ਨੂਰਮਹਿਲ | ਇਥੋਂ ਇਕ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਤਾਜ਼ਾ ਮਾਮਲਾ ਨੂਰਮਹਿਲ ਤੋਂ ਸਾਹਮਣੇ ਆਇਆ ਹੈ, ਜਿਥੇ ਲੁਟੇਰਿਆਂ ਨੇ ਇਕ ਵਪਾਰੀ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਸਮੇਤ ਸੋਨੇ ਦੇ ਗਹਿਣੇ ਲੁੱਟ ਲਏ। ਜਾਣਕਾਰੀ ਮੁਤਾਬਕ ਬੀਤੇ ਦਿਨ ਦੋ ਮੋਟਰਸਾਈਕਲਾਂ ’ਤੇ ਸਵਾਰ 4 ਲੁਟੇਰੇ ਮੁਹੱਲਾ ਪਾਸੀਆਂ ਦੇ ਵਸਨੀਕ ਭਾਂਡਿਆਂ ਦੇ ਵਪਾਰੀ ਸ਼ਸ਼ੀ ਭੂਸ਼ਣ ਪਾਸੀ ਦੇ ਘਰੋਂ ਉਸ ਦੇ ਪਿਤਾ ਰਮੇਸ਼ ਕੁਮਾਰ ਪਾਸੀ ਕੋਲੋਂ ਗੰਨ ਪੁਆਇੰਟ ’ਤੇ ਵੱਡੀ ਗਿਣਤੀ ’ਚ ਨਕਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਪਰਿਵਾਰ ਮੁਤਾਬਕ ਲੁਟੇਰੇ ਘਰ ਵਿਚੋਂ ਲਗਭਗ 15 ਲੱਖ ਦੀ ਨਕਦੀ ਅਤੇ 20 ਲੱਖ ਦੇ ਗਹਿਣੇ ਲੁੱਟ ਕੇ ਲੈ ਗਏ।
ਪੀੜਤ ਰਮੇਸ਼ ਕੁਮਾਰ ਪਾਸੀ ਨੇ ਦੱਸਿਆ ਕਿ ਵਾਰਦਾਤ ਵੇਲੇ ਉਹ ਅਤੇ ਗੁਆਂਢੀਆਂ ਦਾ ਇਕ 10-11 ਸਾਲ ਦਾ ਬੱਚਾ ਘਰ ਵਿਚ ਮੌਜੂਦ ਸੀ ਅਤੇ ਉਨ੍ਹਾਂ ਦਾ ਪੁੱਤਰ ਸ਼ਸ਼ੀ ਕੁਮਾਰ ਪਾਸੀ ਅਤੇ ਨੂੰਹ ਆਪਣੀ ਦੁਕਾਨ ’ਤੇ ਗਏ ਹੋਏ ਸਨ। 1.30 ਵਜੇ ਦੇ ਕਰੀਬ ਕਿਸੇ ਨੇ ਦਰਵਾਜ਼ਾ ਖੜ੍ਹਕਾਇਆ ਤਾਂ ਛੋਟੇ ਬੱਚੇ ਨੇ ਪੁੱਛਿਆ ਕਿ ਕੌਣ ਹੈ ਤਾਂ ਮੁਲਜ਼ਮਾਂ ਨੇ ਕਿਹਾ ਕਿ ਏ. ਸੀ. ਠੀਕ ਕਰਨ ਆਏ ਹਾਂ। ਬੱਚੇ ਨੇ ਦਰਵਾਜ਼ਾ ਖੋਲ੍ਹ ਦਿੱਤਾ। ਇਸ ਦੌਰਾਨ 4 ਵਿਅਕਤੀ ਅੰਦਰ ਆ ਗਏ ਅਤੇ ਦਰਵਾਜ਼ਾ ਬੰਦ ਕਰ ਦਿੱਤਾ। ਇਕ ਨੇ ਮੇਰੇ ਸਿਰ ’ਤੇ ਪਿਸਤੌਲ ਰੱਖੀ ਤੇ ਬਾਕੀਆਂ ਨੇ ਪੂਰੇ ਘਰ ਦੀ ਤਲਾਸ਼ੀ ਲਈ ਅਤੇ ਅਲਮਾਰੀਆਂ ਤੋੜ ਕੇ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ
ਪੁਲਿਸ ਦੇ ਉੱਚ ਅਧਿਕਾਰੀਆਂ ਮਨਪ੍ਰੀਤ ਸਿੰਘ ਢਿੱਲੋਂ ਐੱਸ. ਪੀ. ਡੀ. ਜਲੰਧਰ, ਹਰਜਿੰਦਰ ਸਿੰਘ ਡੀ. ਐੱਸ. ਪੀ. ਨਕੋਦਰ, ਗੁਰਿੰਦਰਜੀਤ ਸਿੰਘ ਨਾਗਰਾ ਥਾਣਾ ਮੁਖੀ ਨਕੋਦਰ ਸਦਰ, ਥਾਣਾ ਮੁਖੀ ਨੂਰਮਹਿਲ ਸੁਖਦੇਵ ਸਿੰਘ ਅਤੇ ਪੁਸ਼ਪ ਬਾਲੀ ਇੰਚਾਰਜ ਕ੍ਰਾਈਮ ਬਰਾਂਚ ਜਲੰਧਰ ਤੋਂ ਇਲਾਵਾ ਫਿੰਗਰ ਪ੍ਰਿੰਟ ਐਕਸਪਰਟਸ ਦੀ ਟੀਮ ਵੀ ਮੌਕੇ ’ਤੇ ਪਹੁੰਚੀ। ਐੱਸ. ਪੀ. ਡੀ. ਢਿੱਲੋਂ ਨੇ ਦੱਸਿਆ ਕਿ ਲੁਟੇਰੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਹਨ।
ਸ਼ਸ਼ੀ ਕੁਮਾਰ ਨੇ ਦੱਸਿਆ ਕਿ 2 ਵਜੇ ਦੇ ਕਰੀਬ ਮੈਂ ਘਰ ਆਇਆ ਤਾਂ ਵੇਖਿਆ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਘਰ ਦੇ ਬਾਹਰ ਬਿਨਾਂ ਨੰਬਰੀ 2 ਮੋਟਰਸਾਈਕਲ ਖੜ੍ਹੇ ਸਨ। ਉਨ੍ਹਾਂ ਦੱਸਿਆ ਕਿ ਮੇਰੇ ਬਹੁਤ ਵਾਰ ਦਰਵਾਜ਼ਾ ਖੜ੍ਹਕਾਉਣ ’ਤੇ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਮੈਂ 112 ਨੰਬਰ ’ਤੇ ਫੋਨ ਕਰਨ ਲੱਗਾ, ਇਸ ਦੌਰਾਨ ਮੇਰੇ ਸਾਹਮਣੇ 4 ਵਿਅਕਤੀ ਬਾਹਰ ਆਏ, ਜਿਨ੍ਹਾਂ ’ਚੋਂ 2 ਦੇ ਹੱਥਾਂ ਵਿਚ ਪਿਸਤੌਲ ਸਨ ਅਤੇ ਬਾਹਰ ਖੜ੍ਹੇ ਬਿਨਾਂ ਨੰਬਰੀ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਫਰਾਰ ਹੋ ਗਏ।