ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਉਹਨਾਂ ਦੀ ਰਿਹਾਇਸ਼ ’ਤੇ ਮਿਲਣ ਆਏ ਪੈਰਾ ਓਲੰਪੀਅਨਜ਼ ਨਾਲ ਧੱਕੇਸ਼ਾਹੀ ਅਤੇ ਬਦਸਲੂਕੀ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ ਇਹ ਪੈਰਾ ਓਲੰਪੀਅਨਜ਼ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕਰਨ ਵਾਸਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਾ ਚਾਹੁੰਦੇ। ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਪੈਰਾ ਓਲੰਪੀਅਨਜ਼ ਲਈ ਖੇਡ ਨੀਤੀ ਲਿਆਉਣ ਵਿਚ ਫੇਲ੍ਹ ਹੋਏ ਹਨ ਤੇ ਕੀਤੇ ਵਾਅਦੇ ਮੁਤਾਬਕ ਇਹਨਾਂ ਨੂੰ ਨੌਕਰੀਆਂ ਵੀ ਨਹੀਂ ਦੇ ਸਕੇ ਉਹਨਾਂ ਕਿਹਾ ਕਿ ਆਪ ਸਰਕਾਰ ਦੇ ਢਿੱਲੇ ਰਵੱਈਏ ਕਾਰਨ ਇਹ ਖਿਡਾਰੀ ਆਪਣੇ ਮੈਡਲ ਸੜਕਾਂ ’ਤੇ ਸੁੱਟਣ ਲਈ ਮਜਬੂਰ ਹੋਏ ਹਨ। ਡਾ. ਚੀਮਾ ਨੇ ਕਿਹਾ ਕਿ ਆਪ ਸਰਕਾਰ ਦੀ ਪੈਰਾ ਓਲੰਪੀਅਨਜ਼ ਪ੍ਰਤੀ ਸੰਜੀਦਗੀ ਇਸ ਗੱਲ ਤੋਂ ਵੀ ਜ਼ਾਹਰ ਹੁੰਦੀ ਹੈ ਕਿ ਸੂਬਾਈ ਪੈਰਾ ਗੇਮਜ਼ ਤੈਅ ਪ੍ਰੋਗਰਾਮ ਅਨੁਸਾਰ ਨਹੀਂ ਹੋ ਸਕੀਆਂ।
ਉਹਨਾਂ ਕਿਹਾ ਕਿ ਹੁਣ ਵੀ ਖਿਡਾਰੀ ਇਸ ਕਰਕੇ ਚੰਡੀਗੜ੍ਹ ਆੲ ਸਨ ਕਿਉਂਕਿ ਆਪ ਸਰਕਾਰ ਨੇ ਉਹਨਾਂ ਨੂੰ ਸਮਾਂ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਬਜਾਏ ਉਹਨਾਂ ਦੀਆਂ ਸ਼ਿਕਾਇਤਾਂ ਸੁਣਨ ਤੇ ਉਹਨਾਂ ਨੂੰ ਹੱਲ ਕਰਨ ਦੇ ਆਮ ਆਦਮੀ ਪਾਰਟੀ ਸਰਕਾਰ ਨੇ ਧੱਕੇਸ਼ਾਹੀ ਨਾਲ ਉਹਨਾਂ ਦੀਆਂ ਮੰਗਾਂ ਕੁਚਲਣ ਦਾ ਯਤਨ ਕੀਤਾ ਹੈ।ਉਹਨਾਂ ਨੇ ਪੈਰਾ ਓਲੰਪੀਅਨਜ਼ ਨੂੰ ਪੂਰੀ ਹਮਾਇਤ ਦਾ ਭਰੋਸਾ ਦੁਆਉਂਦਿਆਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਕਾਲੀ ਦਲ ਉਹਨਾਂ ਦਾ ਮਾਮਲਾ ਜਬਰੀ ਚੁੱਕੇਗਾ ਅਤੇ ਉਹਨਾਂ ਨੂੰ ਨਿਆਂ ਮਿਲਣਾ ਯਕੀਨੀ ਬਣਾਏਗਾ।