਖੇਡ 2018 ਵਿਚ ਖੇਡੀ ਗਈ ਸੀ। ਜਾਅਲੀ ਵਸੀਅਤ ਤਿਆਰ ਕਰਕੇ ਦੀਪਕ ਰਾਜ ਦੇ ਨਾਂ ‘ਤੇ ਜ਼ਮੀਨ ਤਬਦੀਲ ਕਰ ਦਿੱਤੀ ਗਈ। ਪੂਰੇ ਪਰਿਵਾਰ ਦੇ ਫਰਜ਼ੀ ਬਿਆਨ ਦਿੱਤੇ ਗਏ। ਸੁਦਰਸ਼ਨ ਨੇ ਸ਼ਿਕਾਇਤ ਕੀਤੀ ਤਾਂ ਜਾਂਚ ਤੋਂ ਬਾਅਦ ਪਟਵਾਰੀ ਬਲਕਾਰ ਦੀ ਸਾਰੀ ਖੇਡ ਦਾ ਪਰਦਾਫਾਸ਼ ਹੋ ਗਿਆ।