ਪਾਵਰਕੌਮ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਦੇ ਨੋਟਿਸ

0
866

ਚੰਡੀਗੜ੍ਹ | ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਪਾਵਰਕੌਮ) ਆਪਣੇ ਮੁਲਾਜ਼ਮਾਂ ਨੂੰ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ।

ਖਬਰ ਮਿਲੀ ਹੈ ਕਿ 700 ਪੈਸਕੋ ਮੁਲਾਜ਼ਮਾਂ ਦੀ ਨੌਕਰੀ ਜਾ ਸਕਦੀ ਹੈ। ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਦੇ ਨੋਟਿਸ ਦਿੱਤੇ ਜਾ ਰਹੇ ਹਨ। ਪਾਵਰਕੌਮ ਦੀ ਕਾਰਵਾਈ ਮਗਰੋਂ ਮੁਲਾਜ਼ਮਾਂ ਵਿੱਚ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਕਹਿਰ ਵਿੱਚ ਨੌਕਰੀ ਖੋਹ ਕੇ ਸਰਕਾਰ ਉਨ੍ਹਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਰਹੀ ਹੈ।

ਦੱਸ ਦਈਏ ਕਿ ਪਾਵਰਕੌਮ ’ਚ 2,951 ਪੈਸਕੋ ਮੁਲਾਜ਼ਮ ਵੱਖ-ਵੱਖ ਖੇਤਰਾਂ ’ਚ ਕੰਮ ਕਰ ਰਹੇ ਹਨ। ਇਹ ਮੁਲਾਜ਼ਮ ਟੈਕਨੀਕਲ, ਫੀਲਡ ਤੇ ਦਫਤਰੀ ਕੰਮ ਦੇਖ ਰਹੇ ਹਨ। ਇਸ ਤੋਂ ਇਲਾਵਾ ਸਕਿਉਰਿਟੀ ਗਾਰਡ ਵਜੋਂ ਵੀ ਤਾਇਨਾਤ ਹਨ। ਪਾਵਰਕੌਮ ਨੇ ਪਹਿਲੀ ਨਵੰਬਰ, 2020 ਤੱਕ 15 ਤੋਂ 25 ਫ਼ੀਸਦ ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਫ਼ੈਸਲਾ ਲਿਆ ਸੀ। ਅਜਿਹੇ ਹੁਕਮਾਂ ਤਹਿਤ ਪਹਿਲੇ ਗੇੜ ’ਚ 60 ਸਾਲ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਨੂੰ ਘਰ ਤੋਰਿਆ ਜਾਵੇਗਾ। ਪਾਵਰਕੌਮ ਦੇ ਸਾਰੇ ਡਾਇਰੈਕਟਰਾਂ ਵੱਲੋਂ ਪੈਸਕੋ ਆਧਾਰਤ ਸਾਲਾਂ ਤੋਂ ਤਾਇਨਾਤ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਹਨ।

ਮੁਲਾਜ਼ਮਾਂ ਦੀ ਛਾਂਟੀ ਦਾ ਫ਼ੈਸਲਾ ਪਿਛਲੇ ਮਹੀਨੇ 22 ਤਰੀਕ ਨੂੰ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ’ਚ ਲਿਆ ਗਿਆ ਸੀ ਤੇ ਇਸ ਫ਼ੈਸਲੇ ਦੀ ਲੋਅ ’ਚ ਪਾਵਰਕੌਮ ਦੇ ਸੀਐਮਡੀ ਏ. ਵੇਣੂ ਪ੍ਰਸਾਦ ਵੱਲੋਂ ਪਿਛਲੇ ਮਹੀਨੇ ਸਮੂਹ ਡਾਇਰੈਕਟਰਾਂ ਨੂੰ ਛਾਂਟੀ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ। ਮੁਲਾਜ਼ਮਾਂ ਦੀ ਛਾਂਟੀ ਪਹਿਲੀ ਨਵੰਬਰ ਤੱਕ ਹੋਣੀ ਤੈਅ ਕੀਤੀ ਗਈ ਸੀ।

ਇਸ ਫ਼ੈਸਲੇ ਤਹਿਤ ਅਦਾਰੇ ’ਚ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਜ਼ਰੀਏ ਤਾਇਨਾਤ ਮੁਲਾਜ਼ਮਾਂ ਦੀ 15 ਤੋਂ 25 ਫ਼ੀਸਦ ਤੱਕ ਛਾਂਟੀ ਨੂੰ ਅਮਲੀ ਰੂਪ ਦਿੱਤੇ ਜਾਣ ਦੀਆਂ ਹਦਾਇਤਾਂ ਸਨ। ਸੂਤਰਾਂ ਮੁਤਾਬਕ ਪਾਵਰਕੌਮ ਵੱਲੋਂ 25 ਫ਼ੀਸਦ ਤੱਕ ਮੁਲਾਜ਼ਮਾਂ ਨੂੰ ਛਾਂਟੀ ਦੇ ਘੇਰੇ ’ਚ ਲੈਂਦਿਆਂ ਛਾਂਟੀ ਕਰਨ ਦੇ ਨੋਟਿਸ ਦੇਣ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ।