ਪਠਾਨਕੋਟ, 11 ਸਤੰਬਰ | ਪਠਾਨਕੋਟ ਦੇ ਥਾਣਾ ਨਰੋਟ ਜੈਮਲ ਸਿੰਘ ਦੀ ਪੁਲਿਸ ਨੂੰ ਨਾਜਾਇਜ਼ ਸ਼ਰਾਬ ਬਣਾਉਣ ਦੀ ਸੂਚਨਾ ਮਿਲੀ ਤਾਂ 3 ਪੁਲਿਸ ਮੁਲਾਜ਼ਮ ਬਾਰਡਰ ਏਰੀਏ ਦੇ ਪਿੰਡ ਖਰਕੜਾ ਵਿਚ ਛਾਪਾ ਮਾਰਨ ਗਏ। ਉਥੇ ਪਿੰਡ ਵਾਲਿਆਂ ਨੇ 3 ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ, ਇਸ ਤੋਂ ਬਾਅਦ ਇਕ ਨੂੰ ਬੰਧਕ ਬਣਾ ਲਿਆ। ਉਸ ਨੂੰ 2 ਘੰਟਿਆਂ ਬਾਅਦ 20 ਮੈਂਬਰੀ ਸਵੈਤ ਟੀਮ ਤੇ ਕਠੂਆ ਪੁਲਿਸ ਨੇ ਛੁਡਵਾਇਆ। ਜ਼ਖਮੀ ਹਾਲਤ ਵਿਚ ਤਿੰਨੋਂ ਪੁਲਿਸ ਮੁਲਾਜ਼ਮਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਮਲਾ ਕਰਨ ਵਾਲੇ 4 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਅੰਬੀ ਖਰਕੜਾ ਪਿੰਡ ਕੋਲ ਨਸ਼ਾ ਤਸਕਰ ਪਿੰਡ ਦੇ ਰਸਤੇ ਸ਼ਰਾਬ ਵੇਚਣ ਦੀ ਯੋਜਨਾ ਬਣਾ ਰਹੇ ਹਨ। ਖੇਤਾਂ ਵਿਚ ਇਕ ਘਰ ਵਿਚ ਪੁਲਿਸ ਨੇ ਛਾਪਾ ਮਾਰਿਆ ਤਾਂ ਪਿੰਡ ਦੇ ਲੋਕਾਂ ਨੇ ਹਮਲਾ ਕਰ ਦਿੱਤਾ।