ਪਟਿਆਲਾ, 09 ਸਤੰਬਰ | ਡੇਟਿੰਗ ਐਪ ਟਿੰਡਰ ਰਾਹੀਂ ਭੋਲੇ-ਭਾਲੇ ਨੌਜਵਾਨਾਂ ਨੂੰ ਮਿਲਣ ਦਾ ਝਾਂਸਾ ਦੇ ਕੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨ ਕੁਮਾਰ, ਸੁਰਿੰਦਰ ਸਿੰਘ ਉਰਫ ਸ਼ਿੰਦਾ ਅਤੇ ਜਗਪ੍ਰੀਤ ਸਿੰਘ ਉਰਫ ਪ੍ਰੀਤਾ ਵਾਸੀ ਪਿੰਡ ਰਾਮਪੁਰ ਛੰਨਾ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਇਸਦੀ ਪੁਸ਼ਟੀ ਕਰਦਿਆਂ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ ਕੋਲੋਂ ਇਕ ਪਿਸਟਲ 32 ਬੋਰ ਸਮੇਤ 4 ਰੌਂਦ, ਸੁੁਰਿੰਦਰ ਸਿੰਘ ਸ਼ਿੰਦਾ ਅਤੇ ਜਗਪ੍ਰੀਤ ਸਿੰਘ ਉਰਫ ਪ੍ਰੀਤਾ ਕੋਲੋਂ ਕਿਰਚਾਂ ਬਰਾਮਦ ਕੀਤੀਆਂ ਹਨ।
ਮੁਲਜ਼ਮਾਂ ਵੱਲੋਂ ਨਾਭਾ, ਮਾਲੇਰਕੋਟਲਾ, ਸੰਗਰੂਰ ਆਦਿ ਥਾਵਾਂ ’ਤੇ 25 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਸਾਰੇ ਕਤਲ ਕੇਸ ‘ਚ ਸਜ਼ਾਯਾਫਤਾ ਹਨ। ਕ੍ਰਿਸ਼ਨ ਕੁਮਾਰ ਹੁਣ ਵੀ ਸਾਲ 2023 ‘ਚ ਕੀਤੀ ਗਈ ਲੁੱਟ-ਖੋਹ ਦੇ ਕੇਸ ‘ਚੋਂ ਬਾਹਰ ਆਇਆ ਹੋਇਆ ਹੈ। ਮੁਲਜ਼ਮਾਂ ਨੇ ਫਿਲਮਾਂ ਤੇ ਵੈੱਬ ਸੀਰੀਜ਼ ਨੂੰ ਦੇਖ ਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਐਸਐਸਪੀ ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਕ੍ਰਿਸ਼ਨ ਕੁਮਾਰ, ਸੁਰਿਦਰ ਸਿੰਘ ਅਤੇ ਜਗਪ੍ਰੀਤ ਸਿੰਘ ਉਰਫ ਪ੍ਰੀਤਾ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਜਿਹੜੇ ਵੀ ਵਿਅਕਤੀ ਨਾਲ ਲੁੱਟ-ਖੋਹ ਕਰਦੇ ਹਨ, ਪਹਿਲਾਂ ਉਸ ਨਾਲ ਟਿੰਡਰ ਐਪ ਰਾਹੀਂ ਸੰਪਰਕ ਕਰਦੇ ਹਨ। ਇਸ ਐਪ ‘ਚ ਇਹ ਲੜਕੀ ਦੀ ਫੋਟੋ ਲਾ ਲੈਂਦੇ ਤੇ ਫਿਰ ਕਈ ਮੁੰਡੇ ਇਸ ਐਪ ਰਾਹੀਂ ਸੰਪਰਕ ਕਰਕੇ ਜਾਲ ਵਿਚ ਫਸ ਜਾਂਦੇ। ਐਪ ਰਾਹੀਂ ਹੀ ਚੈਟ ਵਗੈਰਾ ਕਰਦਿਆਂ ਸਾਰੀ ਜਾਣਕਾਰੀ ਹਾਸਲ ਕਰਦੇ ਰਹਿੰਦੇ ਸਨ। ਮੌਕਾ ਦੇਖ ਕੇ ਉਸ ਵਿਅਕਤੀ ਨੂੰ ਸੁੰਨਸਾਨ ਜਗ੍ਹਾ ‘ਤੇ ਬੁਲਾ ਕੇ ਲੁੱਟ-ਖੋਹ ਕਰਦੇ ਸਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਵਿਅਕਤੀ ਦੀ ਅਸ਼ਲੀਲ ਵੀਡੀਓ ਵੀ ਤਿਆਰ ਕਰਦੇ ਹਨ।