ਗ਼ਦਰੀ ਬਾਬਿਆਂ ਦੇ ਮੇਲੇ ਦੌਰਾਨ ਪਰਗਟ ਸਿੰਘ ਨੇ ਕੀਤੀ ਸ਼ਿਰਕਤ

0
27748

ਜਲੰਧਰ | ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ, ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਨੇ ਅੱਜ ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ੁਰੂ ਹੋਏ ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਉਚੇਚੇ ਤੌਰ ਉਤੇ ਸ਼ਿਰਕਤ ਕੀਤੀ।

ਪਰਗਟ ਸਿੰਘ ਨੇ ਪੁਸਤਕ ਪ੍ਰਦਰਸ਼ਨੀ ਵਿੱਚ ਸਟਾਲਾਂ ਉਤੇ ਜਾ ਕੇ ਕੁੱਝ ਕਿਤਾਬਾਂ ਵੀ ਖਰੀਦੀਆਂ। ਇਨ੍ਹਾਂ ਵਿੱਚ ਨੌਜਵਾਨਾਂ ਦੇ ਆਦਰਸ਼ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜੀਵਨ ਸੰਘਰਸ਼ ਤੇ ਵਿਚਾਰ, ਦੂਰਅੰਦੇਸ਼ੀ ਸਿਆਸਤਦਾਨ ਅਤੇ ਆਧੁਨਿਕ ਪੰਜਾਬ ਦੇ ਨਿਰਮਾਤਾ ਪਰਤਾਪ ਸਿੰਘ ਕੈਰੋਂ ਦੀ ਜੀਵਨੀ ਅਤੇ ਹੋਰ ਕਿਤਾਬਾਂ ਸ਼ਾਮਲ ਸਨ।ਇਸ ਮੌਕੇ ਪਰਗਟ ਸਿੰਘ ਨੇ ਜਿੱਥੇ ਨੌਜਵਾਨ ਬੱਚੇ-ਬੱਚੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਵਿਚਾਰ ਸੁਣੇ, ਉੱਥੇ ਪ੍ਰਕਾਸ਼ਕਾਂ ਕੋਲੋਂ ਵੀ ਫੀਡਬੈਕ ਹਾਸਲ ਕੀਤੀ।

ਪਰਗਟ ਸਿੰਘ ਨੇ ਕਿਹਾ ਕਿ ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਇਹ ਵੇਖ ਕੇ ਖੁਸ਼ੀ ਹੋਈ ਕਿ ਸਾਡਾ ਨੌਜਵਾਨ ਚੇਤੰਨ ਹੈ ਅਤੇ ਮਹਾਨ ਸ਼ਹੀਦਾਂ ਦੀ ਸੋਚ ਉਤੇ ਪਹਿਰਾ ਦੇਣ ਲਈ ਦ੍ਰਿੜ ਹੈ। ਪੁਸਤਕ ਪ੍ਰਦਰਸ਼ਨ ਰਾਹੀਂ ਪਾਠਕਾਂ ਨੂੰ ਆਪਣੇ ਪਸੰਦ ਦੀਆਂ ਪੁਸਤਕਾਂ ਪੜ੍ਹਨ ਲਈ ਮਿਲਦੀਆਂ ਹਨ। ਨੌਜਵਾਨਾਂ ਨੂੰ ਪੁਸਤਕ ਸੱਭਿਆਚਾਰ ਨਾਲ ਜੁੜਨ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਖਸ਼ੀਅਤ ਉਸਾਰੀ ਵਿੱਚ ਸਾਹਿਤ ਦਾ ਅਹਿਮ ਰੋਲ ਹੈ ਕਿਉਂਕਿ ਕਿਤਾਬਾਂ ਗਿਆਨ ਦਾ ਭੰਡਾਰ ਹਨ।

ਇਸ ਮੌਕੇ ਕੈਬਨਿਟ ਮੰਤਰੀ ਨੇ ਭਾਸ਼ਾ ਵਿਭਾਗ ਦੇ ਸਟਾਲ ਉਤੇ ਵੀ ਗੇੜਾ ਲਾਇਆ। ਉਨ੍ਹਾਂ ਪਾਠਕਾਂ ਤੇ ਸਾਹਿਤ ਪ੍ਰੇਮੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਅਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਭਾਸ਼ਾ ਵਿਭਾਗ ਨੂੰ ਹੋਰ ਵੀ ਤਕੜਾ ਕੀਤਾ ਜਾਵੇਗਾ ਅਤੇ ਨਵੀਆਂ ਕਿਤਾਬਾਂ ਛਾਪੀਆਂ ਜਾਣਗੀਆਂ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਬਲੀਕੇਸ਼ਨ ਬਿਊਰੋ ਦੀ ਸਟਾਲ ਵੀ ਦੇਖੀ।

ਪਰਗਟ ਸਿੰਘ ਨੇ ਇਸ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਬਣਾਏ ਮਿਊਜ਼ੀਅਮ ਨੂੰ ਵੀ ਦੇਖਿਆ। ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਪ੍ਰਬੰਧਕ ਗੁਰਮੀਤ ਸਿੰਘ ਸਮੇਤ ਕਈ ਸਾਹਿਤਕਾਰਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ।