PU ਦੇ ਸੁਪਰਵਾਈਜ਼ਰ ਨੇ ਨਿਊਜ਼ੀਲੈਂਡ ਰਹਿੰਦੇ ਪੁੱਤ ਤੇ ਗੁਆਂਢਣ ਦੀ ਫਰਜ਼ੀ ਹਾਜ਼ਰੀ ਲਾ ਕੇ 6 ਸਾਲ ਲਈ ਤਨਖਾਹ, ਹੁਣ ਚੜ੍ਹਿਆ ਹੱਥੇ

0
1643

ਪਟਿਆਲਾ| ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੁਰੱਖਿਆ ਵਿਭਾਗ ਵਿੱਚ ਠੇਕੇ ’ਤੇ ਸੁਰੱਖਿਆ ਨਿਗਰਾਨ ਵਜੋਂ ਤਾਇਨਾਤ ਇੱਕ ਮੁਲਾਜ਼ਮ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਬਰਖ਼ਾਸਤ ਕਰ ਦਿੱਤਾ ਗਿਆ ਹੈ। ਰੁਪਿੰਦਰ ਸਿੰਘ ਨਾਂ ਦੇ ਇਸ ਮੁਲਾਜ਼ਮ ’ਤੇ ਆਪਣੇ ਪੁੱਤ ਸਣੇ ਦੋ ਲੋਕਾਂ ਦੀ ਫਰਜ਼ੀ ਹਾਜ਼ਰੀ ਲਾ ਕੇ ਉਨ੍ਹਾਂ ਦੇ ਨਾਂ ‘ਤੇ ਤਨਖਾਹ ਲੈਣ ਦਾ ਦੋਸ਼ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਵਿੱਚ ਰੁਪਿੰਦਰ ਸਿੰਘ ਖਿਲਾਫ ਦੋਸ਼ ਸਾਬਤ ਹੋਏ ਹਨ।

ਜਿਨ੍ਹਾਂ ਦੋ ਲੋਕਾਂ ਦੀ ਫਰਜ਼ੀ ਹਾਜ਼ਰੀ ਲਾ ਕੇ ਦੋਸ਼ੀ ਰੁਪਿੰਦਰ ਸਿੰਘ ਤਨਖਾਹ ਲੈ ਰਿਹਾ ਸੀ, ਉਨ੍ਹਾਂ ਵਿੱਚੋਂ ਇੱਕ ਇਸ ਮੁਲਾਜ਼ਮ ਦਾ ਆਪਣਾ ਪੁੱਤ ਹਰਪ੍ਰੀਤ ਸਿੰਘ ਹੈ, ਜੋ ਸਾਲ 2017 ਤੋਂ ਨਿਊਜ਼ੀਲੈਂਡ ਵਿੱਚ ਰਹਿ ਰਿਹਾ ਹੈ, ਪਰ ਦੋਸ਼ੀ ਨੇ ਆਪਣੇ ਪੁੱਤ ਦੀ ਫਰਜ਼ੀ ਹਾਜ਼ਰੀ ਰਾਹੀਂ ਉਸ ਨੂੰ ਸੁਰੱਖਿਆ ਸਟਾਫ ਦਾ ਕਾਂਟ੍ਰੈਕਟ ਕਰਮਚਾਰੀ ਵਿਖਾ ਕੇ ਸਾਲ 2015 ਤੋਂ 2021 ਤੱਕ ਉਸ ਦੀ ਤਨਖਾਹ ਹਾਸਲ ਕੀਤੀ। ਜਾਂਚ ਦੌਰਾਨ ਰੁਪਿੰਦਰ ਸਿੰਘ ਨੇ ਦੋਸ਼ ਸਵੀਕਾਰ ਕਰ ਲਿਆ ਹੈ।

ਦੂਜੇ ਮਾਮਲੇ ਵਿੱਚ ਰੁਪਿੰਦਰ ਸਿੰਘ ਨੇ ਆਪਣੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਔਰਤ ਕੁਲਦੀਪ ਕੌਰ ਦਾ ਨਾਂ ਵੀ ਸੁਰੱਖਿਆ ਸਟਾਫ ਦੀ ਠੇਕਾ ਮੁਲਾਜ਼ਮ ਵਜੋਂ ਇਸਤੇਮਾਲ ਕਰਦੇ ਹੋਏ ਉਸ ਦੀ ਫਰਜ਼ੀ ਹਾਜ਼ਰੀ ਲਾਈ ਅਤੇ ਸਾਲ 2019 ਤੋਂ 2021 ਤੱਕ ਤਨਖਾਹ ਲਈ। ਜਾਂਚ ਦੌਰਾਨ ਜਦੋਂ ਕੁਲਦੀਪ ਕੌਰ ਨਾਲ ਸੰਪਰਕ ਕੀਤਾ ਗਿਆ, ਤਾਂ ਸਾਹਮਣੇ ਆਇਆ ਕਿ ਉਹ ਘਰੇਲੂ ਕੰਮਕਾਜ ਕਰਨ ਵਾਲੀ ਔਰਤ ਹੈ। ਦੋਸ਼ੀ ਵੱਲੋਂ ਉਸ ਨੂੰ ਇਸ ਗਲਤ ਕੰਮ ਦੇ ਬਦਲੇ ਹਰ ਮਹੀਨੇ 1000 ਰੁਪਏ ਦਿੱਤੇ ਜਾਂਦੇ ਸੀ।

PU ਵਿੱਚ ਕਾਨੂੰਨ ਵਿਭਾਗ ਤੋਂ ਅਧਿਆਪਕ ਡਾ. ਮੋਨਿਕਾ ਆਹੂਜਾ ਨੇ ਦੱਸਿਆ ਕਿ ਉਨ੍ਹਾਂ ਸਣੇ ਤਿੰਨ ਮੈਂਬਰੀ ਕਮੇਟੀ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਹੈ। ਜਾਂਚ ਦੌਰਾਨ ਵੱਖ-ਵੱਖ ਸਬੂਤਾਂ ਨਾਲ ਜਦੋਂ ਪੁਖਤਾ ਜਾਣਕਾਰੀ ਉਸ ਦੇ ਸਾਹਮਣੇ ਰੱਖੀ ਗਈ ਤਾਂ ਉਸ ਨੇ ਆਪਣੇ ਜੁਰਮ ਨੂੰ ਮੰਨ ਲਿਆ। ਜਾਅਲੀ ਹਾਜ਼ਰੀ ਰਾਹੀਂ ਤਨਖਾਹ ਵਜੋਂ ਹਾਸਲ ਕੀਤੀ ਰਕਮ ਨੂੰ ਦੋਸ਼ੀ ਤੋਂ ਵਸੂਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵੀਸੀ ਪ੍ਰੋ. ਅਰਵਿੰਦ ਨੇ ਕਿਹਾ ਕਿ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ